ਦਿੱਲੀ ਏਅਰਪੋਰਟ ’ਤੇ ਵੱਡਾ ਹਾਦਸਾ ਟਲਿਆ, ਦੋ ਜਹਾਜ਼ ਟਕਰਾਏ
ਜਾਸੰ, ਨਵੀਂ ਦਿੱਲੀ :
Publish Date: Fri, 17 Apr 2026 12:14 AM (IST)
Updated Date: Fri, 17 Apr 2026 12:18 AM (IST)

ਜਾਸੰ, ਨਵੀਂ ਦਿੱਲੀ : ਇੰਦਰਾ ਗਾਂਧੀ ਕੌਮਾਂਤਰੀ ਏਅਰਪੋਰਟ ’ਤੇ ਵੀਰਵਾਰ ਦੁਪਹਿਰ ਇਕ ਵੱਡਾ ਹਾਦਸਾ ਟਲ ਗਿਆ। ਇਕ ਗਲਤੀ ਕਾਰਨ ਟੈਕਸੀਇੰਗ ਦੌਰਾਨ ਲੈਂਡਿੰਗ ਤੋਂ ਬਾਅਦ ਰਨਵੇ ਤੋਂ ਪਾਰਕਿੰਗ ਬੇਅ ਵੱਲ ਜਾ ਰਹੇ ਸਪਾਈਸਜੈੱਟ ਦੇ ਇਕ ਜਹਾਜ਼ ਦਾ ਸੱਜਾ ਪੰਖ (ਵਿੰਗਲੇਟ) ਉਥੇ ਪਹਿਲਾਂ ਤੋਂ ਖੜ੍ਹੇ ਅਕਾਸਾ ਏਅਰ ਦੇ ਜਹਾਜ਼ ਦੇ ਪਿਛਲੇ ਹਿੱਸੇ ਨਾਲ ਟਕਰਾ ਗਿਆ। ਦੋਵਾਂ ਜਹਾਜ਼ਾਂ ’ਚ ਲਗਪਗ 250 ਯਾਤਰੀ ਸਵਾਰ ਸਨ। ਇਸ ਟੱਕਰ ’ਚ ਕਿਸੇ ਵੀ ਯਾਤਰੀ ਜਾਂ ਚਾਲਕ ਦਲ ਦੇ ਮੈਂਬਰ ਨੂੰ ਸੱਟ ਨਹੀਂ ਲੱਗੀ ਪਰ ਦੋਵਾਂ ਜਹਾਜ਼ਾਂ ਦੇ ਟਕਰਾਉਣ ਨਾਲ ਏਅਰਪੋਰਟ ’ਤੇ ਕੁਝ ਦੇਰ ਲਈ ਅਫਰਾਤਫਰੀ ਦਾ ਮਾਹੌਲ ਬਣ ਗਿਆ। ਇਹ ਘਟਨਾ ਦੁਪਹਿਰ ਲਗਪਗ 2.15 ਵਜੇ ਟਰਮੀਨਲ ਇਕ ਦੇ ਐਪਰਨ ਏਰੀਆ ਦੀ ਹੈ। ਹਾਦਸੇ ਦੇ ਤੁਰੰਤ ਬਾਅਦ ਦੋਵਾਂ ਜਹਾਜ਼ਾਂ ਨੂੰ ਉਡਾਣ ਤੋਂ ਹਟਾ ਦਿੱਤਾ ਗਿਆ। ਅਕਾਸਾ ਏਅਰ ਦੇ ਯਾਤਰੀਆਂ ਨੂੰ ਸੁਰੱਖਿਅਤ ਉਤਾਰ ਕੇ ਦੂਜੇ ਜਹਾਜ਼ ਰਾਹੀਂ ਹੈਦਰਾਬਾਦ ਭੇਜਣ ਪ੍ਰਬੰਧ ਕੀਤਾ ਗਿਆ। ਉਡਾਣ ਰੈਗੂਲੇਟਰੀ ਸੰਸਥਾ ਡੀਜੀਸੀਏ ਨੇ ਇਸ ਮਾਮਲੇ ’ਚ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਮਾਹਰਾਂ ਅਨੁਸਾਰ ਇਸ ਘਟਨਾ ’ਚ ਤਿੰਨ ਪੱਧਰਾਂ ’ਤੇ ਗਲਤੀ ਦਾ ਖ਼ਦਸ਼ਾ ਹੈ। ਟੈਕਸੀਇੰਗ ਦੌਰਾਨ ਜਹਾਜ਼ਾਂ ਵਿਚਾਲੇ ਸੁਰੱਖਿਅਤ ਦੂਰੀ ਬਣਾਏ ਰੱਖਣ ਦੀ ਜ਼ਿੰਮੇਵਾਰੀ ਪਾਇਲਟ ਦੀ ਹੁੰਦੀ ਹੈ। ਇਸ ’ਤੇ ਕੀ ਸਪਾਈਸਜੈੱਟ ਦੇ ਪਾਇਲਟ ਨੇ ਦੂਰੀ ਦਾ ਗਲਤ ਅੰਦਾਜ਼ਾ ਲਗਾਇਆ, ਇਹ ਜਾਂਚ ਦਾ ਮੁੱਖ ਬਿੰਦੂ ਹੈ। ਇਹ ਵੀ ਕਿ ਜ਼ਮੀਨ ’ਤੇ ਮੌਜੂਦ ਮਾਰਸ਼ਲ ਨੂੰ ਕੀ ਸਹੀ ਸੰਕੇਤ ਨਹੀਂ ਮਿਲੇ, ਜਾਂ ਕੀ ਏਟੀਸੀ ਵੱਲੋਂ ਦਿੱਤੇ ਗਏ ਨਿਰਦੇਸ਼ਾਂ ’ਚ ਕੋਈ ਭੁਲੇਖਾ ਸੀ? ਅਜਿਹੇ ਸਵਾਲਾਂ ਦਾ ਜਵਾਬ ਜਾਂਚ ’ਚ ਲੱਭਿਆ ਜਾਵੇਗਾ।