ਅਮਿਤ ਸ਼ਾਹ ਨੇ ਪੰਜਾਬ ਨੂੰ ਕੁਝ ਨਹੀਂ ਦਿੱਤਾ : ਬੀਬੀ ਕਾਕੜ
ਅਮਿਤ ਸ਼ਾਹ ਨੇ ਪੰਜਾਬ ਨੂੰ ਕੁਝ ਨਹੀਂ ਦਿੱਤਾ- ਬੀਬੀ ਕਾਕੜ
Publish Date: Sun, 15 Mar 2026 08:42 PM (IST)
Updated Date: Sun, 15 Mar 2026 08:45 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੀ ਸੂਬਾ ਵਾਈਸ ਪ੍ਰਧਾਨ ਤੇ ਪੰਜਾਬ ਇੰਫੋਟਿਕ ਚੰਡੀਗੜ੍ਹ ਦੇ ਡਾਇਰੈਕਟਰ ਬੀਬੀ ਰਣਜੀਤ ਕੌਰ ਕਾਕੜ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਹ ਪੰਜਾਬ ਲਈ ਕੋਈ ਠੋਸ ਐਲਾਨ ਕਰਨ ਦੀ ਬਜਾਏ ਸਿਰਫ਼ ਭਾਸ਼ਣ ਦੇ ਕੇ ਹੀ ਵਾਪਸ ਚਲੇ ਗਏ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹੱਕਾਂ ਬਾਰੇ ਕੇਂਦਰ ਸਰਕਾਰ ਵੱਲੋਂ ਹਾਲੇ ਤੱਕ ਕੋਈ ਵੀ ਵੱਡਾ ਫੈਸਲਾ ਨਹੀਂ ਕੀਤਾ ਗਿਆ। ਬੀਬੀ ਕਾਕੜ ਨੇ ਕਿਹਾ ਕਿ ਪੰਜਾਬ ਨੂੰ ਹਾਲੇ ਤੱਕ ₹1600 ਕਰੋੜ ਦੀ ਟੋਕਨ ਮਨੀ, ₹8300 ਕਰੋੜ ਦੇ ਆਰਡੀਐੱਫ ਅਤੇ ਐੱਮਡੀਐੱਫ ਦੇ ਬਕਾਏ ਅਤੇ ਜੀਐੱਸਟੀ ਕਾਰਨ ਹੋਏ ਲਗਭਗ ₹60,000 ਕਰੋੜ ਦੇ ਨੁਕਸਾਨ ਦੀ ਭਰਪਾਈ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹੱਕਾਂ ਦਾ ਪੈਸਾ ਰੋਕ ਕੇ ਕੇਂਦਰ ਸਰਕਾਰ ਸੂਬੇ ਨਾਲ ਨਿਆਂ ਨਹੀਂ ਕਰ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਨਾਲ ਲਗਾਤਾਰ ਭੇਦਭਾਵ ਕਰ ਰਹੀ ਹੈ। ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਦੇ ਮੁੱਦਿਆਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਬੀਬੀ ਰਣਜੀਤ ਕੌਰ ਨੇ ਕਿਹਾ ਕਿ ਪੰਜਾਬ ਦੇ ਲੋਕ ਸਭ ਕੁਝ ਦੇਖ ਰਹੇ ਹਨ ਅਤੇ ਸਮੇਂ ਆਉਣ ’ਤੇ ਇਸ ਦਾ ਜਵਾਬ ਵੀ ਦੇਣਗੇ। ਉਨ੍ਹਾਂ ਕਿਹਾ ਕਿ ਜਿਵੇਂ ਅਮਿਤ ਸ਼ਾਹ ਪੰਜਾਬ ਨੂੰ ਉਸ ਦੇ ਹੱਕਾਂ ਦੀ ਬਜਾਏ ਸਿਰਫ਼ ਭਾਸ਼ਣ ਦੇ ਕੇ ਵਾਪਸ ਚਲੇ ਗਏ ਹਨ, ਉਸੇ ਤਰ੍ਹਾਂ 2027 ਦੀਆਂ ਚੋਣਾਂ ਵਿੱਚ ਪੰਜਾਬ ਦੀ ਜਨਤਾ ਵੀ ਭਾਜਪਾ ਨੂੰ ਵੋਟਾਂ ਤੋਂ ਖਾਲੀ ਹੀ ਵਾਪਸ ਭੇਜੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਹੱਕਾਂ ਲਈ ਲਗਾਤਾਰ ਲੜ ਰਹੀ ਹੈ ਅਤੇ ਸੂਬੇ ਦੇ ਲੋਕਾਂ ਦੇ ਹਿੱਤਾਂ ਦੀ ਰੱਖਿਆ ਲਈ ਹਰ ਸੰਭਵ ਕਦਮ ਚੁੱਕੇਗੀ।