ਐੱਨਆਰਆਈ ਨੇ ਕੀਤੀ ਇਨਸਾਫ਼ ਲਈ ਫਰਿਆਦ
ਕਿਸ਼ਨਗੜ੍ਹ ’ਚ ਜੱਦੀ ਜ਼ਮੀਨ ’ਤੇ ਕਬਜ਼ੇ ਦੇ ਦੋਸ਼, ਐੱਨਆਰਆਈ ਹਰਮਿੰਦਰ ਸਿੰਘ ਨੇ ਕੀਤੀ ਕਾਰਵਾਈ ਦੀ ਮੰਗ
Publish Date: Thu, 16 Apr 2026 10:03 PM (IST)
Updated Date: Thu, 16 Apr 2026 10:06 PM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਐੱਨਆਰਆਈ ਹਰਮਿੰਦਰ ਸਿੰਘ ਤੇ ਜਸਵੀਰ ਸਿੰਘ ਸ਼ੀਰਾ, ਜੋ ਇਸ ਸਮੇਂ ਵਿਦੇਸ਼ ’ਚ ਹਨ, ਨੇ ਆਪਣੀ ਜੱਦੀ ਪੁਸ਼ਤੀ ਜ਼ਮੀਨ ਸਬੰਧੀ ਕਬਜ਼ੇ ਦੇ ਦੋਸ਼ ਲਗਾਉਂਦੇ ਹੋਏ ਸਥਾਨਕ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਬਾਵਾ ਸਿੰਘ ਵੱਲੋਂ ਕੁਝ ਸਾਲ ਪਹਿਲਾਂ ਪਰਸ਼ੋਤਮ ਲਾਲ ਤੇ ਉਸਦੇ ਪਰਿਵਾਰ ਨੂੰ ਪਸ਼ੂ ਰੱਖਣ ਲਈ ਡੇਰੇ ਦੀ ਜ਼ਮੀਨ ਭਾਈਚਾਰੇ ਦੇ ਆਧਾਰ ’ਤੇ ਵਰਤਣ ਲਈ ਦਿੱਤੀ ਗਈ ਸੀ ਪਰ ਹੁਣ ਉਸ ’ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਕਤ ਜ਼ਮੀਨ ਦੇ ਕਾਨੂੰਨੀ ਦਸਤਾਵੇਜ਼ ਉਨ੍ਹਾਂ ਦੇ ਨਾਂ ’ਤੇ ਹਨ। ਹਰਮਿੰਦਰ ਸਿੰਘ ਨੇ ਦੱਸਿਆ ਕਿ ਕਰੀਬ 15 ਦਿਨ ਪਹਿਲਾਂ ਉਨ੍ਹਾਂ ਵੱਲੋਂ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਉਣ ਲਈ ਕਾਨੂੰਗੋ ਤੇ ਪਟਵਾਰੀ ਨੂੰ ਦਰਖਾਸਤ ਦੇ ਕੇ ਮੌਕੇ ’ਤੇ ਬੁਲਾਇਆ ਗਿਆ ਸੀ ਪਰ ਦੂਜੀ ਧਿਰ ਵੱਲੋਂ ਵਿਰੋਧ ਕਰਦੇ ਹੋਏ ਸਰਕਾਰੀ ਅਧਿਕਾਰੀਆਂ ਨੂੰ ਨਿਸ਼ਾਨਦੇਹੀ ਨਹੀਂ ਕਰਨ ਦਿੱਤੀ ਗਈ। ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਸਰਕਾਰੀ ਕੰਮ ’ਚ ਵਿਘਨ ਪਾਇਆ ਗਿਆ, ਜਿਸ ਲਈ ਸਬੰਧਤ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਐੱਨਆਰਆਈ ਹਰਮਿੰਦਰ ਸਿੰਘ ਨੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਧੋਖਾਧੜੀ ਤੇ ਜਬਰੀ ਕਬਜ਼ੇ ਸਬੰਧੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧੀ ਸਾਰੇ ਜ਼ਰੂਰੀ ਦਸਤਾਵੇਜ਼ ਪਹਿਲਾਂ ਹੀ ਪੁਲਿਸ ਕੋਲ ਜਮ੍ਹਾਂ ਕਰਵਾ ਦਿੱਤੇ ਗਏ ਹਨ।