..ਤੇ ਵਿਆਹ ’ਚ ਸਿਆਸੀ ਤਬਸਰੇ ਵੀ ਖੂਬ ਹੋਏ
ਤੇ ਵਿਆਹ ’ਚ ਸਿਆਸੀ ਤਬਸਰੇ ਵੀ ਖੂਬ ਹੋਏ
Publish Date: Tue, 31 Mar 2026 07:04 PM (IST)
Updated Date: Tue, 31 Mar 2026 07:07 PM (IST)

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਬਜਾਜ ਪਰਿਵਾਰ ਦੇ ਪੁੱਤਰ ਕੁੰਵਰਜੀਤ ਸਿੰਘ ਬਜਾਜ ਤੇ ‘ਮਾਸਟਰਾਂ ਦੇ ਪਰਿਵਾਰ’ ਦੀ ਧੀ ਆਦਰਸ਼ਪ੍ਰੀਤ ਕੌਰ ਦੇ ਵਿਆਹ ਦੀ ਸਵਾਗਤੀ ਪਾਰਟੀ ਜਿੱਥੇ ਸਵਾਗਤ ਦੇ ਯਾਦਗਾਰੀ ਪਲ ਸਿਰਜ ਗਈ, ਉੱਥੇ ਪਰਿਵਾਰਕ ਤੇ ਸਮਾਜਿਕ ਰਿਸ਼ਤਿਆਂ ਦੀ ‘ਰੁਣ-ਚੁਣ’ ਵੀ ਪੈਦਾ ਕਰ ਗਈ। ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਉਪ ਪ੍ਰਧਾਨ ਤੇ ਹੁਣ ਮੈਂਬਰ ਬੀਬੀ ਪਰਮਜੀਤ ਕੌਰ ਬਜਾਜ ਤੇ ਸਵਰਗੀ ਬਿਕਰਮਜੀਤ ਸਿੰਘ ਬਜਾਜ ਦੇ ਪੁੱਤਰ ਤੇ ਕਾਂਗਰਸ ਮਹਿਲਾ ਮੰਡਲ ਸ਼ਾਹਕੋਟ ਦੀ ਪ੍ਰਧਾਨ ਬੀਬੀ ਅਮਰਜੀਤ ਕੌਰ ਸਚਦੇਵਾ ਤੇ ਪੱਤਰਕਾਰ ਦਲਜੀਤ ਸਿੰਘ ਸਚਦੇਵਾ ਦੀ ਧੀ ਸਵਾਗਤੀ ਪਾਰਟੀ ਦੌਰਾਨ ਜਿੱਥੇ ਪਰਿਵਾਰਕ ਰਿਸ਼ਤਿਆਂ ਦੇ ਮੋਹ ਦੀਆਂ ਤੰਦਾਂ ਮਜ਼ਬੂਤ ਤੇ ਚਮਕਦਾਰ ਹੁੰਦੀਆਂ ਨਜ਼ਰ ਆਈਆਂ, ਉੱਥੇ ਸਿਆਸੀ ਤਬਸਰੇ ਵੀ ਖੂਬ ਹੋਏ। ਵਿਧਾਨ ਸਭਾ ਹਲਕਾ ਸ਼ਾਹਕੋਟ ’ਚ ਪੈਂਦੀਆਂ ਤਿੰਨ ਬਲਾਕ ਸੰਮਤੀਆਂ ਦੇ ਚੇਅਰਮੈਨਾਂ ਤੇ ਵਾਈਸ ਚੇਅਰਮੈਨਾਂ ਦੀਆਂ ਤਾਜ਼ਾ ਤੇ ਦਿਲਚਸਪ ਚੋਣਾਂ ਨੇ ਸਿਆਸੀ ‘ਸੰਵਾਦ’ ਨੂੰ ਵਧੇਰੇ ਰੌਚਕ ਬਣਾਈ ਰੱਖਿਆ। ਕਾਂਗਰਸ ਪਾਰਟੀ ਜ਼ਿਲ੍ਹਾ ਜਲੰਧਰ (ਦਿਹਾਤੀ) ਦੇ ਪ੍ਰਧਾਨ ਹਲਕਾ ਸ਼ਾਹਕੋਟ ਦੀ ਨੁਮਾਇੰਦਗੀ ਕਰ ਰਹੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ‘ਆਪ’ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ, ਅਕਾਲੀ ਦਲ (ਬਾਦਲ) ਦੇ ਹਲਕਾ ਇੰਚਾਰਜ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਤੇ ਭਾਜਪਾ ਦੇ ਕੈਂਪ ਇੰਚਾਰਜ ਤੇ ਭਾਜਪਾ ਦੇ ਅੰਦਰ ਬਾਕੀਆਂ ਤੋਂ ਵਧੇਰੇ ਸਰਗਰਮ ਆਗੂ ਰਾਣਾ ਹਰਦੀਪ ਸਿੰਘ ਇਕ ਮੇਜ਼ ’ਤੇ ਤਾਂ ਨਾ ਮਿਲੇ ਪਰ ਇਕ ‘ਪੰਡਾਲ’ ’ਚ ਵਿਚਰਦਿਆਂ ਦੀਆਂ ਸਰਗੋਸ਼ੀਆਂ ਸਭ ਮਹਿਮਾਨਾਂ ਲਈ ਦਿਲਚਸਪੀ ਦਾ ਬਾਇਸ ਬਣੀਆਂ ਰਹੀਆਂ। ਕਿਸੇ ਵੇਲੇ ਸ਼ਾਹਕੋਟ ’ਚ ਸਿਆਸੀ ਹਰਮਨ ਪਿਆਰਤਾ ਦੀ ਪੌੜੀ ਦਾ ਸਿਖਰ ਰਹੇ ਉੱਘੇ ਖੇਡ ਪ੍ਰੋਮਟਰ ਤੇ ਸਮਾਜ ਸੇਵਕ ਹਰਬੰਸ ਸਿੰਘ ਚੰਦੀ ਵਾਲੇ ਮੇਜ਼ ਦੀ ਰੌਣਕ ਸਵਾਗਤੀ ਪਾਰਟੀ ਦੌਰਾਨ ਕਾਫੀ ਸਮਾਂ ਕਾਇਮ ਰਹੀ। ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਓਐੱਸਡੀ ਰਵਿੰਦਰ ਸਿੰਘ ਟੁਰਨਾ ਤੇ ਭਾਜਪਾ ਆਗੂ ਰਾਣਾ ਹਰਦੀਪ ਸਿੰਘ ਦਾ ਇਕ ਮੇਜ਼ ਮੱਲਣਾ ਵੀ ਕਈਆਂ ਦੀ ਸਿਆਸੀ ਦਿਲਚਸਪੀ ਨੂੰ ‘ਡੂੰਘਾ’ ਕਰ ਗਿਆ। ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ ਸਿਆਸੀ ਰਮਜ਼ਾਂ ਨੂੰ ਤਾਂ ਸਮਝਦੇ ਹਨ ਪਰ ਹਮੇਸ਼ਾ ਦੀ ਤਰ੍ਹਾਂ ਵਿਆਹ ਦੀ ਸਵਾਗਤੀ ਪਾਰਟੀ ’ਚ ਸਿਆਸਤ ਤੋਂ ਨਿਰਲੇਪ ਜਿਹੇ ਨਜ਼ਰ ਆਏ।