ਜਾਗਰਣ ਸੰਵਾਦਦਾਤਾ, ਜਲੰਧਰ :

ਜਾਗਰਣ ਸੰਵਾਦਦਾਤਾ, ਜਲੰਧਰ : ਰੇਲ ਗੱਡੀਆਂ ਦੇ ਲਗਾਤਾਰ ਦੇਰੀ ਨਾਲ ਆਉਣ ਕਾਰਨ ਮੁਸਾਫਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ’ਚ ਸਿਰਫ਼ ਸਪੈਸ਼ਲ ਰੇਲ ਗੱਡੀਆਂ ਹੀ ਨਹੀਂ, ਬਲਕਿ ਮੇਲ ਤੇ ਐਕਸਪ੍ਰੈੱਸ ਰੇਲ ਗੱਡੀਆਂ ਵੀ ਆਪਣੇ ਨਿਰਧਾਰਿਤ ਸਮੇਂ ਤੋਂ ਘੰਟਿਆਬੱਧੀਂ ਦੇਰੀ ਨਾਲ ਪੁੱਜ ਰਹੀਆਂ ਹਨ। ਇਸ ਸਥਿਤੀ ’ਚ ਮੁਸਾਫਰਾਂ ਨੂੰ ਮਜਬੂਰ ਹੋ ਕੇ ਸਟੇਸ਼ਨ 'ਤੇ ਬੈਠ ਕੇ ਉਨ੍ਹਾਂ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ, ਰੱਦ ਹੋਣ ਵਾਲੀਆਂ ਰੇਲ ਗੱਡੀਆਂ ਨੇ ਵੀ ਉਨ੍ਹਾਂ ਦੀ ਪਰੇਸ਼ਾਨੀ ਵਧਾਈ ਹੈ, ਕਿਉਂਕਿ ਗਰੀਬਰਥ ਐਕਸਪ੍ਰੈੱਸ ਅਤੇ ਊਧਮਪੁਰ ਐਕਸਪ੍ਰੈੱਸ ਰੱਦ ਰਹੀਆਂ ਹਨ, ਜਦਕਿ ਛੱਤੀਸਗੜ੍ਹ ਐਕਸਪ੍ਰੈੱਸ ਵੀ ਵੀਰਵਾਰ ਨੂੰ ਰੱਦ ਰਹੇਗੀ।
ਜੇਕਰ ਦੇਰੀ ਨਾਲ ਆਉਣ ਵਾਲੀਆਂ ਰੇਲ ਗੱਡੀਆਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਦੇਰੀ ਨਾਲ ਆਉਣ ਵਾਲੀ ਗੱਡੀ ਅੰਮ੍ਰਿਤਸਰ ਕਲੋਨ ਸਪੈਸ਼ਲ ਹੈ, ਜੋ ਆਪਣੇ ਨਿਰਧਾਰਿਤ ਸਮੇਂ ਤੋਂ ਪੌਣੇ ਅੱਠ ਘੰਟੇ ਦੇਰੀ ਨਾਲ ਪੁੱਜੀ। ਇਸ ਦੇ ਨਾਲ ਹੀ ਮਾਲਵਾ ਐਕਸਪ੍ਰੈੱਸ ਅਤੇ ਆਮਰਪਾਲੀ ਐਕਸਪ੍ਰੈੱਸ ਪੌਣੇ ਪੰਜ ਘੰਟੇ, ਸ਼ਾਲੀਮਾਰ ਐਕਸਪ੍ਰੈੱਸ ਸਵਾ ਦੋ ਘੰਟੇ, ਜੇਹਲਮ ਐਕਸਪ੍ਰੈੱਸ ਤੇ ਜਨਨਾਇਕ ਐਕਸਪ੍ਰੈੱਸ ਡੇਢ ਘੰਟਾ, ਦੇਹਰਾਦੂਨ ਐਕਸਪ੍ਰੈੱਸ ਤੇ ਜੰਮੂਤਵੀ ਐਕਸਪ੍ਰੈੱਸ ਸਵਾ ਇਕ ਘੰਟਾ, ਦਾਦਰ ਐਕਸਪ੍ਰੈੱਸ ਇਕ ਘੰਟਾ, ਲੁਧਿਆਣਾ ਛੇਹਰਟਾ ਐੱਮਈਐੱਮਯੂ, ਜਲੰਧਰ ਇੰਟਰਸਿਟੀ ਐਕਸਪ੍ਰੈੱਸ ਪੌਣਾ ਘੰਟਾ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਐਕਸਪ੍ਰੈੱਸ ਤੇ ਦੁਰਗਿਆਨਾ ਐਕਸਪ੍ਰੈੱਸ ਅੱਧਾ ਘੰਟਾ ਦੇਰੀ ਨਾਲ ਪੁੱਜੀਆਂ।
---
ਖਿੜਕੀਆਂ ਤੇ ਦਰਵਾਜ਼ਿਆਂ 'ਤੇ ਚੌਕਸ ਰਹਿਣ ਮੁਸਾਫਰ
ਜਾਗਰਣ ਸੰਵਾਦਦਾਤਾ, ਜਲੰਧਰ : ਫਿਰੋਜ਼ਪੁਰ ਮੰਡਲ ਵੱਲੋਂ ਰੇਲ ਮੁਸਾਫਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਕ ਜਨ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੌਰਾਨ ਯਾਤਰੀਆਂ ਤੇ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਚੱਲਦੀ ਟ੍ਰੇਨ |ਚ ਚੜ੍ਹਨ ਜਾਂ ਉਤਰਨ ਤੋਂ ਬਚਣ। ਟ੍ਰੇਨ ਦੇ ਪੂਰੀ ਤਰ੍ਹਾਂ ਰੁਕਣ ਮਗਰੋਂ ਪਲੇਟਫਾਰਮ ਤੋਂ ਸੁਰੱਖਿਅਤ ਢੰਗ ਨਾਲ ਚੜ੍ਹਨ ਜਾਂ ਉਤਰਨ ਦੀ ਕੋਸ਼ਿਸ਼ ਕਰੋ। ਰਿਜ਼ਰਵ ਕੋਚ ਤੋਂ ਇਲਾਵਾ ਦਿਵਿਆਂਗ, ਮਹਿਲਾ ਕੋਚ, ਗਾਰਡ ਬ੍ਰੇਕ ਜਾਂ ਪਾਰਸਲ ਵੈਨ ’ਚ ਬਿਨਾਂ ਜਾਇਜ਼ਾ ਯਾਤਰਾ ਕਰਨਾ ਰੇਲ ਐਕਟ ਤਹਿਤ ਸਜ਼ਾਯੋਗ ਅਪਰਾਧ ਹੈ। ਮੁਸਾਫਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਫਰ ਦੌਰਾਨ ਆਪਣੇ ਸਾਮਾਨ ਨੂੰ ਸੁਰੱਖਿਅਤ ਰੱਖਣ, ਖਿੜਕੀਆਂ ਤੇ ਦਰਵਾਜ਼ਿਆਂ ਨੇੜੇ ਸਾਵਧਾਨ ਰਹਿਣ ਤੇ ਕੀਮਤੀ ਚੀਜ਼ਾਂ ਨੂੰ ਖਿੜਕੀ ਤੋਂ ਦੂਰ ਰੱਖਣ। ਅਣਜਾਣਾਂ ਕੋਲੋਂ ਖਾਣ-ਪੀਣ ਦੀਆਂ ਵਸਤਾਂ ਲੈਣ ਤੋਂ ਵੀ ਪਰਹੇਜ਼ ਕਰੋ। ਚੱਲਦੀ ਟ੍ਰੇਨ ਦੇ ਦਰਵਾਜੇ ਜਾਂ ਰੈਂਕ 'ਤੇ ਖੜ੍ਹੇ ਹੋ ਕੇ ਯਾਤਰਾ ਕਰਨਾ ਜਾਂ ਸੈਲਫੀ ਲੈਣਾ ਜਾਨਲੇਵਾ ਹੋ ਸਕਦਾ ਹੈ। ਇਸ ਦੇ ਨਾਲ-ਨਾਲ ਸਫਰ ਦੌਰਾਨ ਜਲਣਸ਼ੀਲ ਚੀਜ਼ਾਂ ਲੈ ਜਾਣਾ ਵੀ ਰੋਕਿਆ ਗਿਆ ਹੈ। ਜੇ ਕਿਸੇ ਕਿਸਮ ਦੀ ਸ਼ੱਕੀ ਵਸਤੂ ਦਿਖਾਈ ਦੇਵੇ ਤਾਂ ਤੁਰੰਤ ਟੀਟੀਈ, ਆਰਪੀਐੱਫ ਜਾਂ ਜੀਆਰਪੀ ਨੂੰ ਸੂਚਿਤ ਕਰੋ, ਜਾਂ ਰੇਲਵੇ ਹੈਲਪਲਾਈਨ ਨੰਬਰ 139 'ਤੇ ਸੰਪਰਕ ਕਰੋ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਕਿਹਾ ਕਿ ਲਾਪਰਵਾਹੀ ਨਾ ਸਿਰਫ ਟ੍ਰੇਨ ਦੇ ਚਲਾਉਣ 'ਤੇ ਪ੍ਰਭਾਵ ਪਾਉਂਦੀ ਹੈ, ਸਗੋਂ ਮੁਸਾਫਰਾਂ ਦੀ ਸੁਰੱਖਿਆ ਲਈ ਵੀ ਖ਼ਤਰਾ ਹੈ। ਇਸ ਲਈ, ਸੁਰੱਖਿਆ ਨਿਯਮਾਂ ਦਾ ਪਾਲਣ ਕਰੋ ਤੇ ਸੁਰੱਖਿਅਤ ਯਾਤਰਾ ਨੂੰ ਤਰਜੀਹ ਦਿਓ।