ਵਿਦਿਆਰਥੀਆਂ ਨੂੰ ਟੀਚੇ ਨਿਰਧਾਰਤ ਕਰ ਕੇ ਮਿਹਨਤ ਕਰਨ ਲਈ ਪ੍ਰੇਰਿਆ
ਏਜੀਆਈ ਗਲੋਬਲ ਸਕੂਲ ਵੱਲੋਂ ਅਕਾਦਮਿਕ ਤੇ ਚਰਿਤਰ ਨਿਰਮਾਣ ਦਾ ਸ਼ਾਨਦਾਰ ਜਸ਼ਨ ਮਨਾਇਆ
Publish Date: Tue, 07 Apr 2026 07:17 PM (IST)
Updated Date: Wed, 08 Apr 2026 04:11 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਏਜੀਆਈ ਗਲੋਬਲ ਸਕੂਲ ਵੱਲੋਂ ਅੱਜ ਬਹੁਤ ਉਤਸ਼ਾਹ ਨਾਲ ਅਕਾਦਮਿਕ ਐਕਸੀਲੈਂਸ ਅਵਾਰਡ ਸਮਾਰੋਹ ਕਰਵਾਇਆ, ਜਿਸ ’ਚ ਵਿਦਿਆਰਥੀਆਂ ਦੀ ਕਠਿਨ ਮਿਹਨਤ, ਸਮਰਪਣ, ਅਨੁਸ਼ਾਸਨ ਤੇ ਸ਼ਾਨਦਾਰ ਪ੍ਰਾਪਤੀਆਂ ਦਾ ਸਨਮਾਨ ਕੀਤਾ ਗਿਆ। ਇਹ ਸਮਾਰੋਹ ਵਿਦਿਆਰਥੀਆਂ ਦੇ ਚਮਕਦਾਰ ਭਵਿੱਖ ਤੇ ਉਨ੍ਹਾਂ ਦੇ ਸਰਵਾਂਗੀਣ ਵਿਕਾਸ ਪ੍ਰਤੀ ਸਕੂਲ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਮੌਕੇ ’ਤੇ ਏਜੀਆਈ ਇੰਫਰਾ ਲਿਮਿਟਡ ਦੇ ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ ਤੇ ਸਕੂਲ ਦੀ ਡਾਇਰੈਕਟਰ ਹਰਲੀਨ ਮੋਹੰਤੀ ਨੇ ਆਪਣੀ ਹਾਜ਼ਰੀ ਨਾਲ ਸਮਾਰੋਹ ਨੂੰ ਸੁਸ਼ੋਭਿਤ ਕੀਤਾ। ਉਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਤੇ ਉਨ੍ਹਾਂ ਨੂੰ ਜੀਵਨ ’ਚ ਲਗਾਤਾਰ ਉਤਕ੍ਰਿਸ਼ਟਤਾ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਲਕਸ਼ ਨਿਰਧਾਰਤ ਕਰ ਕੇ ਮਿਹਨਤ ਕਰਨ ਦੀ ਪ੍ਰੇਰਣਾ ਦਿੱਤੀ। ਸਮਾਰੋਹ ਦੌਰਾਨ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਟਰਾਫੀਆਂ ਨਾਲ ਨਿਵਾਜ਼ਿਆ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਵਿਸ਼ੇਸ਼ ਸ਼੍ਰੇਣੀਆਂ ਜਿਵੇਂ ਕਿ 100 ਫੀਸਦੀ ਹਾਜ਼ਰੀ, ਬੈਸਟ ਯੂਨੀਫਾਰਮ ਤੇ ਆਲ ਰਾਊਂਡਰ ’ਚ ਵੀ ਇਨਾਮ ਦਿੱਤੇ ਗਏ। ਇਨ੍ਹਾਂ ਇਨਾਮਾਂ ਰਾਹੀਂ ਨਾ ਸਿਰਫ ਅਕਾਦਮਿਕ ਸਫਲਤਾ ਸਗੋਂ ਵਿਦਿਆਰਥੀਆਂ ਦੇ ਚਰਿਤਰ, ਅਨੁਸ਼ਾਸਨ, ਵਿਅਕਤਿਤਵ ਵਿਕਾਸ ਤੇ ਨਿਭਾਉ ਨੂੰ ਵੀ ਸਨਮਾਨਿਤ ਕੀਤਾ ਗਿਆ। ਇਕ ਪ੍ਰੇਰਣਾਦਾਇਕ ਪਹਲ ਦੇ ਤਹਿਤ 95 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਦਾਰ ਸੁਖਦੇਵ ਸਿੰਘ ਵੱਲੋਂ 5000 ਦੀ ਨਕਦ ਇਨਾਮੀ ਰਕਮ ਦਿੱਤੀ ਗਈ। ਇਸ ਉਤਸ਼ਾਹ ਨੂੰ ਹੋਰ ਮਜ਼ਬੂਤ ਬਣਾਉਂਦੇ ਹੋਏ ਉਨ੍ਹਾਂ ਨੇ ਇਨ੍ਹਾਂ ਮੇਧਾਵੀ ਵਿਦਿਆਰਥੀਆਂ ਨੂੰ ਏਜੀਆਈ ਕੰਪਨੀ ਦੇ ਸ਼ੇਅਰ ਦੇਣ ਦਾ ਐਲਾਨ ਵੀ ਕੀਤਾ, ਜੋ ਉਨ੍ਹਾਂ ਦੇ ਚਮਕਦਾਰ ਭਵਿੱਖ ’ਚ ਇਕ ਦੂਰਦਰਸ਼ੀ ਨਿਵੇਸ਼ ਦਾ ਪ੍ਰਤੀਕ ਹੈ। ਏਜੀਆਈ ਗਲੋਬਲ ਸਕੂਲ ਦੀ ਚੇਅਰਪਰਸਨ ਸਲਵਿੰਦਰਜੀਤ ਕੌਰ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਤਾ-ਪਿਤਾ ਤੇ ਸਮਰਪਿਤ ਅਧਿਆਪਕਾਂ ਤੇ ਸਟਾਫ ਨੂੰ ਦਿਲੋਂ ਵਧਾਈ ਦਿੱਤੀ। ਆਪਣੇ ਪ੍ਰੇਰਣਾਦਾਇਕ ਸੰਦੇਸ਼ ’ਚ ਉਨ੍ਹਾਂ ਕਿਹਾ ਕਿ ਆਓ ਅਸੀਂ ਲਗਾਤਾਰ ਉੱਚੀਆਂ ਉਡਾਣਾਂ ਭਰਦੇ ਰਹੀਏ ਤੇ ਨਵੀਆਂ ਕਾਮਯਾਬੀਆਂ ਹਾਸਲ ਕਰੀਏ। ਸਮਾਰੋਹ ਦਾ ਸਮਾਪਨ ਬਹੁਤ ਹੀ ਉਤਸ਼ਾਹਪੂਰਣ ਤੇ ਪ੍ਰੇਰਣਾਦਾਇਕ ਮਾਹੌਲ ’ਚ ਹੋਇਆ, ਜਿਸ ਨਾਲ ਵਿਦਿਆਰਥੀਆਂ ’ਚ ਨਵੀਂ ਊਰਜਾ, ਆਤਮ-ਵਿਸ਼ਵਾਸ ਤੇ ਉੱਚੇ ਲਕਸ਼ ਹਾਸਲ ਕਰਨ ਦੀ ਪ੍ਰੇਰਣਾ ਜਾਗੀ।