ਹਾਈ-ਰਿਸਕ ਕੇਸਾਂ ਦੇ ਫਾਲੋਅਪ ਲਈ ਐਕਸ਼ਨ ਪਲਾਨ ਤਿਆਰ ਕੀਤਾ ਜਾਵੇ : ਡਾ. ਗਰਗ
ਹਾਈ-ਰਿਸਕ ਕੇਸਾਂ ਦੇ ਫਾਲੋਅਪ ਲਈ ਐਕਸ਼ਨ ਪਲਾਨ ਤਿਆਰ ਕੀਤਾ ਜਾਵੇ-ਡਾ. ਗਰਗ
Publish Date: Thu, 22 Jan 2026 06:10 PM (IST)
Updated Date: Fri, 23 Jan 2026 04:10 AM (IST)

- ਸਿਵਲ ਸਰਜਨ ਨੇ ਐੱਮਡੀਆਰ ਮੀਟਿੰਗ ਦੌਰਾਨ ਮੈਟਰਨਲ ਡੈਥਸ ਦਾ ਕੀਤਾ ਰੀਵਿਊ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਿਵਲ ਸਰਜਨ ਦਫ਼ਤਰ ’ਚ ਡਾਇਰੈਕਟਰ ਫੈਮਿਲੀ ਵੈੱਲਫੇਅਰ ਪੰਜਾਬ ਡਾ. ਅਦਿਤੀ ਸਲਾਰੀਆ ਦੀ ਪ੍ਰਧਾਨਗੀ ਹੇਠ ਨਵੰਬਰ-2025 ਮਹੀਨੇ ਦੌਰਾਨ ਸੂਬੇ ’ਚ ਹੋਈਆਂ ਮੈਟਰਨਲ ਡੈਥਸ ਦਾ ਵੀਡੀਓ ਕਾਨਫਰੰਸ ਰਾਹੀਂ ਐੱਮਡੀਆਰ ਮੀਟਿੰਗ ਦੌਰਾਨ ਰੀਵਿਊ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਨਵੰਬਰ ਮਹੀਨੇ ਦੌਰਾਨ ਜ਼ਿਲ੍ਹਾ ’ਚ ਹੋਈ ਇਕ ਮੈਟਰਨਲ ਡੈਥ ਦੇ ਕਾਰਨਾਂ ਬਾਰੇ ਜਾਣਕਾਰੀ ਦਿੱਤੀ ਗਈ ਤੇ ਭਵਿੱਖ ’ਚ ਮੈਟਰਨਲ ਡੈਥਸ ਦੇ ਕਾਰਨਾਂ ਵੱਲ ਵਿਸ਼ੇਸ਼ ਧਿਆਨ ਦਿੰਦਿਆਂ ਅਜਿਹੀਆਂ ਮੌਤਾਂ ਨੂੰ ਰੋਕਣ ਲਈ ਜ਼ਰੂਰੀ ਉਪਰਾਲੇ ਕਰਨ ਦਾ ਭਰੋਸਾ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਮੈਟਰਨਲ ਡੈਥ ਉਹ ਕੇਸ ਹੁੰਦੇ ਹਨ, ਜਿਨ੍ਹਾਂ ’ਚ ਗਰਭਵਤੀ ਔਰਤ ਦੀ ਮੌਤ ਗਰਭ ਅਵਸਥਾ ਦੌਰਾਨ, ਜਣੇਪੇ ਸਮੇਂ ਜਾਂ ਜਣੇਪੇ ਤੋਂ 42 ਦਿਨਾਂ ਅੰਦਰ ਹੋਈ ਹੋਵੇ। ਵੀਸੀ ਮੀਟਿੰਗ ਤੋਂ ਬਾਅਦ ਸਿਵਲ ਸਰਜਨ ਵੱਲੋਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ ਤੇ ਸਿਹਤ ਸਟਾਫ ਨਾਲ ਮੀਟਿੰਗ ਕਰਦੇ ਹੋਏ ਹਦਾਇਤ ਕੀਤੀ ਗਈ ਕਿ ਹਾਈ-ਰਿਸਕ ਗਰਭਵਤੀ ਔਰਤਾਂ ਲਈ ਐਕਸ਼ਨ ਪਲਾਨ ਤਿਆਰ ਕਰਕੇ ਉਸਦਾ ਨਿਰੰਤਰ ਫਾਲੋਅਪ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਅਨੀਮੀਆ, ਬੀਪੀ, ਸ਼ੂਗਰ ਅਤੇ ਪੋਸਟ ਪਾਰਟਮ ਹੈਮਰੇਜ ਆਦਿ ਕਾਰਨਾਂ ਕਰ ਕੇ ਕਿਸੇ ਵੀ ਗਰਭਵਤੀ ਔਰਤ ਦੀ ਮੌਤ ਨਾ ਹੋਵੇ ਤੇ ਸੁਰੱਖਿਅਤ ਜਣੇਪਾ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਏਐੱਨਐੱਮ ਤੇ ਆਸ਼ਾ ਵਰਕਰਾਂ ਵੱਲੋਂ ਹੋਮ ਵਿਜ਼ਿਟ ਕਰ ਕੇ ਗਰਭਵਤੀ ਔਰਤਾਂ ਦਾ 100 ਫ਼ੀਸਦੀ ਐਂਟੀਨੇਟਲ ਚੈਕਅੱਪ ਤੇ ਲੁੜੀਂਦੇ ਸਾਰੇ ਮੈਡੀਕਲ ਟੈਸਟ ਕਰਵਾਉਣੇ ਯਕੀਨੀ ਬਣਾਏ ਜਾਣ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਹਰ ਗਰਭਵਤੀ ਦਾ ਚੈਕਅੱਪ ਘੱਟੋ-ਘੱਟ ਇਕ ਵਾਰ ਮੈਡੀਕਲ ਸਪੈਸ਼ਲਿਸਟ ਤੋਂ ਜ਼ਰੂਰ ਕਰਵਾਇਆ ਜਾਵੇ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ, ਗਾਇਨਕੋਲੋਜਿਸਟ ਡਾ. ਪ੍ਰਿਯੰਕਾ, ਐਸਐਮਓ. ਡਾ. ਰਘੁਪ੍ਰਿਯਾ ਤੇ ਡਿਪਟੀ ਐਮਈਆਈਓ ਅਸੀਮ ਸ਼ਰਮਾ ਹਾਜ਼ਰ ਸਨ।