ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ’ਚ ਢੁੱਕਵੀਆਂ ਸਹੂਲਤਾਂ ਉਪਲੱਬਧ : ਡੀਐੱਮਓ
ਜ਼ਿਲ੍ਹੇ ਦੀਆਂ ਸਾਰੀਆਂ ਅਨਾਜ ਮੰਡੀਆਂ ਵਿੱਚ ਢੁੱਕਵੀਆਂ ਸਹੂਲਤਾਂ ਸਥਾਪਤ - ਡੀਐੱਮਓ
Publish Date: Tue, 07 Apr 2026 10:19 PM (IST)
Updated Date: Tue, 07 Apr 2026 10:23 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਹਾੜੀ ਮੰਡੀਕਰਨ ਸੀਜ਼ਨ 2026-27 ਨੂੰ ਧਿਆਨ ਵਿੱਚ ਰੱਖਦਿਆਂ ਸੂਬਾ ਸਰਕਾਰ ਨੇ ਕਣਕ ਦੀ ਖਰੀਦ ਪ੍ਰਣਾਲੀ ਨੂੰ ਹੋਰ ਪਾਰਦਰਸ਼ੀ, ਸੰਗਠਿਤ ਅਤੇ ਕਿਸਾਨ-ਪੱਖੀ ਬਣਾਉਣ ਲਈ ਠੋਸ ਕਦਮ ਚੁੱਕੇ ਹਨ। ਨਵੀਂ ਦਾਣਾ ਮੰਡੀ ਵਿਖੇ ਹੋਈ ਮੀਟਿੰਗ ਦੌਰਾਨ ਡੀਐੱਮਓ ਅਰਵਿੰਦਰ ਸਿੰਘ ਸਾਹੀ, ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪਾਲ ਸਿੰਘ ਅਤੇ ਮਾਰਕੀਟ ਕਮੇਟੀ ਦੇ ਸਕੱਤਰ ਰੁਪਿੰਦਰ ਸਿੰਘ ਨੇ ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰਾਂ ਤੇ ਖਰੀਦ ਏਜੰਸੀਆਂ ਦੇ ਪ੍ਰਬੰਧਕੀ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਕਿਸਾਨਾਂ ਨੂੰ ਰਾਹਤ ਪ੍ਰਦਾਨ ਕਰਨਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਹਾੜੀ ਮਾਰਕੀਟਿੰਗ ਸੀਜ਼ਨ ਦੌਰਾਨ, ਕਣਕ ਦੀ ਸਰਕਾਰੀ ਖਰੀਦ ਪਹਿਲੀ ਅਪ੍ਰੈਲ ਨੂੰ ਘੱਟੋ-ਘੱਟ ਸਮਰਥਨ ਮੁੱਲ 2,585 ਰੁਪਏ ਪ੍ਰਤੀ ਕੁਇੰਟਲ ਤੇ ਸ਼ੁਰੂ ਹੋਈ ਸੀ। ਸੂਬਾ ਸਰਕਾਰ ਨੇ 132 ਲੱਖ ਮੀਟ੍ਰਿਕ ਟੱਨ ਦਾ ਖਰੀਦ ਟੀਚਾ ਰੱਖਿਆ ਹੈ। ਇਸ ਲਈ 1,897 ਤੋਂ ਵੱਧ ਦਾਣਾ ਮੰਡੀਆਂ ਅਤੇ 266 ਅਸਥਾਈ ਯਾਰਡ ਬਣਾਏ ਗਏ ਹਨ। ਕਿਸਾਨਾਂ ਨੂੰ 24 ਘੰਟਿਆਂ ਦੇ ਅੰਦਰ ਭੁਗਤਾਨ ਯਕੀਨੀ ਬਣਾਉਣ ਦੇ ਨਾਲ-ਨਾਲ ਖਰੀਦੇ ਗਏ ਅਨਾਜ ਦੀ ਸੁਚਾਰੂ ਲਿਫਟਿੰਗ ਲਈ ਮਜ਼ਬੂਤ ਪ੍ਰਬੰਧ ਕੀਤੇ ਗਏ ਹਨ। ਨਵੀਂ ਦਾਣਾ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਕਸ਼ਮੀਰੀ ਲਾਲ ਰਾਜਪਾਲ, ਹਰਜੀਤ ਸਿੰਘ ਕਾਲੜਾ, ਅਮਰਜੀਤ ਸਿੰਘ ਕਾਲਾ, ਜੋਗਿੰਦਰ ਸਿੰਘ, ਮਨਜੀਤ ਸਿੰਘ ਖੁਰਾਣਾ, ਗੁਰਵਿੰਦਰ ਸਿੰਘ ਮੰਨਾ, ਬੰਟੀ ਬੱਤਰਾ, ਵਿਨੋਦ ਨਾਰੰਗ, ਰਵਿੰਦਰ ਸਿੰਘ, ਸੁਰਜੀਤ ਸਿੰਘ ਲਵਲੀ, ਖੈਰਾਤੀ ਲਾਲ, ਪ੍ਰਿਤਪਾਲ ਸਿੰਘ ਚਾਵਲਾ, ਰਿੰਕੂ ਬਾਹਰੀ ਅਤੇ ਨੀਰਜ ਬਾਹਰੀ ਦੀ ਮੌਜੂਦਗੀ ’ਚ ਕਣਕ ਦੀ ਖਰੀਦ ਪ੍ਰਬੰਧਾਂ ਸਬੰਧੀ ਉਨ੍ਹਾਂ ਅਪੀਲ ਕੀਤੀ ਕਿ ਮੰਡੀਆਂ ’ਚ ਫਸਲ ਲਿਆਉਣ ਵਾਲੇ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਦਿਕੱਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ।