ਬਾਬਾ ਸਧਾਣਾ ਜੀ ਦੇ ਅਸਥਾਨਾਂ ’ਤੇ ਸਾਲਾਨਾ ਮੇਲਾ
ਪਿੰਡ ਦੀਵਾਲੀ ਵਿਖੇ ਸ਼ਹੀਦ ਬਾਬਾ ਸਧਾਣਾ ਦੇ ਅਸਥਾਨਾਂ 'ਤੇ ਮਨਾਇਆ ਸਲਾਨਾ ਮੇਲਾ
Publish Date: Thu, 19 Mar 2026 06:34 PM (IST)
Updated Date: Thu, 19 Mar 2026 06:37 PM (IST)

ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਪਿੰਡ ਦੀਵਾਲੀ ਵਿਖੇ ਗੁਰਦੁਆਰਾ ਸਾਹਿਬ ਧੰਨ-ਧੰਨ ਬਾਬਾ ਸਧਾਣਾ ਜੀ ਦੇ ਪਵਿੱਤਰ ਅਸਥਾਨਾਂ ਤੇ ਸਾਲਾਨਾ ਜੋੜ ਮੇਲਾ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਨੰਬਰਦਾਰ ਅਮਰੀਕ ਸਿੰਘ ਦੀਵਾਲੀ ਨੇ ਦੱਸਿਆ ਕਿ ਸਮਾਗਮ ਦੌਰਾਨ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਉਣ ਉਪਰੰਤ ਪੰਥ ਦੇ ਮਸ਼ਹੂਰ ਢਾਡੀ ਗਿਆਨੀ ਹਰਜਿੰਦਰ ਸਿੰਘ ਚੀਮਾ ਬੰਗਾ ਵਾਲਿਆਂ ਦੇ ਜੱਥੇ ਵੱਲੋਂ ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਸੰਗਤਾਂ ਨਾਲ ਸਾਂਝ ਪਾਈ ਗਈ ਤੇ ਪੰਥ ਦੀਆਂ ਸ਼ਖਸੀਅਤਾਂ ਦੀਆਂ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਦੀਵਾਨ ਦੌਰਾਨ ਵੱਡੀ ਗਿਣਤੀ ’ਚ ਇਲਾਕੇ ਦੀਆਂ ਸੰਗਤਾਂ ਨੇ ਗੁਰੂ ਘਰ ਵਿਖੇ ਹਾਜ਼ਰੀ ਭਰੀ ਤੇ ਇਤਿਹਾਸ ਸਰਵਣ ਕੀਤਾ। ਸਮਾਗਮ ਦੌਰਾਨ ਬਲਦਾਂ ਤੇ ਝੋਟਿਆਂ ਦੀਆਂ ਹਲਟ ਦੌੜਾਂ ਕਰਵਾਈਆਂ ਗਈਆਂ ਤੇ ਜੇਤੂ ਨੂੰ ਪਹਿਲਾਂ ਇਨਾਮ ਮੋਟਰਸਾਈਕਲ ਦਿੱਤਾ ਗਿਆ। ਇਸੇ ਤਰ੍ਹਾਂ ਪਹਿਲਵਾਨਾਂ ਦੇ ਕੁਸ਼ਤੀ ਦੰਗਲ ਕਰਵਾਏ ਗਏ ਜਿਸ ’ਚ ਜੇਤੂ ਨੂੰ ਪਹਿਲਾ ਇਨਾਮ ਮੋਟਰਸਾਈਕਲ ਦਿੱਤਾ ਗਿਆ। ਇਸ ਮੌਕੇ ਸਰਬਜੀਤ ਸਿੰਘ ਟੋਨੀ ਯੂਐੱਸਏ ਨੇ ਸਮੂਹ ਸੰਗਤਾਂ ਨੂੰ ਬਾਬਾ ਸਧਾਣਾ ਦੇ ਮੇਲੇ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਹੈੱਡ ਗ੍ਰੰਥੀ ਗਿਆਨੀ ਸਰੂਪ ਸਿੰਘ, ਬਲਵਿੰਦਰ ਸਿੰਘ ਧਾਰੀਵਾਲ ਪ੍ਰਧਾਨ, ਸਰਪੰਚ ਸੰਦੀਪ ਕੁਮਾਰ, ਕਰਨੈਲ ਸਿੰਘ ਚੀਮਾ, ਬਲਜੀਤ ਸਿੰਘ ਧਾਰੀਵਾਲ, ਸੁਰਜੀਤ ਸਿੰਘ ਔਜਲਾ, ਸੁਖਦੇਵ ਸਿੰਘ ਚੌਹਾਨ, ਭਾਈ ਦਵਿੰਦਰ ਸਿੰਘ ਸੋਢੀ, ਨਰਿੰਦਰ ਸਿੰਘ ਧਾਰੀਵਾਲ, ਸੁਖਵਿੰਦਰ ਸਿੰਘ ਧਾਰੀਵਾਲ ਆਦਿ ਹਾਜ਼ਰ ਸਨ। ਮੇਲੇ ’ਚ ਸਟੇਜ ਸੰਚਾਲਕ ਦੀ ਭੂਮਿਕਾ ਤੀਰਥ ਸਿੰਘ ਸਪਰਾ ਨੇ ਨਿਭਾਈ ।