ਪ੍ਰਸ਼ਾਸਨ ਦੇ ਭਰੋਸੇ ਮਗਰੋਂ ਅਣਮਿੱਥੇ ਸਮੇਂ ਦਾ ਧਰਨਾ ਖ਼ਤਮ
ਪ੍ਰਸ਼ਾਸਨ ਦੇ ਭਰੋਸੇ ਮਗਰੋਂ ਨਗਰ ਪਿੰਡ ਵਾਸੀਆ ਵੱਲੋਂ ਅਣਮਿੱਥੇ ਸਮੇਂ ਦਾ ਧਰਨਾ ਖਤਮ
Publish Date: Tue, 13 Jan 2026 07:48 PM (IST)
Updated Date: Tue, 13 Jan 2026 07:51 PM (IST)

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ ਫਿਲੌਰ : ਨਵਾਂ ਸ਼ਹਿਰ ਰੋਡ ’ਤੇ ਨਗਰ ਪਿੰਡ ਵਾਸੀਆਂ ਵੱਲੋਂ ਸੜਕ ’ਤੇ ਗੰਦੇ ਪਾਣੀ ਭਰਨ ਦੀ ਸਮੱਸਿਆ ਲੰਮੇ ਸਮੇਂ ਤੋਂ ਹੱਲ ਨਾ ਕੀਤੇ ਜਾਣ ਕਾਰਨ ਰੋਸ ਵਜੋਂ ਦਿੱਤਾ ਜਾ ਰਿਹਾ ਅਣਮਿੱਥੇ ਸਮੇਂ ਦਾ ਧਰਨਾ ਮੰਗਲਵਾਰ ਨੂੰ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਭਰੋਸੇ ਉਪਰੰਤ ਅਰਦਾਸ ਕਰਕੇ ਖਤਮ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਨਗਰ ਪਿੰਡ ਵਾਸੀਆਂ ਵੱਲੋਂ ਇਹ ਧਰਨਾ 8 ਜਨਵਰੀ ਨੂੰ ਇੱਥੇ ਪੈਂਦੇ ਧਾਰਮਿਕ ਅਸਥਾਨ ’ਤੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਦੀ ਆਮਦ ਨੂੰ ਦੇਖਦੇ ਹੋਏ ਖੜ੍ਹੇ ਗੰਦੇ ਪਾਣੀ ਦਾ ਹੱਲ ਨਾ ਕੱਢਣ ਕਰਕੇ ਪ੍ਰਸ਼ਾਸਨ ਖ਼ਿਲਾਫ਼ ਲਾਇਆ ਗਿਆ ਸੀ। ਇਹ ਧਰਨਾ ਲਗਾਤਾਰ ਚੱਲ ਰਿਹਾ ਸੀ ਅਤੇ ਧਰਨਾਕਾਰੀਆ ਦੀ ਮੰਗ ਸੀ ਕਿ ਗੰਦੇ ਪਾਣੀ ਦੀ ਸਮੱਸਿਆ ਦਾ ਪੱਕਾ ਹੱਲ ਕਰਕੇ ਸੜਕ ਦੀ ਹਾਲਤ ਸੁਧਾਰੀ ਜਾਵੇ ਤਾਂ ਹਾਦਸਿਆਂ ਕਾਰਨ ਲੋਕਾਂ ਦੀ ਕੀਮਤੀ ਜਾਨਾਂ ਨਾ ਜਾਣ। ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ ਇਸ ਰੋਡ ’ਤੇ ਪੈਂਦੇ ਡੇਰਾ 108 ਸੰਤ ਮੇਲਾ ਰਾਮ ਜੀ ਮਹਾਰਾਜ ਸੱਚਖੰਡ ਨਗਰ ਵਿਖੇ ਮਨਾਇਆ ਜਾਂਦਾ ਹੈ। ਇਥੋਂ ਵਿਸ਼ਾਲ ਨਗਰ ਕੀਰਤਨ ਵੀ ਸਜਾਇਆ ਜਾਂਦਾ ਹੈ। ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਸੰਗਤਾਂ ਦਾ ਇੱਥੇ ਆਉਣਾ ਕਾਫੀ ਮੁਸ਼ਕਲ ਹੋ ਜਾਵੇਗਾ, ਇਸ ਲਈ ਸਮੱਸਿਆ ਦਾ ਹੱਲ ਜਲਦ ਤੋਂ ਜਲਦ ਕੀਤਾ ਜਾਵੇ। 8 ਜਨਵਰੀ ਤੋਂ ਚੱਲ ਰਹੇ ਇਸ ਅਣਮਿੱਥੇ ਸਮੇਂ ਦੇ ਧਰਨੇ ਦੌਰਾਨ ਮੰਗਲਵਾਰ ਨੂੰ ਸਥਾਨਕ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀ ਧਰਨਾਕਾਰੀਆ ਕੋਲ ਪੁੱਜੇ। ਇਨ੍ਹਾਂ ਵਿਚ ਜਸਜੀਤ ਕੌਰ ਬੀਡੀਪੀਓ, ਤਹਿਸੀਲਦਾਰ ਮਨਦੀਪ ਸਿੰਘ, ਰਜਿੰਦਰ ਕੁਮਾਰ ਸੈਕਟਰੀ ਅਤੇ ਐੱਸਐੱਚਓ ਅਮਨ ਸੈਣੀ ਸ਼ਾਮਲ ਸਨ, ਜਿਨ੍ਹਾਂ ਧਰਨਾਕਾਰੀਆ ਨੂੰ ਲਿਖਤੀ ਰੂਪ ’ਚ ਲਿਖ ਕੇ ਭਰੋਸਾ ਦਿੱਤਾ ਕਿ ਉਕਤ ਸਮੱਸਿਆ ਦਾ ਹੱਲ 10 ਫਰਵਰੀ ਤਕ ਕਰ ਦਿੱਤਾ ਜਾਵੇਗਾ। ਇਸ ਮੌਕੇ ਧਰਨੇ ’ਚ ਸ਼ਾਮਲ ਕਾਂਤੀ ਮੋਹਨ ਸਾਬਕਾ ਸਰਪੰਚ ਮੁਠੱਡਾ ਨੇ ਕਿਹਾ ਕਿ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਧਰਨਾ ਖਤਮ ਕਰ ਦਿੱਤਾ ਗਿਆ ਹੈ, ਜੋ ਸੰਤ ਪਰਮਜੀਤ ਦਾਸ ਨੇ ਅਰਦਾਸ ਕਰਵਾ ਕੇ ਸਮਾਪਤ ਕਰਵਾਇਆ। ਇਸ ਮੌਕੇ ਜਸਵੰਤ ਸਿੰਘ, ਜਰਨੈਲ ਫਿਲੌਰ, ਰਾਮਜੀ ਦਾਸ ਗੰਨਾ ਪਿੰਡ, ਮਨਜੀਤ ਸਿੰਘ, ਨਗਰ ਪਿੰਡ ਤੇ ਮੁਹੱਲਾ ਵਾਸੀ ਤੇ ਇਲਾਕੇ ਦੀ ਸਮੂਹ ਸੰਗਤ ਹਾਜ਼ਰ ਸੀ।