ਸਬਜ਼ੀ ਮੰਡੀ ਮਕਸੂਦਾਂ ਨੇੜੇ ਹਾਦਸਾਗ੍ਰਸਤ ਕਾਰ ਸੜਕ ’ਤੇ ਖੜੀ, ਪਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ
ਸਬਜ਼ੀ ਮੰਡੀ ਮਕਸੂਦਾਂ ਨੇੜੇ ਹਾਦਸਾਗ੍ਰਸਤ ਕਾਰ ਸੜਕ ’ਤੇ ਖੜੀ, ਪਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ
Publish Date: Mon, 23 Mar 2026 10:18 PM (IST)
Updated Date: Mon, 23 Mar 2026 10:19 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਇਕ ਹਫ਼ਤਾ ਪਹਿਲਾਂ ਰਾਤ ਦੇ ਸਮੇਂ, ਡੀਏਵੀ ਕਾਲਜ ਦੇ ਨੇੜੇ ਪੁਲ ਉਤਰਦਿਆਂ ਇਕ ਚੰਡੀਗੜ੍ਹ ਨੰਬਰ ਵਾਲੀ ਅਲਟੋ ਕਾਰ ਸਬਜ਼ੀ ਮੰਡੀ ਮਕਸੂਦਾਂ ਤੇ ਸ਼ੀਤਲ ਨਗਰ ਦੇ ਬਾਹਰ ਡਿਵਾਈਡਰ ਨਾਲ ਟਕਰਾਕੇ ਹਾਦਸਾਗ੍ਰਸਤ ਹੋ ਗਈ। ਹਾਦਸੇ ਤੋਂ ਬਾਅਦ ਕਾਰ ਸੜਕ ਵਿਚਾਲੇ ਖੜ੍ਹੀ ਰਹੀ ਤੇ ਨਾ ਤਾਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਇਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤੇ ਨਾ ਹੀ ਕਾਰ ਦੇ ਮਾਲਕ ਵੱਲੋਂ ਕੋਈ ਕਾਰਵਾਈ ਕੀਤੀ ਗਈ। ਲੋਕਾਂ ਦਾ ਕਹਿਣਾ ਹੈ ਕਿ ਇਹ ਲਾਵਾਰਿਸ ਕਾਰ ਕਿਸੇ ਹੋਰ ਵੱਡੇ ਹਾਦਸੇ ਦੀ ਉਡੀਕ ਕਰ ਰਹੀ ਹੈ। ਸਬਜ਼ੀ ਮੰਡੀ ਨੇੜੇ ਹੋਣ ਦੇ ਬਾਵਜੂਦ ਆਵਾਜਾਈ ਬਹੁਤ ਜ਼ਿਆਦਾ ਹੋਣ ਦੇ ਮਗਰੋਂ ਵੀ ਕਿਸੇ ਨੇ ਕਾਰ ਨੂੰ ਸੜਕ ਤੋਂ ਹਟਾਉਣ ਦੀ ਜ਼ਰੂਰਤ ਨਹੀਂ ਸਮਝੀ। ਆਸਪਾਸ ਦੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਕ ਪਾਸੇ ਸੁਰੱਖਿਆ ਸਬੰਧੀ ਚਿਤਾਵਨੀ ਹੈ। ਹਾਦਸੇ ਨੇੜੇ ਸਾਬਕਾ ਸੰਸਦੀ ਸਕੱਤਰ ਕੇਡੀ ਭੰਡਾਰੀ ਦੀ ਰਿਹਾਇਸ਼ ਵੀ ਹੈ। ਇਸ ਇਲਾਕੇ ’ਚ ਡੀਏਵੀ ਕਾਲਜ, ਟੈਕਨੀਕਲ ਕਾਲਜ, ਆਯੂਰਵੇਦਿਕ ਕਾਲਜ, ਡੇਵੀਏਟ ਕਾਲਜ ਤੇ ਹੋਰ ਸਕੂਲ ਵੀ ਸਥਿਤ ਹਨ। ਲੋਕਾਂ ਦੀ ਚਿੰਤਾ ਹੈ ਕਿ ਰੋਜ਼ਾਨਾ ਸਕੂਲ ਤੇ ਕਾਲਜਾਂ ਨੂੰ ਧਮਾਕਿਆਂ ਦੀਆਂ ਧਮਕੀਆਂ ਮਿਲ ਰਹੀਆਂ ਹਨ ਫਿਰ ਵੀ ਪ੍ਰਸ਼ਾਸਨ ਵੱਲੋਂ ਕਾਰ ਨੂੰ ਹਟਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ।