ਅਕਾਲੀਆਂ ਵੱਲੋਂ ਥਾਣੇ ਮੂਹਰੇ ਧਰਨਾ
ਅਕਾਲੀਆਂ ਵੱਲੋਂ ਥਾਣੇ ਮੂਹਰੇ ਧਰਨਾ
Publish Date: Wed, 04 Feb 2026 07:34 PM (IST)
Updated Date: Thu, 05 Feb 2026 04:09 AM (IST)

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਸਥਾਨਕ ਥਾਣੇ ਦੇ ਮੂਹਰੇ ਅਕਾਲੀਆਂ ਵੱਲੋਂ ਧਰਨਾ ਮਾਰਿਆ ਗਿਆ, ਜਿਸ ’ਚ ਬੁਲਾਰਿਆਂ ਵੱਲੋਂ ਪਿਛਲੇ ਕੁੱਝ ਦਿਨਾਂ ਵਿਚ ਵਾਪਰੀਆਂ ਘਟਨਾਵਾਂ ਬਾਰੇ ਬੋਲਦਿਆਂ ਪੁਲਿਸ ਤੋਂ ਇਨਸਾਫ਼ ਦੀ ਮੰਗ ਕਰਨ ਦੇ ਨਾਲ-ਨਾਲ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ। ਪਿਛਲੇ ਦਿਨੀਂ ਰਾਸ਼ਟਰੀ ਮਾਰਗ ਤੋਂ ਕੁੱਝ ਵਿਅਕਤੀਆਂ ਨੂੰ ਗੁਟਕਾ ਸਾਹਿਬ ਦੇ ਫਟੇ ਪੁਰਾਣੇ ਅੰਗ ਮਿਲੇ ਸਨ, ਜਿਸ ਦੀ ਸੂਚਨਾ 112 ਨੰਬਰ ਤੇ ਦਿੱਤੇ ਜਾਣ ਦੇ ਨਾਲ ਸਥਾਨਕ ਥਾਣੇ ਦੀ ਪੁਲਿਸ ਨੂੰ ਵੀ ਸੂਚਨਾ ਦਿੱਤੇ ਜਾਣ ’ਤੇ ਪੁਲਿਸ ਫੌਰੀ ਤੌਰ ’ਤੇ ਹਰਕਤ ’ਚ ਆਈ ਤੇ ਪੁਲਿਸ ਦੇ ਜੁਆਨਾਂ ਵੱਲੋਂ ਹੋਰ ਪੱਤਰੇ ਵੀ ਢੂੰਡ ਲਏ ਗਏ। ਉਸ ਵੇਲੇ ਗੁਰਸ਼ਰਨ ਸਿੰਘ ਐੱਸਐੱਚਓ ਵੱਲੋਂ ਪਰਚਾ ਦਰਜ ਕਰਨ ਦੇ ਨਾਲ-ਨਾਲ ਸੁਲਤਾਨ ਪੁਰ ਵਾਲੇ ਫਾਟਕ ਤੱਕ ਹੋਰ ਪੱਤਰੇ ਢੂੰਡਣ ਦਾ ਵੀ ਵਿਸ਼ਵਾਸ਼ ਦਿਵਾਇਆ ਗਿਆ। ਸੁਖਜੀਤ ਸਿੰਘ ਖੋਸੇ ਪ੍ਰਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੀ ਅਗਵਾਈ ’ਚ ਹੋਰ ਪੱਤਰੇ ਢੂੰਡੇ ਜਾਣ ’ਤੇ ਜਿੱਥੇ ਕੁੱਝ ਪੱਤਰੇ ਹੋਰ ਮਿਲੇ ਉੱਥੇ ਕਬਾੜ ’ਚੋਂ ਕੁੱਝ ਸੜੇ ਹੋਏ ਪੱਤਰੇ ਸ੍ਰੀ ਮਦ ਭਗਵਤ ਗੀਤਾ ਦੇ ਵੀ ਮਿਲੇ ਜਿਨ੍ਹਾਂ ਨੂੰ ਪੂਰੇ ਸਤਿਕਾਰ ਨਾਲ ਕਪੜੇ ’ਚ ਸੰਭਾਲ ਲਿਆ ਗਿਆ। ਸਥਾਨਕ ਪੁਲਿਸ ਵੱਲੋਂ ਜਲੰਧਰ ਪਬਲਿਕ ਸਕੂਲ ਦੇ ਸਾਹਮਣੇ ਲੱਲੀਆਂ ਦੀ ਬਸਤੀ ’ਚੋਂ ਇਕ ਵਿਅਕਤੀ ਨੂੰ ਹਿਰਾਸਤ ’ਚ ਲੈ ਲਿਆ ਗਿਆ ਸੀ ਤੇ ਇਸੇ ਸਬੰਧ ’ਚ ਕਬਾੜੀਏ ਨੂੰ ਵੀ ਹਿਰਾਸਤ ’ਚ ਲੈ ਲਿਆ। ਸਿੱਖ ਸੰਗਤ ਦੀ ਇਕ ਮਾਤਰ ਰਾਇ ਸੀ ਕਿ ਕਿਸੇ ਬੇਕਸੂਰ ਤੇ ਕੋਈ ਸਖ਼ਤੀ ਨਾ ਕੀਤੀ ਜਾਏ ਤੇ ਕੇਸ ਨੂੰ ਗਲੇ ਤੋਂ ਲਾਹੁਣ ਵਾਲੀ ਕਾਰਵਾਈ ਵੀ ਨਾ ਕੀਤੀ ਜਾਵੇ। ਜਿਵੇਂ-ਜਿਵੇਂ ਲੋਕਾਂ ’ਚ ਖ਼ਬਰ ਫੈਲਦੀ ਗਈ ਤਿਵੇਂ-ਤਿਵੇਂ ਸੰਗਤਾਂ ’ਚ ਰੋਸ ਵਧਦਾ ਗਿਆ, ਜਿਸਦੇ ਪ੍ਰਤੀਕਰਮ ਵਜੋਂ ਅਕਾਲੀ ਦਲ ਨਾਲ ਸਬੰਧਤ ਲੋਕਾਂ ਵੱਲੋਂ ਥਾਣੇ ਦੀ ਪੁਲਿਸ ਦੇ ਵਿਰੁੱਧ ਵੀ ਰੋਸ ਫੈਲਦਾ ਗਿਆ ਤੇ ਇਸਦਾ ਪ੍ਰਗਟਾਵਾ ਕਰਨ ਲਈ ਅੱਜ ਦਾ ਧਰਨਾ ਮਾਰਿਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਕੇਵਲ ਸਿੰਘ ਰੂਪੇ ਵਾਲ, ਤੇਜਿੰਦਰ ਸਿੰਘ ਰਾਮ ਪੁਰ ਤੇ ਬਚਿੱਤਰ ਸਿੰਘ ਕੋਹਾੜ ਵੱਲੋਂ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਗੁਟਕਾ ਸਾਹਿਬ ਜੀ ਦੇ ਅੰਗ ਪਾੜਨ ਵਾਲੇ ਮੁਲਜ਼ਮ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤੇ ਸਖ਼ਤ ਸਜ਼ਾ ਦਿੱਤੀ ਜਾਵੇ। ਸ਼੍ਰੀ ਕੋਹਾੜ ਵੱਲੋਂ ਪੁਲਿਸ ਦੀ ਕਾਰਗ਼ੁਜ਼ਾਰੀ ’ਤੇ ਟਿੱਪਣੀ ਕਰਦਿਆਂ ਪਿਛਲੇ ਦਿਨਾਂ ਦੌਰਾਨ ਗਿੱਦੜ ਪਿੰਡੀ ਵਿਖੇ ਰਾਹੁਲ ਨਾਮ ਦੇ ਨੌਜਵਾਨ ਨੂੰ ਮੰਢਾਲਾ ਪਿੰਡ ਦੇ ਨੌਜਵਾਨਾਂ ਵੱਲੋਂ ਕੁੱਟ ਮਾਰ ਕੀਤੀ ਗਈ ਤਾਂ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਉਸੇ ਨੂੰ ਹੀ ਲਿਆ ਕੇ ਹਵਾਲਾਤ ’ਚ ਬੰਦ ਕਰ ਦਿੱਤਾ ਗਿਆ। ਲੋਕਾਂ ਦੇ ਵਧਦੇ ਦਬਾਅ ਕਰਕੇ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਥੋਂ ਦੇ ਪ੍ਰਮੁੱਖ ਕਾਰੋਬਾਰੀਆਂ ਤੋਂ ਫਿਰੌਤੀਆਂ ਮੰਗਣ ਵਾਲੇ ਗੈਂਗਸਟਰਾਂ ਨੂੰ ਵੀ ਜਲਦੀ ਤੋਂ ਜਲਦੀ ਫੜਨ ਦੀ ਮੰਗ ਕੀਤੀ ਗਈ। ਧਰਨਾ ਕਾਰੀਆਂ ਵੱਲੋਂ ਆਪਣੀਆਂ ਮੰਗਾਂ ਤੋਂ ਜਾਣੂੰ ਕਰਵਾਉਣ ਲਈ ਦਸ ਬਾਰਾਂ ਵਿਅਕਤੀਆਂ ਦਾ ਵਫ਼ਦ ਐੱਸਐੱਚਓ ਗੋਪਾਲ ਕ੍ਰਿਸ਼ਨ ਨੂੰ ਮਿਲਿਆ ਤੇ ਐੱਸਐੱਚਓ ਵੱਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਉਨ੍ਹਾਂ ਵੱਲੋਂ ਅੱਜ ਹੀ ਡਿਊਟੀ ਜਾਇਨ ਕੀਤੀ ਗਈ ਹੈ ਤੇ ਸਾਰੇ ਮਾਮਲਿਆਂ ਦੀ ਛਾਣਬੀਣ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਮੌਕੇ ’ਤੇ ਗੁਰਨਾਮ ਸਿੰਘ ਸ਼ਹਿਰੀ ਪ੍ਰਧਾਨ, ਹਰਵਿੰਦਰ ਸਿੰਘ ਪ੍ਰਧਾਨ, ਕੁਲਵੰਤ ਸਿੰਘ ਜੋਸਨ ਸਰਪੰਚ ਮਹਿਰਾਜ ਵਾਲਾ, ਬਲਕਾਰ ਸਿੰਘ ਗਿੱਦੜ ਪਿੰਡੀ ਮੈਂਬਰ ਬਲਾਕ ਸੰਮਤੀ, ਬਾਵਾ ਸਿੰਘ ਕੰਗ ਤੇ ਸੁਰਜੀਤ ਸਿੰਘ ਨਿਹਾਲੂ ਵਾਲ ਸਾਬਕਾ ਚੇਅਰਮੈਨ ਬਲਾਕ ਸੰਮਤੀ ਵੀ ਮੌਜੂਦ ਸਨ।