ਦੁਕਾਨਾਂ ਢਾਹੁਣ ਲਈ ਦਿੱਤਾ 3 ਦਿਨਾਂ ਦਾ ਐਲਟੀਮੇਟਮ
ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮਾਤਾ ਕਲਸੀ ਨਗਰ ਦੀਆਂ ਦੁਕਾਨਾਂ ਢਾਹੁਣ ਦਾ ਦਿੱਤਾ 3 ਦਿਨ ਦਾ ਐਲਟੀਮੇਟਮ
Publish Date: Fri, 03 Apr 2026 10:13 PM (IST)
Updated Date: Fri, 03 Apr 2026 10:16 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਮਾਤਾ ਕਲਸੀ ਨਗਰ ਫਿਲੌਰ ਦੇ ਵਾਸੀਆਂ ਨੂੰ ਬੀਤੇ ਦਿਨੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਦੁਕਾਨਾਂ ਤੇ ਘਰਾਂ ਨੂੰ ਤਿੰਨ ਦਿਨਾਂ ’ਚ ਢਾਹੁਣ ਦਾ ਅਲਟੀਮੇਟਮ ਦੇ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਹ ਆਪ ਹੀ ਸਾਮਾਨ ਚੁੱਕ ਕੇ ਇਹ ਜਗ੍ਹਾ ਖਾਲੀ ਕਰ ਦੇਣ ਨਹੀਂ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਪੁਲਿਸ ਫੋਰਸ ਨੂੰ ਲੈ ਕੇ ਸ਼ਨਿਚਰਵਾਰ ਨੂੰ ਨਾਜਾਇਜ਼ ਕਬਜੇ ਹਟਾਏ ਜਾਣਗੇ। ਕਲਸੀ ਨਗਰ ਦੇ ਮੁਹੱਲਾ ਵਾਸੀਆਂ ਤੇ ਦੁਕਾਨਦਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ ਲੰਮੇ ਸਮੇ ਤੋਂ ਇੱਥੇ ਰਹਿ ਰਹੇ ਹਾਂ ਜੇ ਸਬੰਧ ਵਿਭਾਗ ਨੇ ਕੋਈ ਕਾਰਵਾਈ ਕੀਤੀ ਤਾਂ ਅਸੀਂ ਤਾਂ ਬੇਘਰ ਤੇ ਬੇਰੁਜ਼ਗਾਰ ਹੋ ਜਾਣਾ। ਕਲਸੀ ਨਗਰ ’ਚ ਤਕਰੀਬਨ 350 ਘਰ ਤੇ 150 ਦੁਕਾਨਾਂ ਹਨ ਜਿਨ੍ਹਾਂ ’ਤੇ ਪ੍ਰਸ਼ਾਸਨ ਕਾਰਵਾਈ ਦੀ ਗੱਲ ਕਰ ਰਿਹਾ ਹੈ। ਇਸ ਮੌਕੇ ਬਸਪਾ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਪੁੱਜੇ ਤੇ ਉਨਾਂ ਨੇ ਮੁਹੱਲਾ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ’ਤੇ ਤਿੱਖੇ ਵਾਰ ਕਰਦਿਆਂ ਬਸਪਾ ਵੱਲੋਂ ਸੰਘਰਸ਼ ਦੀ ਚਿਤਾਵਨੀ ਦਿੱਤੀ। ਲੋਕ ਇਨਸਾਫ਼ ਮੰਚ ਦੇ ਪ੍ਰਧਾਨ ਜਰਨੈਲ ਫਿਲੌਰ ਨੇ ਇਕ ਪਾਸੇ ਸਰਕਾਰ ਲੋਕਾਂ ਨੂੰ ਰੁਜ਼ਗਾਰ ਤੇ ਨੌਕਰੀਆਂ ਦੇਣ ਦਾ ਵਾਅਦਾ ਕਰ ਰਹੀ ਹੈ ਤੇ ਦੂਜੇ ਪਾਸੇ ਫਿਲੌਰ ਦੇ ਕਲਸੀ ਨਗਰ ਦੀਆਂ ਦੁਕਾਨਾਂ ਤੇ ਘਰਾਂ ’ਤੇ ਕਾਰਵਾਈ ਕਰਕੇ ਉਜਾੜ ਰਹੀ ਹੈ। ਇਸ ਮੌਕੇ ਕਾਂਗਰਸੀ ਪਾਰਟੀ ਹਲਕਾ ਫਿਲੌਰ ਦੇ ਸੀਨੀਅਰ ਆਗੂ ਰਾਜਿੰਦਰ ਸੰਧੂ ਨੇ ਕਿਹਾ ਇਹ ਪਰਿਵਾਰ ਲੰਮੇ ਸਮੇ ਤੋਂ ਇੱਥੇ ਰਹਿ ਰਹੇ ਹਨ ਉਨ੍ਹਾਂ ਨੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਗਰੀਬ ਦੀਆਂ ਦੁਕਾਨਾਂ ਤੇ ਰੈਣ ਬਸਰੇ ਨਾ ਢਾਹੇ ਜਾਣ। ਜਦੋਂ ਇਸ ਸਬੰਧੀ ਐੱਸਡੀਐੱਮ ਦੀਪਕ ਭਾਟੀਆ ਨਾਲ ਸੰਪਰਕ ਤਾਂ ਉਨ੍ਹਾਂ ਨੇ ਕਿਹਾ ਐੱਨਐੱਚਆਈ ਦੀ ਜਗ੍ਹਾ ਹੈ। ਦੁਕਾਨਦਾਰਾਂ ਤੇ ਘਰਾਂ ਵਾਲਿਆਂ ਨੂੰ ਵਿਹਲੇ ਕਰਨ ਨੂੰ ਕਿਹਾ ਗਿਆ ਹੈ। ਬਾਕੀ ਉਨ੍ਹਾਂ ਨੂੰ ਬੁਲਾ ਕੇ ਸਮੱਸਿਆ ਦਾ ਕੋਈ ਢੁਕਵਾਂ ਹੱਲ ਕੱਢਿਆ ਜਾਵੇਗਾ।