ਅੰਬੇਡਕਰ ਨਗਰ ਵਾਸੀਆ ਨੂੰ ਛੇਤੀ ਮਿਲੇਗੀ ਰਾਹਤ : ਕੋਹਲੀ
ਅੰਬੇਡਕਰ ਨਗਰ ਵਾਸੀਆ ਨੂੰ ਜਲਦ ਮਿਲੇਗੀ ਰਾਹਤ, ਪਾਵਰਕਾਮ ਨੂੰ ਦਿੱਤੀ ਜਾਵੇਗੀ ਬਦਲਵੀਂ ਜ਼ਮੀਨ
Publish Date: Wed, 11 Feb 2026 09:47 PM (IST)
Updated Date: Wed, 11 Feb 2026 09:50 PM (IST)

-50 ਸਾਲਾਂ ਤੋਂ ਦੁੱਖ ਭੋਗ ਰਹੇ ਲੋਕਾਂ ਲਈ ਨਿਤਿਨ ਕੋਹਲੀ ਦੀ ਵੱਡੀ ਪਹਿਲਕਦਮੀ ਜਤਿੰਦਰ ਪੰਮੀ, ਪੰਜਾਬੀ ਜਾਗਰਣ, ਜਲੰਧਰ : ਅਦਾਲਤੀ ਫੈਸਲੇ ਤੋਂ ਬਾਅਦ ਆਪਣੇ ਘਰਾਂ ਤੇ ਆਪਣੀ ਹੋਂਦ ਨੂੰ ਲੈ ਕੇ ਡਰ ਤੇ ਬੇਭਰੋਸਗੀ ’ਚ ਰਹਿ ਰਹੇ ਅੰਬੇਡਕਰ ਨਗਰ ਦੇ 800 ਪਰਿਵਾਰਾਂ ਨੂੰ ਜਲਦ ਹੀ ਵੱਡੀ ਰਾਹਤ ਮਿਲਣ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਸੈਂਟਰਲ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਜੋ ਕਿ ਇਸ ਮਸਲੇ ਦੇ ਹੱਲ ਲਈ ਲਗਾਤਾਰ ਯਤਨ ਕਰਦੇ ਆ ਰਹੇ ਹਨ, ਵੱਲੋਂ ਇਸ ਬਸਤੀ ਦੇ ਵਸਨੀਕਾਂ ਨੂੰ ਉਥੋਂ ਹਟਾਉਣ ਦੀ ਬਜਾਏ, ਉਕਤ ਪਾਵਰਕਾਮ ਦੀ 7 ਏਕੜ ਦੀ ਜ਼ਮੀਨ ਦੇ ਬਦਲੇ ਹੋਰ ਜਗ੍ਹਾ ਦਿਵਾਉਣ ਲਈ ਨਗਰ ਨਿਗਮ ਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਨ। ਇਸ ਮਸਲੇ ਨੂੰ ਲੈ ਕੇ ਨਿਤਿਨ ਕੋਹਲੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਮਿਲ ਚੁੱਕੇ ਹਨ ਅਤੇ ਅੰਬੇਡਕਰ ਨਗਰ ਵਾਸੀਆਂ ਦਾ ਉਜਾੜਾ ਰੁਕਵਾਉਣ ਲਈ ਚਾਰਾਜੋਈ ਕਰਦੇ ਆ ਰਹੇ ਹਨ। ਪਤਾ ਲੱਗਾ ਹੈ ਕਿ ਨਿਤਿਨ ਕੋਹਲੀ ਨੇ ਡਿਪਟੀ ਕਮਿਸ਼ਨਰ ਤੇ ਨਗਰ ਨਿਗਮ ਪ੍ਰਸ਼ਾਸਨ ਨਾਲ ਲਗਾਤਾਰ ਰਾਬਤਾ ਬਣਾਇਆ ਹੋਇਆ ਹੈ ਅਤੇ ਜਲਦੀ ਅੰਬੇਡਕਰ ਨਗਰ ਦੀ ਥਾਂ ਬਦਲਵੀਂ 7 ਏਕੜ ਜ਼ਮੀਨ ਪਾਵਰਕਾਮ ਨੂੰ ਦਿੱਤੀ ਜਾਵੇਗੀ। ਇਹ ਵੀ ਪਤਾ ਲੱਗਾ ਹੈ ਕਿ ਪਾਵਰਕਾਮ ਨੂੰ ਵੀ ਬਦਲਵੀਂ ਜ਼ਮੀਨ ਲੈ ਕੇ ਅਦਾਲਤੀ ਕੇਸ ਬੰਦ ਕਰਵਾਉਣ ਲਈ ਰਾਜ਼ੀ ਕਰ ਲਿਆ ਗਿਆ ਹੈ। ਇੱਥੇ ਦੱਸਣਯੋਗ ਹੈ ਕਿ ਅੰਬੇਡਕਰ ਨਗਰ ਦੀ ਲਗਭਗ 7 ਏਕੜ ਜ਼ਮੀਨ, ਜਿਸ ’ਤੇ ਪਿਛਲੇ 50 ਸਾਲਾਂ ਤੋਂ ਗਰੀਬ ਤੇ ਮਿਹਨਤੀ ਪਰਿਵਾਰ ਵੱਸ ਰਹੇ ਹਨ, ਉਹ ਜ਼ਮੀਨ ਪਾਵਰਕਾਮ ਵੱਲੋਂ ਅਦਾਲਤ ਰਾਹੀਂ ਕਾਨੂੰਨੀ ਤੌਰ ’ਤੇ ਜਿੱਤੇ ਜਾਣ ਕਾਰਨ ਸਥਾਨਕ ਵਾਸੀ ਉਜਾੜਾ ਹੋਣ ਦੇ ਸਹਿਮ ’ਚ ਰਹਿ ਰਹੇ ਹਨ। ਅੰਬੇਡਕਰ ਨਗਰ ਵਾਸੀ ਪਿਛਲੇ 50 ਸਾਲਾਂ ਤੋਂ ਇਸ ਜ਼ਮੀਨ ਦੇ ਮਸਲੇ ਕਾਰਨ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਅੰਦਰ ਇਹ ਡਰ ਪਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਘਰ ਕਿਤੇ ਖੋਹ ਨਾ ਲਏ ਜਾਣ ਅਤੇ ਉਹ ਬੇਘਰ ਨਾ ਹੋ ਜਾਣ। ਇਸ ਗੰਭੀਰ ਤੇ ਦਹਾਕਿਆਂ ਪੁਰਾਣੇ ਮਸਲੇ ਦੀ ਗੰਭੀਰਤਾ ਨੂੰ ਸਮਝਦਿਆਂ ਸੈਂਟਰਲ ਹਲਕਾ ਇੰਚਾਰਜ ਨਿਤਿਨ ਕੋਹਲੀ ਵੱਲੋਂ ਗੰਭੀਰਤਾ ਨਾਲ ਇਸ ਮਸਲੇ ਨੂੰ ਹੱਲ ਕਰਨ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਅੰਬੇਡਕਰ ਨਗਰ ਵਾਸੀਆ ਦਾ ਉਜਾੜਾ ਰੋਕਿਆ ਜਾ ਸਕੇ। ਨਿਤਿਨ ਕੋਹਲੀ ਨੇ ਨਗਰ ਨਿਗਮ ਨੂੰ ਆਪਣੀ ਲਗਭਗ 7 ਏਕੜ ਜ਼ਮੀਨ ਪਾਵਰਕਾਮ ਨੂੰ ਦੇਣ ਲਈ ਲਗਪਗ ਰਾਜ਼ੀ ਕਰ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ ਨਾਲ ਪਾਵਰਕਾਮ ਨੂੰ ਬਦਲਵੀਂ ਜ਼ਮੀਨ ਦੇਣ ਲਈ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਸਬੰਧੀ ਸੰਪਰਕ ਕਰਨ ’ਤੇ ਨਿਤਿਨ ਕੋਹਲੀ ਨੇ ਕਿਹਾ ਕਿ 7 ਏਕੜ ਜ਼ਮੀਨ ਦੀ ਅਦਲਾ-ਬਦਲੀ ਦਾ ਮੁੱਖ ਉਦੇਸ਼ ਇਹ ਹੈ ਕਿ ਅੰਬੇਡਕਰ ਨਗਰ ਦੇ ਵਾਸੀਆਂ ਨੂੰ ਕਾਨੂੰਨੀ ਸੁਰੱਖਿਆ ਮਿਲੇ, ਉਨ੍ਹਾਂ ਦੇ ਘਰ ਬਚ ਸਕਣ ਅਤੇ ਉਨ੍ਹਾਂ ਦੀ 50 ਸਾਲਾਂ ਦੀ ਪੀੜ ਦਾ ਸਥਾਈ ਅਤੇ ਇਨਸਾਫ਼ਯੋਗ ਹੱਲ ਨਿਕਲੇ। ਉਨ੍ਹਾਂ ਕਿਹਾ ਕਿ ਇਸ ਲੋਕ ਭਲਾਈ ਦੇ ਕਾਰਜ ਲਈ ਉਹ ਲਗਾਤਾਰ ਮੇਅਰ ਤੇ ਡਿਪਟੀ ਕਮਿਸ਼ਨਰ ਨਾਲ ਮੀਟਿੰਗਾਂ ਕਰ ਰਹੇ ਹਨ ਅਤੇ ਲਗਭਗ ਇਸ ਮਸਲੇ ਦੇ ਹੱਲ ਨੇੜੇ ਪਹੁੰਚ ਚੁੱਕੇ ਹਨ। ਜੇਕਰ ਨਿਤਿਨ ਕੋਹਲੀ ਦਾ ਇਹ ਯਤਨ ਕਾਮਯਾਬ ਰਹਿੰਦਾ ਹੈ ਤਾਂ ਇਹ ਅੰਬੇਡਕਰ ਨਗਰ ਦੇ ਲੋਕਾਂ ਲਈ ਪਿਛਲੇ 50 ਸਾਲਾਂ ਵਿਚ ਸਭ ਤੋਂ ਵੱਡੀ ਰਾਹਤ ਸਾਬਤ ਹੋਵੇਗਾ। --- ਸੂਰਿਆ ਐਨਕਲੇਵ ਵਾਸੀਆਂ ਨੂੰ ਵੱਡੀ ਰਾਹਤ ਦਿਵਾ ਚੁੱਕੇ ਹਨ ਕੋਹਲੀ ਦੱਸਣਯੋਗ ਹੈ ਕਿ ਜਲੰਧਰ ਸੈਂਟਰਲ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਇਸ ਤੋਂ ਪਹਿਲਾਂ ਵੀ 18 ਸਾਲਾਂ ਤੋਂ ਅਣਗੌਲੇ ਜਾ ਰਹੇ ਸੂਰਿਆ ਐਨਕਲੇਵ ਨੂੰ ਇੰਪਰੂਵਮੈਂਟ ਟਰੱਸਟ ਤੋਂ ਕੱਢਵਾ ਕੇ ਨਗਰ ਨਿਗਮ ਅਧੀਨ ਕਰਵਾ ਚੁੱਕੇ ਹਨ। ਇਸ ਫੈਸਲੇ ਨਾਲ ਲੰਮੇਂ ਸਮੇਂ ਤੋਂ ਸਮੱਸਿਆਵਾਂ ਨਾਲ ਜੂਝ ਰਹੇ ਉਥੋਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ, ਜਿਸ ਨਾਲ ਹਜ਼ਾਰਾਂ ਪਰਿਵਾਰਾਂ ਦੀ ਜ਼ਿੰਦਗੀ ਵਿਚ ਬਦਲਾਅ ਆਇਆ ਤੇ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਮਿਲ ਸਕੀਆਂ।