- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਲੰਧਰ ਦੇ ਆਦਿਤਿਆ ਸ਼ਰਮਾ ਦੀ ਅਮਰੀਕੀ ਹਮਲੇ ਵਿੱਚ ਮੌਤ, ਓਮਾਨ ਨੇੜੇ ਜਹਾਜ਼ ’ਤੇ ਸੀ ਤਾਇਨਾਤ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ 23 ਵਰ੍ਹਿਆ ਆਦਿਤਿਆ ਸ਼ਰਮਾ ਦੀ ਤਿੰਨ ਦੇਸ਼ਾਂ ਵਿਚਾਲੇ ਚੱਲ ਰਹੇ ਟਕਰਾਅ ਦੌਰਾਨ ਹੋਏ ਅਮਰੀਕੀ ਹਮਲੇ ’ਚ ਮੌਤ ਹੋ ਗਈ ਹੈ। ਆਦਿਤਿਆ ਓਮਾਨ ਨੇੜੇ ਤੇਲ ਵਾਹਕ ਜਹਾਜ਼ ਐੱਮਟੀ ਸੇਤੋਬੇਲੋ ’ਤੇ ਡੈੱਕ ਕੈਡੇਟ ਵਜੋਂ ਤਾਇਨਾਤ ਸੀ। ਸਿਖਲਾਈ ਪੂਰੀ ਕਰਨ ਤੋਂ ਬਾਅਦ ਇਹ ਉਸ ਦੀ ਪਹਿਲੀ ਤਾਇਨਾਤੀ ਸੀ। ਹਮਲੇ ਵੇਲੇ ਜਹਾਜ਼ ’ਤੇ ਹਾਜ਼ਰ 24 ਕਰੂ ਮੈਂਬਰਾਂ ਵਿੱਚੋਂ ਤਿੰਨ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ ਪਰ ਹੁਣ ਵਿਦੇਸ਼ ਮੰਤਰਾਲੇ ਵੱਲੋਂ ਇਸ ਸਬੰਧੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਮੂਲ ਰੂਪ ’ਚ ਹਿਮਾਚਲ ਪ੍ਰਦੇਸ਼ ਨਾਲ ਸਬੰਧਤ ਪਰਿਵਾਰ ’ਚ ਜੰਮੇ ਆਦਿਤਿਆ ਸ਼ਰਮਾ ਦਾ ਜਨਮ ਜਲੰਧਰ ’ਚ ਹੋਇਆ ਸੀ। ਉਸ ਨੇ 12ਵੀਂ ਤੱਕ ਦੀ ਪੜ੍ਹਾਈ ਜਲੰਧਰ ਤੋਂ ਹੀ ਕੀਤੀ। ਇਸ ਤੋਂ ਬਾਅਦ ਉਸ ਨੇ ਸਕਾਟਲੈਂਡ ਤੋਂ ਨੌਟੀਕਲ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ। ਮਰਚੈਂਟ ਨੇਵੀ ਦੀ ਤਿਆਰੀ ਵੀ ਉਸ ਨੇ ਜਲੰਧਰ ’ਚ ਰਹਿ ਕੇ ਕੀਤੀ ਤੇ ਕਾਮਯਾਬੀ ਮਗਰੋਂ ਨਵੰਬਰ 2025 ਵਿੱਚ ਉਸ ਦੀ ਪਹਿਲੀ ਪੋਸਟਿੰਗ ਹੋਈ। ਆਦਿਤਿਆ ਨੂੰ 24 ਮਈ ਨੂੰ ਜਲੰਧਰ ਪਰਤਣਾ ਸੀ ਪਰ ਜੰਗ ਕਾਰਨ ਉਸ ਨੇ ਦੋ ਮਹੀਨੇ ਹੋਰ ਰੁਕਣ ਦਾ ਫੈਸਲਾ ਕੀਤਾ ਸੀ। ਹੁਣ ਉਸ ਦੀ ਮੌਤ ਦੀ ਖ਼ਬਰ ਨਾਲ ਜਲੰਧਰ ਤੋਂ ਲੈ ਕੇ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੇ ਪਿੰਡ ਭਾਲੂ ਤੱਕ ਸੋਗ ਦੀ ਲਹਿਰ ਦੌੜ ਗਈ ਹੈ। ਆਦਿਤਿਆ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਸੀ। ਉਸ ਦੇ ਪਿਤਾ ਰਾਜੇਸ਼ ਸ਼ਰਮਾ ਪਹਿਲਾਂ ਚਮੜੇ ਦੇ ਕਾਰੋਬਾਰ ਨਾਲ ਜੁੜੇ ਹੋਏ ਸਨ ਪਰ ਪਿਛਲੇ ਕੁਝ ਸਾਲਾਂ ਤੋਂ ਜਲ ਸੰਭਾਲ ਨਾਲ ਸਬੰਧਤ ਉਪਕਰਨ ਤਿਆਰ ਕਰ ਰਹੇ ਸਨ। ਗੁਆਂਢੀਆਂ ਅਨੁਸਾਰ ਆਦਿਤਿਆ ਨੇ ਬਹੁਤ ਮਿਹਨਤ ਕਰਕੇ ਮਰਚੈਂਟ ਨੇਵੀ ’ਚ ਥਾਂ ਬਣਾਈ ਸੀ ਪਰ ਪਹਿਲੀ ਹੀ ਪੋਸਟਿੰਗ ਦੌਰਾਨ ਇਹ ਦੁਖਦਾਈ ਹਾਦਸਾ ਵਾਪਰ ਗਿਆ।
-------------------------------
ਨਿਊ ਹਰਬੰਸ ਨਗਰ ’ਚ ਰਹਿੰਦਾ ਹੈ ਪਰਿਵਾਰ
ਆਦਿਤਿਆ ਦੇ ਪਿਤਾ ਰਾਜੇਸ਼ ਸ਼ਰਮਾ ਅਤੇ ਮਾਤਾ ਸੁਸ਼ਮਾ ਸ਼ਰਮਾ ਪਿਛਲੇ ਕਰੀਬ 25 ਸਾਲਾਂ ਤੋਂ ਜਲੰਧਰ ਦੇ ਨਿਊ ਹਰਬੰਸ ਨਗਰ ’ਚ ਰਹਿ ਰਹੇ ਹਨ। ਆਦਿਤਿਆ ਦਾ ਜਨਮ ਵੀ ਇੱਥੇ ਹੀ ਹੋਇਆ ਸੀ। ਹਾਦਸੇ ਦੀ ਖ਼ਬਰ ਮਿਲਣ ਮਗਰੋਂ ਦੋਵੇਂ ਆਪਣੇ ਜੱਦੀ ਪਿੰਡ, ਹਿਮਾਚਲ ਪ੍ਰਦੇਸ਼ ਲਈ ਰਵਾਨਾ ਹੋ ਗਏ ਹਨ। ਨਿਊ ਹਰਬੰਸ ਨਗਰ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਮੁਲਤਾਨੀ ਨੇ ਦੱਸਿਆ ਕਿ ਆਦਿਤਿਆ ਦਾ ਜਨਮ ਉਨ੍ਹਾਂ ਦੇ ਘਰ ਹੀ ਹੋਇਆ ਸੀ। ਉਹ ਬਹੁਤ ਹੀ ਸ਼ਾਂਤ ਸੁਭਾਅ ਤੇ ਪੜ੍ਹਾਈ ਪ੍ਰਤੀ ਸਮਰਪਿਤ ਨੌਜਵਾਨ ਸੀ। ਪਿਤਾ ਰਾਜੇਸ਼ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ਖਾਤੇ ’ਚ ਲਿਖਿਆ ਸੀ, “ਉਨ੍ਹਾਂ ਤਿੰਨ ਕਰੂ ਮੈਂਬਰਾਂ ਵਿਚੋਂ ਇਕ ਦਾ ਪਿਤਾ ਹਾਂ, ਜੋ ਲਾਪਤਾ ਹਨ। ਆਦਿਤਿਆ ਸ਼ਰਮਾ ਮੇਰਾ ਪੁੱਤਰ ਹੈ। ਕਿਰਪਾ ਕਰਕੇ ਉਸ ਨੂੰ ਲੱਭਣ ਵਿਚ ਮਦਦ ਕਰੋ।”
--------------------------
ਪੁੱਤਰ ਦੀ ਦੇਹ ਭਾਰਤ ਲਿਆਉਣ ਦੀ ਅਪੀਲ
ਪੁੱਤਰ ਦੀ ਮੌਤ ਦੀ ਸੂਚਨਾ ਮਿਲਣ ਤੋਂ ਬਾਅਦ ਆਦਿਤਿਆ ਦੇ ਪਿਤਾ ਰਾਜੇਸ਼ ਸ਼ਰਮਾ ਨੇ ਹਮੀਰਪੁਰ ਦੇ ਡੀਸੀ ਨੂੰ ਪੱਤਰ ਲਿਖ ਕੇ ਆਪਣੇ ਪੁੱਤਰ ਦੀ ਦੇਹ ਭਾਰਤ ਲਿਆਉਣ ’ਚ ਮਦਦ ਦੀ ਅਪੀਲ ਕੀਤੀ ਹੈ। ਆਦਿਤਿਆ ਸ਼ਰਮਾ ਵਰਲਡ ਮੈਰੀਟਾਈਮ ਐਨਰਜੀ ਪ੍ਰਾਈਵੇਟ ਲਿਮਟਿਡ ’ਚ ਕੰਮ ਕਰਦਾ ਸੀ। ਉਸ ਦੀ ਮੌਤ 9 ਜੂਨ ਨੂੰ ਹੋਈ ਸੀ। ਆਦਿਤਿਆ ਦੀ ਮੌਤ ’ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਦੇ ਨਾਲ ਹੀ ਅਨੁਰਾਗ ਠਾਕੁਰ ਵੀ ਆਦਿਤਿਆ ਦੀ ਦੇਹ ਭਾਰਤ ਲਿਆਉਣ ਲਈ ਯਤਨ ਕਰ ਰਹੇ ਹਨ।