ਢਾਬੇ ’ਚ ਅੱਗ ਲੱਗਣ ਨਾਲ ਸਾਮਾਨ ਸੜ ਕੇ ਸੁਆਹ
ਢਾਬੇ ’ਚ ਲੱਗੀ ਅੱਗ ਨਾਲ ਸਾਰਾ ਸਾੀਮਾਨ ਸੜ ਕੇ ਸੁਆਹ
Publish Date: Sun, 19 Apr 2026 08:49 PM (IST)
Updated Date: Mon, 20 Apr 2026 04:13 AM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਲੰਮਾ ਪਿੰਡ ਚੌਕ ’ਚ ਸਥਿਤ ਇਕ ਢਾਬੇ ’ਚ ਸਵੇਰੇ 3 ਵਜੇ ਦੇ ਕਰੀਬ ਅਚਾਨਕ ਅੱਗ ਲੱਗ ਗਈ, ਜਿਸ ਨੇ ਕੁਝ ਹੀ ਪਲਾਂ ’ਚ ਪੂਰੀ ਇਮਾਰਤ ਨੂੰ ਆਪਣੀ ਲਪੇਟ ’ਚ ਲੈ ਲਿਆ। ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਢਾਬੇ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਮਹਿੰਦਰ ਪਾਲ ਉਰਫ਼ ਮਿੰਡੀ , ਜੋ ਕਿ ਘਟਨਾ ਸਥਾਨ ਨੇੜੇ ਰਹਿੰਦਾ ਸੀ, ਨੇ ਸਭ ਤੋਂ ਪਹਿਲਾਂ ਅੱਗ ਦੀਆਂ ਲਪਟਾਂ ਦੇਖੀਆਂ ਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਤੇ ਫਾਇਰ ਵਿਭਾਗ ਦੀ ਇਕ ਟੀਮ ਮੌਕੇ ਤੇ ਪਹੁੰਚੀ ਤੇ ਸਖ਼ਤ ਕੋਸ਼ਿਸ਼ਾਂ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਢਾਬੇ ਦੀ ਮਾਲਕਣ ਮਨਜੀਤ ਕੌਰ ਵਾਸੀ ਲੰਮਾ ਪਿੰਡ ਵੀ ਮੌਕੇ ਤੇ ਪਹੁੰਚੀ। ਉਸ ਨੇ ਦੱਸਿਆ ਕਿ ਉਸ ਦਾ ਪਤੀ ਇਸ ਸਮੇਂ ਹਸਪਤਾਲ ’ਚ ਦਾਖ਼ਲ ਹੈ ਤੇ ਢਾਬਾ ਪਿਛਲੇ ਤਿੰਨ ਦਿਨਾਂ ਤੋਂ ਬੰਦ ਹੈ। ਇਸ ਸਮੇਂ ਦੌਰਾਨ ਇਹ ਮੰਦਭਾਗੀ ਘਟਨਾ ਵਾਪਰੀ। ਮਨਜੀਤ ਕੌਰ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਉਸ ਨੂੰ ਹਜ਼ਾਰਾਂ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ। ਕਿਉਂਕਿ ਇਹ ਢਾਬਾ ਉਸਦੇ ਪਰਿਵਾਰ ਦੀ ਆਮਦਨ ਦਾ ਮੁੱਖ ਸਰੋਤ ਸੀ, ਇਸ ਲਈ ਹੁਣ ਇਸ ਦੀ ਤਬਾਹੀ ਨੇ ਉਨ੍ਹਾਂ ਨੂੰ ਆਪਣੀ ਰੋਜ਼ੀ-ਰੋਟੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਿਲਹਾਲ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਹੋਣ ਦੀ ਸੰਭਾਵਨਾ ਹੈ।