ਏਕੇਐੱਮ ਦਾ ਰਸਮੀ ਐਲਾਨ 24 ਨੂੰ
24 ਮਾਰਚ ਨੂੰ “ਅਜਾਦ ਕਿਸਾਨ ਮੋਰਚਾ ਪੰਜਾਬ” ਦਾ ਹੋਵੇਗਾ ਰਸਮੀ ਐਲਾਨ
Publish Date: Mon, 23 Mar 2026 07:00 PM (IST)
Updated Date: Mon, 23 Mar 2026 07:01 PM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਪੰਜਾਬ ਦੇ ਕਿਸਾਨ ਅੰਦੋਲਨ ’ਚ ਇਕ ਨਵਾਂ ਮੋੜ ਆਉਣ ਜਾ ਰਿਹਾ ਹੈ, ਕਿਉਂਕਿ 24 ਮਾਰਚ ਨੂੰ ਆਜ਼ਾਦ ਕਿਸਾਨ ਮੋਰਚਾ ਪੰਜਾਬ (ਏਕੇਐੱਮ) ਦਾ ਰਸਮੀ ਐਲਾਨ ਕੀਤਾ ਜਾਵੇਗਾ। ਇਹ ਐਲਾਨ ਕਿਸਾਨ ਭਵਨ, ਚੰਡੀਗੜ੍ਹ ’ਚ ਹੋਣ ਵਾਲੀ ਅਹਿਮ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਰਾਹੀਂ ਕੀਤਾ ਜਾਵੇਗਾ। ਕਿਸਾਨ ਆਗੂਆਂ ਨਛੱਤਰ ਸਿੰਘ, ਗੁਰਦੀਪ ਸਿੰਘ ਭੰਡਾਲ, ਸੁੱਖ ਗਿੱਲ, ਸਤਨਾਮ ਸਿੰਘ, ਸੁਖਦੇਵ ਸਿੰਘ ਰਾਈਆਂ ਵਾਲਾ, ਜਸਬੀਰ ਸਿੰਘ ਆਹਲੂਵਾਲੀਆ ਤੇ ਸਾਰਜ ਸਿੰਘ ਨੇ ਦੱਸਿਆ ਕਿ ਇਸ ਮੋਰਚੇ ਦਾ ਮਕਸਦ ਕਿਸਾਨਾਂ ਦੇ ਹੱਕਾਂ ਲਈ ਇਕਜੁੱਟ ਹੋ ਕੇ ਸੰਘਰਸ਼ ਨੂੰ ਨਵੀਂ ਦਿਸ਼ਾ ਦੇਣਾ ਹੈ। ਇਸ ਤੋਂ ਬਾਅਦ ਉਨ੍ਹਾਂ ਦਾ ਵਿਸਥਾਰ ਨਾਲ ਐਲਾਨ ਕੀਤਾ ਜਾਵੇਗਾ। ਆਗੂਆਂ ਮੁਤਾਬਕ, ਇਹ ਮੋਰਚਾ ਕਿਸਾਨੀ ਮੁੱਦਿਆਂ ਲਈ ਇਕ ਵੱਡਾ ਪਲੇਟਫਾਰਮ ਸਾਬਤ ਹੋਵੇਗਾ ਤੇ ਆਉਣ ਵਾਲੇ ਸਮੇਂ ’ਚ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਰਣਨੀਤੀ ਵੀ ਤਿਆਰ ਕੀਤੀ ਜਾਵੇਗੀ। ਮੀਟਿੰਗ ਤੇ ਪ੍ਰੈੱਸ ਕਾਨਫਰੰਸ ਨੂੰ ਲੈ ਕੇ ਕਿਸਾਨ ਵਰਗ ’ਚ ਕਾਫ਼ੀ ਉਤਸ਼ਾਹ ਹੈ, ਕਿਉਂਕਿ ਇਹ ਐਲਾਨ ਪੰਜਾਬ ਦੇ ਕਿਸਾਨ ਅੰਦੋਲਨ ’ਚ ਅਹਿਮ ਭੂਮਿਕਾ ਨਿਭਾਅ ਸਕਦਾ ਹੈ। ਇਸ ਮੌਕੇ ਆਗੂਆਂ ਨੇ ਪੰਜਾਬ ਦੀਆਂ ਹੋਰ ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਵੀ ਇਸ ਮੋਰਚੇ ਨਾਲ ਜੁੜਨ ਲਈ ਸੱਦਾ ਦਿੱਤਾ ਤੇ 24 ਮਾਰਚ ਨੂੰ ਕਿਸਾਨ ਭਵਨ, ਚੰਡੀਗੜ੍ਹ ’ਚ ਹੋ ਰਹੀ ਮੀਟਿੰਗ ਤੇ ਪ੍ਰੈੱਸ ਕਾਨਫਰੰਸ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ।