ਏਜੀਆਈ ਇਨਫਰਾ ਨੂੰ ਵਾਤਾਵਰਣ ਖੇਤਰ ’ਚ ਮਿਲਿਆ ਸਨਮਾਨ
ਏਜੀਆਈ ਇਨਫਰਾ ਲਿਮਿਟਿਡ ਨੂੰ ਪਰਿਆਵਰਨ ਨਾਲ ਸਬੰਧਤ ਗ੍ਰੀਨ ਟੈਕ ਸਬਮਿਟ 2026 ’ਚ ਸਨਮਾਨ ਮਿਲਿਆ
Publish Date: Sun, 22 Mar 2026 06:53 PM (IST)
Updated Date: Sun, 22 Mar 2026 06:55 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਏਜੀਆਈ ਇਨਫਰਾ ਲਿਮਟਿਡ ਲਈ ਮਾਣ ਵਾਲੀ ਗੱਲ ਹੈ ਕਿ ਕੰਪਨੀ ਨੂੰ 18 ਮਾਰਚ 2026 ਨੂੰ ਨਵੀਂ ਦਿੱਲੀ ਦੇ ਇਕ ਪੰਜ ਸਿਤਾਰਾ ਹੋਟਲ ’ਚ ਕਰਵਾਏ ਗ੍ਰੀਨ ਟੈਕ ਸਮਿੱਟ 2026 ਦੌਰਾਨ ਵਾਤਾਵਰਣ ਖੇਤਰ ’ਚ ਸ਼ਾਨਦਾਰ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਇੰਡੀਅਨ ਗ੍ਰੀਨ ਬਿਲਡਿੰਗ ਕੌਂਸਿਲ (ਉੱਤਰੀ ਰੀਜਨ ਚੈਪਟਰ) ਵੱਲੋਂ ਕਰਵਾਇਆ ਗਿਆ ਸੀ। ਕੰਪਨੀ ਦੀ ਓਰੋਂ ਡਾ. ਬੀਐੱਸ ਸੰਧਾ, ਜੋ ਕਿ ਪ੍ਰਸਿੱਧ ਵਾਤਾਵਰਣ ਸ਼ਾਸਤਰੀ ਤੇ ਕੰਪਨੀ ਦੇ ਵਿੱਤ ਵਿਭਾਗ ਦੇ ਮੁੱਖ ਹਨ, ਨੇ ਸਮਾਗਮ ’ਚ ਸ਼ਿਰਕਤ ਕਰਦੇ ਹੋਏ ਇਹ ਸਨਮਾਨ ਪ੍ਰਾਪਤ ਕੀਤਾ। ਇਸ ਮੌਕੇ ਕੰਪਨੀ ਪ੍ਰਬੰਧਨ ਵੱਲੋਂ ਕਿਹਾ ਗਿਆ ਕਿ ਇਹ ਸਨਮਾਨ ਏਜੀਆਈ ਇਨਫਰਾ ਲਿਮਟਿਡ ਦੀ ਲਗਾਤਾਰ ਮਿਹਨਤ, ਸਮਰਪਣ ਤੇ ਵਾਤਾਵਰਣ ਪ੍ਰਤੀ ਵਚਨਬੱਧਤਾ ਦਾ ਨਤੀਜਾ ਹੈ। ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ ਦੀ ਦੂਰਦਰਸ਼ੀ ਅਗਵਾਈ ਹੇਠ ਸੰਸਥਾ ਗੁਣਵੱਤਾ, ਨਵੀਂ ਸੋਚ ਤੇ ਵਾਤਾਵਰਣ ਸੰਭਾਲ ਨੂੰ ਪਹਿਲ ਦਿੰਦੀ ਆ ਰਹੀ ਹੈ। ਕੰਪਨੀ ਆਪਣੇ ਪ੍ਰਾਜੈਕਟਾਂ ’ਚ ਅਜਿਹੀਆਂ ਤਕਨੀਕਾਂ ਤੇ ਤਰੀਕਿਆਂ ਦੀ ਵਰਤੋਂ ਕਰਦੀ ਹੈ ਜੋ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਦੀ ਬਜਾਏ, ਉਸ ਦੀ ਰੱਖਿਆ ਕਰਨ ਤੇ ਊਰਜਾ ਦੀ ਬੱਚਤ ’ਚ ਸਹਾਇਕ ਹੋਣ। ਹਰੇ-ਭਰੇ ਤੇ ਸਸਟੇਨੇਬਲ ਇਨਫ੍ਰਾਸਟਰਕਚਰ ਦੇ ਵਿਕਾਸ ਰਾਹੀਂ ਕੰਪਨੀ ਲੋਕਾਂ ਨੂੰ ਬਿਹਤਰ ਜੀਵਨ ਦੇਣ ਦੇ ਨਾਲ ਕੁਦਰਤ ਦੀ ਸੰਭਾਲ ਵੱਲ ਵੀ ਯੋਗਦਾਨ ਪਾ ਰਹੀ ਹੈ। ਇਹ ਸਨਮਾਨ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਏਜੀਆਈ ਇਨਫਰਾ ਲਿਮਟਿਡ ਦੇਸ਼ ਤੇ ਵਿਸ਼ਵ ਪੱਧਰ ਦੇ ਵਾਤਾਵਰਣ ਟੀਚਿਆਂ ਨਾਲ ਕਦਮ ਮਿਲਾ ਕੇ ਅੱਗੇ ਵੱਧ ਰਹੀ ਹੈ ਤੇ ਇੱਕ ਜ਼ਿੰਮੇਵਾਰ ਸੰਸਥਾ ਵਜੋਂ ਆਪਣੀ ਪਛਾਣ ਬਣਾਉਣ ’ਚ ਸਫਲ ਹੋ ਰਹੀ ਹੈ। ਕੰਪਨੀ ਪ੍ਰਬੰਧਨ ਨੇ ਇਸ ਉਪਲਬਧੀ ਦਾ ਸਿਹਰਾ ਪੂਰੀ ਟੀਮ ਦੀ ਮਿਹਨਤ, ਇਮਾਨਦਾਰੀ ਤੇ ਪ੍ਰੋਫੈਸ਼ਨਲ ਕੰਮਕਾਜ ਨੂੰ ਦਿੱਤਾ ਹੈ ਤੇ ਭਵਿੱਖ ’ਚ ਵੀ ਹਰੇ-ਭਰੇ, ਸਾਫ਼ ਤੇ ਬਿਹਤਰ ਸਮਾਜ ਦੀ ਨਿਰਮਾਣ ਲਈ ਆਪਣਾ ਯੋਗਦਾਨ ਜਾਰੀ ਰੱਖਣ ਦਾ ਸੰਕਲਪ ਦੋਹਰਾਇਆ ਹੈ।