- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮੁੰਦਰ ’ਤੇ ਕਬਜ਼ੇ ਦੀ

ਸਮੁੰਦਰ ’ਤੇ ਕਬਜ਼ੇ ਦੀ ਜੰਗ ’ਚ ਪਹਿਲੀ ਵਿਸ਼ਵ ਜੰਗ ਦੇ ਸਬਕ ਫਿਰ ਪ੍ਰਸੰਗਿਕ
ਈਰਾਨ ਨੂੰ ਘੱਟ ਸਮਝਨ ਤੇ ਮਿਸ਼ਨ ਕ੍ਰੀਪ ਦਾ ਖ਼ਤਰਾ ਵਧ ਸਕਦੈ
ਕੈਨਬਰਾ, ਦਿ ਕਨਵਰਸੇਸ਼ਨ : ਅਮਰੀਕਾ ਤੇ ਈਰਾਨ ਵਿਚਾਲੇ ਵਧਦੇ ਤਣਾਅ ਦੇ ਕੇਂਦਰ ’ਚ ਹੋਰਮੁਜ਼ ਜਲਡਮਰੂਮੱਧ ਬਣਿਆ ਹੋਇਆ ਹੈ, ਜਿਥੋਂ ਸੰਸਾਰਕ ਤੇਲ ਤੇ ਗੈਸ ਸਪਲਾਈ ਦਾ ਲਗਪਗ 20 ਫੀਸਦ ਲੰਘਦਾ ਹੈ। ਜੰਗ ਵਰਗੇ ਹਾਲਾਤ ਵਿਚਾਲੇ ਈਰਾਨ ਨੇ ਇਸ ਰਣਨੀਤਿਕ ਮਾਰਗ ਨੂੰ ਅਮਰੀਕਾ ਤੇ ਉਸ ਦੇ ਸਹਿਯੋਗਆਂ ਲਈ ਬੰਦ ਕਰ ਦਿੱਤਾ ਸੀ ਜਦਕਿ ਨਿਰਪੱਖ ਤੇ ਸਮਰਥਕ ਦੇਸ਼ਾਂ ਦੇ ਜਹਾਜ਼ਾਂ ਨੂੰ ਸੀਮਿਤ ਆਵਾਜਾਈ ਦੀ ਇਜਾਜ਼ਤ ਦਿੱਤੀ ਗਈ। ਇਸ ਦੇ ਜਵਾਬ ’ਚ ਅਮਰੀਕਾ ਨੇ ਆਰਥਕ ਦਬਾਅ ਵਧਾਉਂਦੇ ਹੋਏ ਹੋਰਮੁਜ਼ ਦੇ ਬਾਹਰ ਜਲ ਸੈਨਾ ਨਾਲ ਨਾਕੇਬੰਦੀ ਕੀਤੀ ਹੋਈ ਹੈ।
ਮਾਹਰ ਇਸ ਹਾਲਾਤ ਦੀ ਤੁਲਨਾ ਪਹਿਲੀ ਵਿਸ਼ਵ ਜੰਗ ਦੌਰਾਨ 1915 ਦੀ ਗੈਲੀਪੋਲੀ ਮੁਹਿੰਮ ਨਾਲ ਕਰ ਰਹੇ ਹਨ, ਜਿਥੇ ਸਮੁੰਦਰੀ ਮਾਰਗ ’ਤੇ ਕਬਜ਼ੇ ਦੀ ਕੋਸ਼ਿਸ਼ ਮਿੱਤਰ ਦੇਸ਼ਾਂ ਲਈ ਭਾਰੀ ਨਾਕਾਮੀ ਸਾਬਤ ਹੋਈ ਸੀ। ਉਸ ਸਮੇਂ ਬ੍ਰਿਟੇਨ ਤੇ ਫ੍ਰਾਂਸ ਨੇ ਓਟੋਮਨ (ਤੁਰਕੀ) ਦੇ ਕਬਜ਼ੇ ਵਾਲੇ ਡਾਰਡਾਨੇਲਸ ਜਲਡਮਰੂਮੱਧ ਨੂੰ ਖੋਲ੍ਹਣ ਲਈ ਮੁੱਖ ਤੌਰ ’ਤੇ ਜਲ ਸੈਨਾ ’ਤੇ ਆਧਾਰਿਤ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਨੂੰ ਵਿੰਸਟਨ ਚਰਚਿਲ ਦੀ ਰਣਨੀਤੀ ਮੰਨਿਆ ਜਾਂਦਾ ਹੈ। ਮਿੱਤਰ ਦੇਸ਼ਾਂ ਨੇ ਤੁਰਕੀ ਦੀ ਫੌਜੀ ਸਮਰੱਥਾ ਨੂੰ ਘੱਟ ਸਮਝਦੇ ਹੋਏ ਪੁਰਾਣੇ ਜੰਗੀ ਬੇੜਿਆਂ ਦੇ ਸਹਾਰੇ ਮੁਹਿੰਮ ਚਲਾਈ ਪਰ ਤੰਗ ਜਲ ਮਾਰਗ ’ਚ ਦਾਖ਼ਲ ਹੁੰਦੇ ਹੀ ਇਹ ਜਹਾਜ਼ ਤੱਟੀ ਤੋਪਖਾਨੇ ਤੇ ਸਮੁੰਦਰੀ ਬਾਰੂਦੀ ਸੁਰੰਗਾਂ ਦੇ ਆਸਾਨ ਨਿਸ਼ਾਨੇ ਬਣ ਗਏ। ਤੁਰਕੀ ਫੌਜ ਨੇ ਪਹਿਲਾਂ ਤੋਂ ਹੀ ਮਜ਼ਬੂਤ ਰੱਖਿਆ ਤਿਆਰ ਕੀਤੀ ਹੋਈ ਸੀ, ਜਿਸ ਦੇ ਚਲਦੇ ਐਂਗਲੋ-ਫ੍ਰੈਂਚ ਬੇੜੇ ਨੂੰ ਭਾਰੀ ਨੁਕਸਾਨ ਝੱਲਨਾ ਪਿਆ ਤੇ ਮੁਹਿੰਮ ਨਾਕਾਮ ਹੋ ਗਈ। ਬਾਅਦ ’ਚ ਥਲ ਸੈਨਾ ਉਤਾਰਨ ਦੇ ਬਾਵਜੂਦ ਅੱਠ ਮਹੀਨਿਆਂ ਤੱਕ ਚੱਲੇ ਸੰਘਰਸ਼ ’ਚ ਲਗਪਗ 4.83 ਲੱਖ ਫੌਜੀ ਮਾਰੇ ਗਏ ਪਰ ਆਖ਼ਿਰਕਾਰ ਮਿੱਤਰ ਦੇਸ਼ਾਂ ਨੂੰ ਪਿੱਛੇ ਹਟਨਾ ਪਿਆ।
ਗੈਲੀਪੋਲੀ ਮੁਹਿੰਮ ਤੋਂ ਕਈ ਮਹੱਤਵਪੂਰਨ ਸਬਕ ਮਿਲਦੇ ਹਨ, ਜੋ ਅੱਜ ਦੇ ਹੋਰਮੁਜ਼ ਸੰਕਟ ’ਚ ਪ੍ਰਸੰਗਿਕ ਨਜ਼ਰ ਆਉਂਦੇ ਹਨ। ਕਿਸੇ ਵੀ ਰਣਨੀਤਿਕ ਫੈਸਲੇ ’ਚ ਸਿਰਫ ਅਸਰਦਾਰ ਲੀਡਰਸ਼ਿਪ ’ਤੇ ਨਿਰਭਰ ਰਹਿਣ ਦੀ ਬਜਾਇ ਵਿਆਪਕ ਤੇ ਠੋਸ ਸਮੀਖਿਆ ਜ਼ਰੂਰੀ ਹੁੰਦੀ ਹੈ। ਦੂਜਾ ਵਿਰੋਧੀ ਧਿਰ ਨੂੰ ਕਮਜ਼ੋਰ ਸਮਝਨਾ ਭਾਰੀ ਪੈ ਸਕਦਾ ਹੈ-1915 ’ਚ ‘ਗਨਬੋਟ ਡਿਪਲੋਮੈਸੀ’ ਨਾਕਾਮ ਰਹੀ ਸੀ ਤੇ ਅੱਜ ਵੀ ਇਸ ਦੇ ਸਫਲ ਹੋਣ ਦੀ ਸੰਭਾਵਨਾ ਸ਼ੱਕੀ ਹੈ।
ਤੀਜਾ ਮਿਸ਼ਨ ਕ੍ਰੀਪ ਦਾ ਖ਼ਤਰਾ-ਜਦ ਸ਼ੁਰੂਆਤੀ ਰਣਨੀਤਿ ਫੇਲ੍ਹ ਹੁੰਦੀ ਹੈ ਤਾਂ ਵੱਡੇ ਦੇਸ਼ ਆਪਣੀਆਂ ਫੌਜੀ ਕੋਸ਼ਿਸ਼ਾਂ ਨੂੰ ਸੀਮਿਤ ਕਰਨ ਦੀ ਬਜਾਇ ਵਧਾ ਦਿੰਦੇ ਹਨ, ਜਿਸ ਨਾਲ ਸੰਘਰਸ਼ ਹੋਰ ਗੁੰਝਲਦਾਰ ਹੋ ਜਾਂਦਾ ਹੈ। ਚੌਥਾ ਜੰਗ ’ਚ ਭਾਰੀ ਜਾਨੀ ਤੇ ਮਾਲੀ ਨੁਕਸਾਨ ਦੀ ਅਣਦੇਖੀ ਅਕਸਰ ਘਾਤਕ ਸਾਬਤ ਹੁੰਦੀ ਹੈ। ਮਾਹਿਰਾਂ ਅਨੁਸਾਰ ਜੇ ਹੋਰਮੁਜ਼ ’ਚ ਤਣਾਅ ਹੋਰ ਵਧਦਾ ਹੈ ਤਾਂ ਇਸ ਦਾ ਅਸਰ ਸਿਰਫ ਫੌਜੀ ਮੋਰਚੇ ਤੱਕ ਸੀਮਿਤ ਨਹੀਂ ਰਹੇਗਾ ਸਗੋਂ ਵਿਸ਼ਵ ਊਰਜਾ ਸਪਲਾਈ ਤੇ ਨਾਗਰਿਕ ਜੀਵਨ ’ਤੇ ਵੀ ਗੰਭੀਰ ਅਸਰ ਪੈ ਸਕਦਾ ਹੈ। ਅਜਿਹੇ ’ਚ ਇਤਿਹਾਸ ਦੇ ਸਬਕਾਂ ਨੂੰ ਨਜ਼ਰਅੰਦਾਜ਼ ਕਰਨਾ ਮਹਿੰਗਾ ਸਾਬਤ ਹੋ ਸਕਦਾ ਹੈ।