- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਲਟਕਾਈਆਂ ਮੰਗਾਂ ਨੂੰ ਲੈ ਕੇ ਵਿਭਾਗੀ ਮੰਤਰੀ ਦਾ ਘਿਰਾਓ ਪਹਿਲੀ ਮਾਰਚ ਨੂੰ

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਅੱਜ ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਜਲੰਧਰ ਜ਼ੋਨ ’ਚ ਮੀਟਿੰਗ ਕਰਕੇ ਪ੍ਰੈੱਸ ਨੂੰ ਜਾਰੀ ਬਿਆਨ ’ਚ ਜ਼ਿਲ੍ਹਾ ਤਹਿਸੀਲ ਪ੍ਰਧਾਨ ਨਿਰੰਜਣ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ ’ਚ ਆਏ ਚਾਰ ਸਾਲ ਹੋ ਗਏ ਹਨ ਪਰ ਇਨ੍ਹਾਂ ਚਾਰ ਸਾਲਾਂ ’ਚ ਵਿਭਾਗੀ ਕਾਰਜਾਂ ’ਚ ਲਗਾਤਾਰ ਗਿਰਾਵਟ ਆਈ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਬਹੁਤ ਸਾਰੀਆਂ ਗਾਰੰਟੀਆਂ ਦਿੱਤੀਆਂ ਸਨ ਤੇ ਉਨ੍ਹਾਂ ਗਰੰਟੀਆਂ ’ਚ ਆਂਗਨਵਾੜੀ ਵਰਕਰਾਂ ਹੈਲਪਰਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ’ਤੇ ਕਰਨਾ ਤੇ ਮਾਣਭੱਤੇ ਨੂੰ ਦੁਗਣਾ ਕਰਨਾ ਵੀ ਸ਼ਾਮਿਲ ਸੀ। ਜ਼ਿਲ੍ਹਾ ਪ੍ਰਧਾਨ ਨਿਰਲੇਪ ਕੌਰ, ਸੈਕਟਰੀ ਕ੍ਰਿਸ਼ਨਾ ਕੁਮਾਰੀ ਨੇ ਦੱਸਿਆ ਕਿ ਜਿੱਥੇ ਇਹ ਗਾਰੰਟੀਆਂ ਸਨ, ਉੱਥੇ ਵੱਖ-ਵੱਖ ਮੀਟਿੰਗਾਂ ਦੇ ’ਚ ਹੋਰ ਵੀ ਬਹੁਤ ਸਾਰੀਆਂ ਮੰਗਾਂ ਮੰਨਣ ਦਾ ਵਿਸ਼ਵਾਸ ਦਵਾਇਆ ਗਿਆ ਸੀ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਫੇਸ ਰਿਕੋਗਨਾਈਜੇਸ਼ਨ ਸਿਸਟਮ ਤਹਿਤ ਲਾਭਪਾਤਰੀਆਂ ਦੀ ਸ਼ਨਾਖਤ ਕਰਨ ਲਈ ਆਂਗਨਵਾੜੀ ਕੇਂਦਰਾਂ ’ਚ ਮੋਬਾਈਲ ਖਰੀਦ ਕੇ ਦੇਣੇ ਹਨ। ਚਾਰ ਸਾਲ ਬੀਤਣ ’ਤੇ ਮੋਬਾਈਲ ਤਾਂ ਨਹੀਂ ਖਰੀਦੇ ਗਏ। ਵਿਭਾਗ ਦੇ ਅਕਸ ਨੂੰ ਬਚਾਉਣ ਵਾਸਤੇ ਆਂਗਨਵਾੜੀ ਵਰਕਰਾਂ ਆਪਣੇ ਮੋਬਾਈਲਾਂ ਤੋਂ ਕੰਮ ਕਰ ਰਹੀਆਂ ਹਨ ਪਰ ਐੱਫਆਰਐੱਸ ਨੂੰ ਬਹਾਨਾ ਬਣਾ ਕੇ ਅਜਨਾਲੇ ਤੋਂ ਵਰਕਰ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ। ਜੱਥੇਬੰਦੀ ਨੇ ਕਿਹਾ ਕਿ ਇਹ ਅਸੂਲਨ ਗਲਤ ਹੈ। ਜਿੰਨੀ ਦੇਰ ਸਰਕਾਰ ਨੇ ਫੋਨ ਨਹੀਂ ਦਿੱਤੇ ਤਾਂ ਸੇਵਾਵਾਂ ਕਿਵੇਂ ਖਤਮ ਕੀਤੀਆਂ ਜਾ ਸਕਦੀਆਂ ਹਨ।