ਜ਼ਿਲ੍ਹਾ ਪੱਧਰੀ ਰੋਸ ਰੈਲੀ ’ਚ ਸ਼ਾਮਲ ਹੋਣਗੇ ਸਮੂਹ ਮੁਲਾਜ਼ਮ
12 ਫਰਵਰੀ ਦੀ ਕੌਮੀ ਹੜਤਾਲ ਉਪਰੰਤ ਜ਼ਿਲ੍ਹਾ ਪੱਧਰੀ ਰੋਸ ਰੈਲੀ ’ਚ ਸ਼ਾਮਲ ਹੋਣਗੇ ਸਮੂਹ ਮੁਲਾਜ਼ਮ
Publish Date: Sat, 07 Feb 2026 06:57 PM (IST)
Updated Date: Sat, 07 Feb 2026 06:59 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਸੰਯੁਕਤ ਕਿਸਾਨ ਮੋਰਚਾ, ਕੇਂਦਰੀ ਟ੍ਰੇਡ ਯੂਨੀਅਨਾਂ ਤੇ ਮੁਲਾਜ਼ਮ ਫੈਡਰੇਸ਼ਨਾਂ ਵੱਲੋਂ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਆਮ ਲੋਕਾਂ, ਮਜ਼ਦੂਰਾਂ, ਮੁਲਾਜ਼ਮਾਂ, ਕਿਸਾਨਾਂ ਤੇ ਕਿਰਤੀਆਂ ਵਿਰੋਧੀ ਨੀਤੀਆਂ ਦੇ ਵਿਰੋਧ ’ਚ ਕੀਤੀ ਜਾ ਰਹੀ 12 ਫਰਵਰੀ ਦੀ ਕੌਮੀ ਇਕ ਰੋਜ਼ਾ ਹੜਤਾਲ ਦੇ ਮੌਕੇ ਤੇ ਜ਼ਿਲ੍ਹਾ ਜਲੰਧਰ ਦੇ ਸਮੂਹ ਮੁਲਾਜ਼ਮ, ਅਧਿਆਪਕ ਤੇ ਪੈਨਸ਼ਨਰਜ਼ ਆਪੋ-ਆਪਣੇ ਅਦਾਰਿਆਂ ’ਚ 12 ਫਰਵਰੀ ਨੂੰ ਹੜਤਾਲ ਕਰਕੇ, ਦੇਸ਼ ਭਗਤ ਯਾਦਗਾਰ ਹਾਲ ਵਿਖੇ ਠੀਕ 11:00 ਵਜੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰਨਗੇ। ਕੌਮੀ ਹੜਤਾਲ ਦੇ ਮੁੱਦਿਆਂ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਪ ਸ ਸ ਫ ਦੇ ਸੂਬਾ ਜਨਰਲ ਸਕੱਤਰ ਸਾਥੀ ਤੀਰਥ ਸਿੰਘ ਬਾਸੀ ਤੇ ਜੇਪੀਐੱਮਓ ਦੇ ਆਗੂ ਸਾਥੀ ਬਲਦੇਵ ਸਿੰਘ ਨੂਰਪੁਰੀ ਨੇ ਦੱਸਿਆ ਕਿ ਕਿਰਤ ਕਾਨੂੰਨਾਂ ’ਚ ਕੀਤੀਆਂ ਸੋਧਾਂ ਰੱਦ ਕਰਵਾਉਣ, ਪੁਰਾਣੀ ਪੈਨਸ਼ਨ ਬਹਾਲ ਕਰਨ, ਪੀਐੱਫ ਆਰਡੀਏ ਬਿੱਲ ਰੱਦ ਕਰਨ, ਮਗਨਰੇਗਾ ’ਚ ਸੋਧਾਂ ਕਰਕੇ ਬਣਾਏ ਜੀ ਰਾਮ ਜੀ ਕਾਨੂੰਨ ਨੂੰ ਰੱਦ ਕਰਨ ਆਦਿ ਅਹਿਮ ਮੁੱਦਿਆਂ ਨੂੰ ਲੈ ਕੇ 12 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚਾ, ਕੇਂਦਰੀ ਟ੍ਰੇਡ ਯੂਨੀਅਨਾਂ ਤੇ ਮੁਲਾਜ਼ਮ ਫੈਡਰੇਸ਼ਨਾਂ ਦੇ ਸੱਦੇ ਤੇ ਦੇਸ਼ ਭਰ ’ਚ ਕੌਮੀ ਹੜਤਾਲ ਕੀਤੀ ਜਾ ਰਹੀ ਹੈ। ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਦਰਸ਼ਨ ਨਾਹਰ, ਪਰਮਜੀਤ ਸਿੰਘ ਰੰਧਾਵਾ, ਜਮਹੂਰੀ ਕਿਸਾਨ ਸਭਾ ਦੇ ਮਨੋਹਰ ਸਿੰਘ ਗਿੱਲ, ਜਸਵਿੰਦਰ ਸਿੰਘ ਢੇਸੀ, ਸੀਟੀਯੂ ਦੇ ਹਰੀ ਮੁਨੀ ਸਿੰਘ, ਛਤਰਪਾਲ ਸਿੰਘ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਨੇ ਜ਼ਿਲ੍ਹਾ ਜਲੰਧਰ ਦੇ ਸਮੂਹ ਵਰਗਾਂ ਦੇ ਮੁਲਾਜ਼ਮਾਂ, ਅਧਿਆਪਕਾਂ, ਮਜ਼ਦੂਰਾਂ, ਪੈਨਸ਼ਨਰਜ, ਕਿਸਾਨਾਂ ਤੇ ਹੋਰ ਵਰਗਾਂ ਦੇ ਕਿਰਤੀਆਂ ਨੂੰ ਇਸ ’ਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।