ਜਥੇਦਾਰ ਗਾਬਾ ਨੇ ਪੂਰਨ ਸੇਵਾਮੁਕਤੀ ਦਾ ਕੀਤਾ ਐਲਾਨ
ਸਾਢੇ 31 ਸਾਲਾਂ ਦੀ ਨਿਸ਼ਕਾਮ ਸੇਵਾ ਤੋਂ ਬਾਅਦ ਜਥੇਦਾਰ ਗਾਬਾ ਨੇ ਪੂਰਨ ਸੇਵਾਮੁਕਤੀ ਦਾ ਕੀਤਾ ਐਲਾਨ
Publish Date: Tue, 06 Jan 2026 06:51 PM (IST)
Updated Date: Tue, 06 Jan 2026 06:53 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰਦੁਆਰਾ ਨੌਵੀਂ ਪਾਤਸ਼ਾਹੀ ਦੂਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਨਗਰ ਦੇ ਸਾਬਕਾ ਮੁੱਖ ਸੇਵਾਦਾਰ ਜਥੇਦਾਰ ਜਗਜੀਤ ਸਿੰਘ ਗਾਬਾ ਨੇ ਬੀਤੀ ਰਾਤ ਗੁਰਦੁਆਰਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਸਮਾਗਮ ’ਚ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਦਿਆਂ ਹੋਇਆਂ ਸਪੱਸ਼ਟ ਕੀਤਾ ਕਿ ਉਹ ਹੁਣ ਕਿਸੇ ਵੀ ਅਹੁਦੇ ’ਤੇ ਕੰਮ ਕਰਨ ਦੀ ਬਜਾਏ ਪੂਰਨ ਸੇਵਾ ਮੁਕਤੀ ਲੈਣਾ ਚਾਹੁੰਦੇ ਹਨ। ਜਥੇਦਾਰ ਜਗਜੀਤ ਸਿੰਘ ਗਾਬਾ ਨੇ ਕਿਹਾ ਕਿ ਉਨ੍ਹਾਂ ਨੇ ਸਾਢੇ 31 ਸਾਲ ਮੁੱਖ ਸੇਵਾਦਾਰ ਵਜੋਂ ਨਿਸ਼ਕਾਮ ਭਾਵਨਾ ਨਾਲ ਸੇਵਾ ਨਿਭਾਈ ਹੈ ਤੇ ਇਸ ਦੌਰਾਨ ਸੰਗਤਾਂ ਵੱਲੋਂ ਮਿਲੇ ਮਾਣ-ਸਤਿਕਾਰ ਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਗੁਰਦੁਆਰਾ ਸਾਹਿਬ ਤੇ ਹਸਪਤਾਲ ਦੇ ਵਿਕਾਸ ਕਾਰਜਾਂ ਲਈ ਦਿੱਤੇ ਸਹਿਯੋਗ ਲਈ ਉਹ ਸਦਾ ਰਿਣੀ ਰਹਿਣਗੇ। ਉਨ੍ਹਾਂ ਦੱਸਿਆ ਕਿ ਪ੍ਰਬੰਧਕ ਕਮੇਟੀ ਵੱਲੋਂ ਨਵੇਂ ਪ੍ਰਧਾਨ ਵਜੋਂ ਕੰਵਲਜੀਤ ਸਿੰਘ ਟੋਨੀ ਦੀ ਚੋਣ ਕੀਤੀ ਗਈ ਹੈ ਤੇ ਉਨ੍ਹਾਂ ਨੂੰ ਚੇਅਰਮੈਨ ਵਜੋਂ ਕੰਮ ਕਰਨ ਲਈ ਬੇਨਤੀ ਕੀਤੀ ਗਈ ਸੀ ਪਰ ਵਧਦੀ ਉਮਰ ਤੇ ਸਿਹਤ ਸਮੱਸਿਆਵਾਂ ਕਾਰਨ ਉਹ ਇਹ ਜ਼ਿੰਮੇਵਾਰੀ ਸਵੀਕਾਰ ਨਹੀਂ ਕਰ ਰਹੇ। ਉਨ੍ਹਾਂ ਭਾਵੁਕ ਹੁੰਦੇ ਹੋਏ ਕਿਹਾ ਕਿ ਉਹ ਸੇਵਾ ਦੀ ਸ਼ੁਰੂਆਤ ਸੰਗਤਾਂ ਦੇ ਜੋੜੇ ਝਾੜਨ ਤੋਂ ਕੀਤੀ ਸੀ ਤੇ ਗੁਰੂ ਸਾਹਿਬ ਦੀ ਅਪਾਰ ਮਿਹਰ ਤੇ ਸੰਗਤਾਂ ਦੇ ਪਿਆਰ ਨਾਲ ਹੀ ਉਹ ਇਸ ਮੁਕਾਮ ਤੱਕ ਪਹੁੰਚੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੇਵਾ ਦੌਰਾਨ ਜੇਕਰ ਕਿਸੇ ਨੂੰ ਕੋਈ ਦੁੱਖ ਪਹੁੰਚਿਆ ਹੋਵੇ ਤਾਂ ਗੁਰੂ ਸਾਹਿਬ ਤੇ ਗੁਰੂ ਰੂਪ ਸੰਗਤ ਕੋਲੋਂ ਖਿਮਾ ਮੰਗਦਿਆਂ ਭਵਿੱਖ ’ਚ ਵੀ ਸੰਗਤ ਦੇ ਹਰ ਦੁੱਖ-ਸੁੱਖ ’ਚ ਪਹਿਲਾਂ ਵਾਂਗ ਸਾਥ ਨਿਭਾਉਂਦੇ ਰਹਿਣਗੇ। ਅਖੀਰ ਉਨ੍ਹਾਂ ਨੇ ਸਮੂਹ ਸੰਗਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ ਅੰਮ੍ਰਿਤ ਛਕ ਕੇ ਗੁਰੂ ਨਾਲ ਜੁੜਨ, ਗੁਰਬਾਣੀ ਨੂੰ ਜੀਵਨ ਦਾ ਅਧਾਰ ਬਣਾਉਣ ਤੇ ਗੁਰੂ ਵਾਲੇ ਬਣਨ ਦੀ ਪ੍ਰੇਰਨਾ ਦਿੱਤੀ।