162 ਸਾਲਾਂ ਬਾਅਦ ਪਲੇਟਫਾਰਮ-1 ਦੇ ਅੱਧੇ ਹਿੱਸੇ ’ਚ ਪੈਣ ਲੱਗੀ ਛੱਤ
162 ਸਾਲਾਂ ਬਾਅਦ ਸਿਟੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ ਇਕ ਦੇ ਅੱਧੇ ਹਿੱਸੇ ’ਚ ਪੈਣ ਲੱਗੀ ਛੱਤ, ਗਾਰਡਰ ਤਿਆਰ
Publish Date: Thu, 15 Jan 2026 08:35 PM (IST)
Updated Date: Thu, 15 Jan 2026 08:36 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : 162 ਸਾਲਾਂ ਬਾਅਦ ਸਿਟੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ ਇਕ ਦੇ ਅੱਧੇ ਹਿੱਸੇ ’ਚ ਸ਼ੈੱਡ ਪਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ ਤੇ ਇਸ ਲਈ ਗਾਰਡਰ ਵੀ ਤਿਆਰ ਕਰ ਲਏ ਗਏ ਹਨ। ਪਲੇਟਫਾਰਮ ਨੰਬਰ ਇਕ ਦੇ ਅੱਧੇ ਹਿੱਸੇ ’ਚ ਸ਼ੈੱਡ ਨਾ ਹੋਣ ਕਾਰਨ ਲੁਧਿਆਣਾ ਵੱਲੋਂ ਜਲੰਧਰ ਆਉਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਦੇ ਯਾਤਰੀਆਂ ਨੂੰ ਗਰਮੀਆਂ ’ਚ ਤਿੱਖੀ ਧੁੱਪ ਤੇ ਮਾਨਸੂਨ ਦੌਰਾਨ ਮੀਂਹ ’ਚ ਪਲੇਟਫਾਰਮ ’ਤੇ ਉਤਰਨਾ ਪੈਂਦਾ ਸੀ, ਜਿਸ ਨਾਲ ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਕਿਉਂਕਿ ਪਲੇਟਫਾਰਮ ਦੇ ਅੱਧੇ ਹਿੱਸੇ ’ਤੇ ਹੀ ਸ਼ੈੱਡ ਹੈ ਤੇ ਫੁੱਟਓਵਰ ਬ੍ਰਿਜ ਤੋਂ ਪਲੇਟਫਾਰਮ ਦੇ ਲੁਧਿਆਣਾ ਪਾਸੇ ਵਾਲੇ ਆਖ਼ਰੀ ਸਿਰੇ ਤੱਕ ਕੋਈ ਸ਼ੈੱਡ ਨਹੀਂ ਹੈ। ਜਦਕਿ ਜ਼ਿਆਦਾਤਰ ਰੇਲ ਗੱਡੀਆਂ ਦੇ ਅੱਧ ਤੋਂ ਵੱਧ ਡੱਬੇ ਵੀ ਇਸੇ ਹਿੱਸੇ ’ਚ ਖੜ੍ਹੇ ਹੁੰਦੇ ਹਨ। 1864 ’ਚ ਬਣੇ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੀ ਵਿਕਾਸ ਪ੍ਰਕਿਰਿਆ ਲਗਾਤਾਰ ਚੱਲਦੀ ਰਹੀ ਤੇ ਪਲੇਟਫਾਰਮਾਂ ’ਚ ਵੀ ਸਮੇਂ-ਸਮੇਂ ‘ਤੇ ਬਦਲਾਅ ਹੁੰਦੇ ਰਹੇ, ਜਿਸ ਕਾਰਨ ਸਟੇਸ਼ਨ ’ਤੇ ਪੰਜ ਪਲੇਟਫਾਰਮ ਤਿਆਰ ਹੋ ਗਏ। ਹੋਰ ਪਲੇਟਫਾਰਮਾਂ ’ਤੇ ਤਾਂ ਸ਼ੈੱਡ ਪਾ ਦਿੱਤਾ ਗਿਆ ਪਰ ਪਲੇਟਫਾਰਮ ਨੰਬਰ ਇਕ ਦਾ ਅੱਧਾ ਹਿੱਸਾ ਹਰ ਵਾਰ ਨਜ਼ਰਅੰਦਾਜ਼ ਹੁੰਦਾ ਰਿਹਾ। ਮੌਜੂਦਾ ਸਮੇਂ ’ਚ ਪਲੇਟਫਾਰਮ ਨੰਬਰ ਇਕ ਦੇ ਅੱਧੇ ਹਿੱਸੇ ਤੋਂ ਇਲਾਵਾ ਪਲੇਟਫਾਰਮ ਨੰਬਰ ਦੋ, ਤਿੰਨ, ਪੰਜ ਤੇ ਵਨ-ਏ ’ਤੇ ਪੂਰੀ ਤਰ੍ਹਾਂ ਸ਼ੈੱਡ ਲੱਗੀ ਹੋਈ ਹੈ। ਹੁਣ ਲਗਪਗ ਸਾਰੇ ਗਾਰਡਰ ਤੇ ਐਂਗਲ ਤਿਆਰ ਹੋ ਚੁੱਕੇ ਹਨ ਤੇ ਆਉਣ ਵਾਲੇ ਚਾਰ-ਪੰਜ ਦਿਨਾਂ ’ਚ ਛੱਤ ਪਾਉਣ ਲਈ ਗਾਰਡਰ ਫਿਟ ਕਰਨ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸ ਤੋਂ ਪਹਿਲਾਂ ਗਾਰਡਰ ਲਗਾਉਣ ਲਈ ਪਲੇਟਫਾਰਮ ’ਤੇ ਛੇ ਫੁੱਟ ਡੂੰਘੇ ਕਾਂਕਰੀਟ ਦੇ ਪਿੱਲਰ ਵੀ ਤਿਆਰ ਕਰ ਲਏ ਗਏ ਹਨ। ------------------------ ਜਿੱਥੇ ਬਣ ਰਹੀ ਹੈ ਸ਼ੈਡ, ਉੱਥੋਂ ਹੀ ਪਹਿਲੇ ਦੌਰ ’ਚ ਸਟੇਸ਼ਨ ਦੀ ਇਮਾਰਤ ਦਾ ਨਿਰਮਾਣ ਸ਼ੁਰੂ ਹੋਵੇਗਾ ਸਿਟੀ ਰੇਲਵੇ ਸਟੇਸ਼ਨ ਦਾ ਲਗਪਗ 200 ਕਰੋੜ ਰੁਪਏ ਦੀ ਲਾਗਤ ਨਾਲ ਨਵੀਂ ਤਰ੍ਹਾਂ ਨਿਰਮਾਣ ਕੀਤਾ ਜਾਣਾ ਹੈ। ਸਟੇਸ਼ਨ ਦੀ ਇਮਾਰਤ ਤੇ ਮੁੱਖ ਐਂਟਰੀ ਫੁੱਟਓਵਰ ਬ੍ਰਿਜ ਦੇ ਅੱਗੇ ਵੱਲੋਂ ਤਿਆਰ ਕਰਨ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਲਈ ਰੇਲਵੇ ਰੋਡ ਵੱਲ ਜਾਣ ਵਾਲੀ ਸੜਕ ਤੇ ਜੀਆਰਪੀ ਦੀ ਇਮਾਰਤ, ਐੱਸਐੱਸਈ ਦਫ਼ਤਰ, ਵੈੱਲਫੇਅਰ ਦਫ਼ਤਰ, ਰੇਲਵੇ ਰਿਟਾਇਰਡ ਮੁਲਾਜ਼ਮਾਂ ਦੇ ਦਫ਼ਤਰ, ਰੈਸਟ ਹਾਊਸ ਆਦਿ ਰਸਤੇ ’ਚ ਆਉਣ ਵਾਲੀਆਂ ਸਾਰੀਆਂ ਇਮਾਰਤਾਂ ਨੂੰ ਢਾਹ ਕੇ ਇਕ ਨਵਾਂ ਸਿੱਧਾ ਰਸਤਾ ਤਿਆਰ ਕੀਤਾ ਜਾਵੇਗਾ। ਇਹ ਰਸਤਾ ਅੱਗੇ ਚੱਲ ਕੇ ਲਾਡੋਵਾਲੀ ਰੋਡ ਤੋਂ ਗੁਰੂ ਨਾਨਕਪੁਰਾ ਫਾਟਕ ਵੱਲ ਜਾਣ ਵਾਲੀ ਸੜਕ ਨਾਲ ਜੁੜੇਗਾ। ਇਸ ਕਾਰਨ ਲਗਪਗ ਡੇਢ ਸਾਲ ਤੱਕ ਸਟੇਸ਼ਨ ਵੱਲ ਆਉਣ ਵਾਲੀ ਇਹ ਸੜਕ ਬੰਦ ਰਹੇਗੀ। -------------------- ਸਮਾਰਟ ਸਿਟੀ ਪ੍ਰੋਜੈਕਟ ਤਹਿਤ ਬਣਨੀ ਸੀ ਸ਼ੈੱਡ, ਲੱਗਣੇ ਸਨ ਐਸਕਲੇਟਰ ਸਮਾਰਟ ਸਿਟੀ ਪ੍ਰੋਜੈਕਟ ਤਹਿਤ 6.24 ਕਰੋੜ ਰੁਪਏ ਦੀ ਲਾਗਤ ਨਾਲ ਸਿਟੀ ਸਟੇਸ਼ਨ ਦਾ ਫੇਸਲਿਫਟ ਕੀਤਾ ਜਾਣਾ ਸੀ, ਜਿਸ ਅਧੀਨ ਸੈਕੰਡ ਐਂਟਰੀ ਵੀ ਬਣਾਈ ਜਾਣੀ ਸੀ। ਇਸ ’ਚ ਪਲੇਟਫਾਰਮ ਨੰਬਰ ਇਕ ’ਤੇ ਸ਼ੈੱਡ ਪਾ ਕੇ ਸਿੱਧਾ ਫੁੱਟਓਵਰ ਬ੍ਰਿਜ ਸੈਕੰਡ ਐਂਟਰੀ ਤੱਕ ਲਿਜਾਣ ਦੀ ਯੋਜਨਾ ਸੀ। ਇਸ ਲਈ ਜੀਆਰਪੀ ਦੀ ਇਮਾਰਤ ਨੂੰ ਢਾਹ ਕੇ ਹੋਰ ਥਾਂ ਸ਼ਿਫਟ ਕੀਤਾ ਜਾਣਾ ਸੀ, ਜਿੱਥੋਂ ਫੁੱਟਓਵਰ ਬ੍ਰਿਜ ਤਿਆਰ ਹੋਣਾ ਤੇ ਐਸਕਲੇਟਰ ਵੀ ਲੱਗਣੇ ਸਨ ਪਰ ਇਹ ਪ੍ਰੋਜੈਕਟ ਸਿਰਫ਼ ਸਰਕੂਲੇਟਿੰਗ ਏਰੀਆ (ਸਟੇਸ਼ਨ ਪ੍ਰਿਸਰ ਦੇ ਬਾਹਰੀ ਹਿੱਸੇ) ਦੇ ਵਿਕਾਸ ਤੱਕ ਹੀ ਸੀਮਤ ਰਹਿ ਗਿਆ। ਹੁਣ ਇਸ ਨੂੰ ਅਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੀ ਦੂਜੀ ਕੜੀ ’ਚ ਸ਼ਾਮਲ ਕਰਕੇ ਵਿਕਾਸ ਕਰਨ ਦਾ ਫੈਸਲਾ ਕੀਤਾ ਗਿਆ ਹੈ। ਅਮ੍ਰਿਤ ਭਾਰਤ ਸਟੇਸ਼ਨ ਯੋਜਨਾ ਅਧੀਨ ਸਾਰੇ ਪਲੇਟਫਾਰਮ ਰੂਫਟਾਪ ਦੇ ਨਾਲ-ਨਾਲ ਪੂਰੀ ਤਰ੍ਹਾਂ ਕਵਰਡ ਛੱਤ ਵਾਲੇ ਹੋਣਗੇ।