ਅਕਾਲੀ ਦਲ ਪੁਨਰ ਸੁਰਜੀਤ ਤੇ ਵਾਰਿਸ ਪੰਜਾਬ ਦੇ ਪੰਥਕ ਗਠਜੋੜ ਨੇ ਨਵੀਂ ਆਸ ਜਗਾਈ : ਚੱਠਾ
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਹਮੇਸ਼ਾ ਤੋਂ ਇਕ ਸ਼ਾਨਦਾਰ ਇਤਿਹਾਸ ਰਿਹਾ ਹੈ, ਜਿਸਨੇ ਪੰਜਾਬ ਦੇ ਹੱਕਾਂ ਲਈ ਮੋਹਰੀ ਹੋ ਕੇ ਲੜਾਈ ਲੜੀ ਹੈ। ਪਿਛਲੇ ਕੁਝ ਸਮੇਂ ਤੋਂ ਪੰਥਕ ਵੋਟ ਬੈਂਕ ਦੇ ਖੇਰੂੰ-ਖੇਰੂੰ ਹੋਣ ਕਾਰਨ ਪੰਜਾਬ ਵਿਰੋਧੀ ਤਾਕਤਾਂ ਭਾਰੂ ਹੋ ਰਹੀਆਂ ਸਨ।
Publish Date: Sun, 19 Apr 2026 08:57 PM (IST)
Updated Date: Mon, 20 Apr 2026 04:13 AM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਤੇ ਪੰਥਕ ਮਸਲਿਆਂ ਦੇ ਢੁੱਕਵੇਂ ਹੱਲ ਲਈ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਤੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਿਚਾਲੇ ਹੋਏ ਗਠਜੋੜ ਦਾ ਅਕਾਲੀ ਦਲ (ਪੁਨਰ-ਸੁਰਜੀਤ) ਦੇ ਵਰਕਿੰਗ ਕਮੇਟੀ ਮੈਂਬਰ ਬਲਵਿੰਦਰ ਸਿੰਘ ਚੱਠਾ ਨੇ ਸਵਾਗਤ ਕੀਤਾ ਹੈ ਤੇ ਇਸ ਨੂੰ ਪੰਜਾਬ ਤੇ ਪੰਥ ਦੇ ਸੁਨਹਿਰੀ ਭਵਿੱਖ ਲਈ ਇਕ ਇਤਿਹਾਸਕ ਲੋੜ ਦੱਸਿਆ ਹੈ। ਗੱਲਬਾਤ ਕਰਦਿਆਂ ਬਲਵਿੰਦਰ ਸਿੰਘ ਚੱਠਾ ਨੇ ਕਿਹਾ ਕਿ ਅੱਜ ਪੰਜਾਬ ਨੂੰ ਇੱਕ ਮਜ਼ਬੂਤ, ਸਿਧਾਂਤਕ ਅਤੇ ਪੰਥਕ ਸੋਚ ਵਾਲੀ ਲੀਡਰਸ਼ਿਪ ਦੀ ਸਖ਼ਤ ਜ਼ਰੂਰਤ ਹੈ। ਦੋਵਾਂ ਧੜਿਆਂ ਦਾ ਇੱਕ ਮੰਚ ਤੇ ਇਕੱਠੇ ਹੋਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਨਿੱਜੀ ਵਖਰੇਵਿਆਂ ਨੂੰ ਲਾਂਭੇ ਕਰਕੇ ਕੌਮੀ ਏਕਤਾ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਹਮੇਸ਼ਾ ਤੋਂ ਇਕ ਸ਼ਾਨਦਾਰ ਇਤਿਹਾਸ ਰਿਹਾ ਹੈ, ਜਿਸਨੇ ਪੰਜਾਬ ਦੇ ਹੱਕਾਂ ਲਈ ਮੋਹਰੀ ਹੋ ਕੇ ਲੜਾਈ ਲੜੀ ਹੈ। ਪਿਛਲੇ ਕੁਝ ਸਮੇਂ ਤੋਂ ਪੰਥਕ ਵੋਟ ਬੈਂਕ ਦੇ ਖੇਰੂੰ-ਖੇਰੂੰ ਹੋਣ ਕਾਰਨ ਪੰਜਾਬ ਵਿਰੋਧੀ ਤਾਕਤਾਂ ਭਾਰੂ ਹੋ ਰਹੀਆਂ ਸਨ। ਪਰ ਹੁਣ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਅਤੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਇਸ ਸਾਂਝੇ ਗਠਜੋੜ ਨੇ ਪੰਜਾਬੀਆਂ ਅਤੇ ਖਾਸ ਕਰਕੇ ਨੌਜਵਾਨ ਵਰਗ ਵਿਚ ਇਕ ਨਵੀਂ ਆਸ ਦੀ ਕਿਰਨ ਜਗਾਈ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿਚ ਸਮੁੱਚੀਆਂ ਪੰਥਕ ਜਮਾਤਾਂ ਤੇ ਜਥੇਬੰਦੀਆਂ ਵੀ ਇਸ ਗਠਜੋੜ ਦਾ ਹਿੱਸਾ ਬਣਨਗੀਆਂ, ਜਿਸ ਨਾਲ 2027 ਦੀ ਚੋਣ ਵਿਚ ਇਹ ਗਠਜੋੜ ਵੱਡੀ ਜਿੱਤ ਹਾਸਲ ਕਰੇਗਾ।