ਐਰਾ ਵੱਲੋਂ ਲੈਂਡਿੰਗ ਤੇ ਪਾਰਕਿੰਗ ਚਾਰਜਾਂ ’ਚ 25 ਫ਼ੀਸਦੀ ਕਟੌਤੀ
ਐਰਾ ਵੱਲੋਂ ਘਰੇਲੂ ਹਵਾਈ ਅੱਡਿਆਂ ’ਤੇ ਲੈਂਡਿੰਗ ਤੇ ਪਾਰਕਿੰਗ ਚਾਰਜਾਂ ’ਚ 25 ਫੀਸਦੀ ਕਟੌਤੀ
Publish Date: Wed, 08 Apr 2026 09:17 PM (IST)
Updated Date: Wed, 08 Apr 2026 09:20 PM (IST)
ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਮੁਸਾਫਰਾਂ ਨੂੰ ਵਧੀਆ ਸਹੂਲਤਾਂ ਮੁਹੱਈਆ ਕਰਵਾਉਣ ਤੇ ਘਰੇਲੂ ਹਵਾਬਾਜ਼ੀ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਏਅਰਪੋਰਟਸ ਇਕਨਾਮਿਕ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਵੱਲੋਂ ਫੈਸਲਾ ਲਿਆ ਗਿਆ ਹੈ। ਦੇਸ਼ ਦੇ ਪ੍ਰਮੁੱਖ ਘਰੇਲੂ ਹਵਾਈ ਅੱਡਿਆਂ ’ਤੇ ਲੈਂਡਿੰਗ ਤੇ ਪਾਰਕਿੰਗ ਚਾਰਜਾਂ ’ਚ 25 ਫੀਸਦੀ ਦੀ ਕਟੌਤੀ ਕੀਤੀ ਗਈ ਹੈ। ਸੱਤ ਅਪ੍ਰੈਲ ਨੂੰ ਜਾਰੀ ਕੀਤੇ ਗਏ ਅਧਿਕਾਰਤ ਪੱਤਰ ਅਨੁਸਾਰ ਇਹ ਕਟੌਤੀ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈ ਹੈ ਤੇ ਇਹ ਅਗਲੇ ਤਿੰਨ ਮਹੀਨਿਆਂ ਤੱਕ ਸਾਰੀਆਂ ਘਰੇਲੂ ਉਡਾਣਾਂ ਲਈ ਲਾਗੂ ਰਹੇਗੀ। ਆਦਮਪੁਰ ਹਵਾਈ ਅੱਡੇ ਦੇ ਡਾਇਰੈਕਟਰ ਪੁਸ਼ਪਿੰਦਰ ਨਿਰਾਲਾ ਨੇ ਦੱਸਿਆ ਕਿ ਇਸ ਕਦਮ ਨਾਲ ਏਅਰਲਾਈਨਾਂ ਦੀ ਸੰਚਾਲਨ ਲਾਗਤ ਵਿਚ ਕਮੀ ਆਵੇਗੀ, ਜਿਸ ਦਾ ਸਿੱਧਾ ਲਾਭ ਮੁਸਾਫਰਾਂ ਨੂੰ ਸਸਤੀ ਹਵਾਈ ਯਾਤਰਾ ਵਜੋਂ ਮਿਲੇਗਾ। ਉਨ੍ਹਾਂ ਕਿਹਾ ਕਿ ਐਰਾ ਹਵਾਈ ਅੱਡਿਆਂ ਦੇ ਟੈਰਿਫ ਤੈਅ ਕਰਨ ਲਈ ਜ਼ਿੰਮੇਵਾਰ ਸੰਸਥਾ ਹੈ, ਜੋ ਖੇਤਰ ’ਚ ਪਾਰਦਰਸ਼ਤਾ ਤੇ ਸੰਤੁਲਨ ਯਕੀਨੀ ਬਣਾਉਂਦੀ ਹੈ। ਸਰਕਾਰ ਵੱਲੋਂ ‘ਇੰਡੀਆ@100’ (2047) ਤੱਕ ਹਵਾਈ ਅੱਡਿਆਂ ਦੀ ਗਿਣਤੀ 350 ਤੋਂ 400 ਤੱਕ ਵਧਾਉਣ ਦਾ ਟੀਚਾ ਰੱਖਿਆ ਗਿਆ ਹੈ। ਐਰਾ ਦਾ ਇਹ ਫੈਸਲਾ ਨਾ ਸਿਰਫ਼ ਏਅਰਲਾਈਨਾਂ ਲਈ ਵਿੱਤੀ ਰਾਹਤ ਲੈ ਕੇ ਆਵੇਗਾ, ਸਗੋਂ ਮੁਸਾਫਰਾਂ ਲਈ ਹਵਾਈ ਯਾਤਰਾ ਨੂੰ ਹੋਰ ਵੀ ਕਫਾਇਤੀ ਤੇ ਪਹੁੰਚਯੋਗ ਬਣਾਉਣ ’ਚ ਮਦਦਗਾਰ ਸਾਬਤ ਹੋਵੇਗਾ।