ਏਡੀਸੀ ਵੱਲੋਂ ਨੌਜਵਾਨਾਂ ਨੂੰ ਵੋਟ ਦੇ ਹੱਕ ਦੀ ਵਰਤੋਂ ਸਮਝਦਾਰੀ ਨਾਲ ਕਰਨ ਦਾ ਸੱਦਾ
ਲੋਕਤੰਤਰ ਦੀ ਮਜ਼ਬੂਤੀ ਲਈ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਨੌਜਵਾਨਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਸਮਝਦਾਰੀ ਨਾਲ ਕਰਨ ਦਾ ਸੱਦਾ
Publish Date: Sun, 25 Jan 2026 07:24 PM (IST)
Updated Date: Mon, 26 Jan 2026 04:13 AM (IST)

- 16ਵਾਂ ਰਾਸ਼ਟਰੀ ਵੋਟਰ ਦਿਵਸ ਮਨਾਇਆ, ਨਵੇਂ ਬਣੇ ਵੋਟਰਾਂ ਨੂੰ ਐਪਿਕ ਕਾਰਡ ਵੰਡੇ - ਵੋਟਰ ਜਾਗਰੂਕਤਾ ’ਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ 15 ਅਧਿਕਾਰੀ/ਕਰਮਚਾਰੀ ਸਨਮਾਨਿਤ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲੋਕਤੰਤਰ ਦੀ ਜ਼ਮੀਨੀ ਪੱਧਰ ’ਤੇ ਮਜ਼ਬੂਤੀ ਲਈ ਏਡੀਸੀ (ਜ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਮਨਿੰਦਰ ਕੌਰ ਨੇ ਅੱਜ ਨੌਜਵਾਨਾਂ ਨੂੰ ਆਪਣੇ ਵੋਟ ਦੇ ਹੱਕ ਦੀ ਵਰਤੋਂ ਬਿਨਾਂ ਕਿਸੇ ਡਰ, ਭੈਅ ਤੇ ਲਾਲਚ ਤੋਂ ਸਮਝਦਾਰੀ ਨਾਲ ਕਰਨ ਲਈ ਪ੍ਰੇਰਿਤ ਕੀਤਾ। ਸਥਾਨਕ ਹੰਸ ਰਾਜ ਮਹਿਲਾ ਮਹਾਵਿਦਿਆਲਾ ਵਿਖੇ 16ਵੇਂ ਰਾਸ਼ਟਰੀ ਵੋਟਰ ਦਿਵਸ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਾਸ਼ਟਰੀ ਵੋਟਰ ਦਿਵਸ ਮਨਾਉਣ ਦਾ ਮਕਸਦ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਹੈ ਤਾਂ ਜੋ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਸੋਚ ਸਮਝ ਕੇ ਕਰਨ। ਉਨ੍ਹਾਂ ਕਿਹਾ ਕਿ ਵੋਟ ਸਾਡਾ ਜ਼ਮਹੂਰੀ ਹੱਕ ਹੈ, ਜੋ ਸੰਵਿਧਾਨ ਨੇ ਦਿੱਤਾ ਹੈ, ਇਸ ਲਈ ਹਰੇਕ ਨਾਗਰਿਕ ਨੂੰ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ। ਉਨ੍ਹਾਂ ਇਸ ਮੌਕੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਆਪਣੇ ਵੋਟ ਦੇ ਅਧਿਕਾਰ ਪ੍ਰਤੀ ਸੁਚੇਤ ਹੋਣ ਤੇ ਚੋਣਾਂ ਦੌਰਾਨ ਇਸ ਦਾ ਸਹੀ ਇਸਤੇਮਾਲ ਕਰਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਯੋਗ ਨੌਜਵਾਨਾਂ ਦੀ ਵੋਟ ਨਹੀਂ ਬਣੀ, ਉਹ ਵੋਟ ਜ਼ਰੂਰੀ ਬਣਵਾਉਣ। ਇਸ ਦੌਰਾਨ ਮੁੱਖ ਚੋਣ ਕਮਿਸ਼ਨਰ ਤੇ ਜ਼ਿਲ੍ਹਾ ਚੋਣ ਅਫ਼ਸਰ ਦਾ ਸੰਦੇਸ਼ ਵੀ ਸੁਣਾਇਆ ਗਿਆ। ਵਧੀਕ ਡਿਪਟੀ ਕਮਿਸ਼ਨਰ ਵੱਲੋਂ ਨਵੇਂ ਬਣੇ ਵੋਟਰਾਂ ਨੂੰ ਐਪਿਕ ਕਾਰਡਾਂ ਦੀ ਵੰਡ ਕੀਤੀ ਗਈ। ਉਪਰੰਤ ਵੋਟਰ ਜਾਗਰੂਕਤਾ ’ਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ 15 ਅਧਿਕਾਰੀਆਂ/ਕਰਮਚਾਰੀਆਂ ਦਾ ਸਨਮਾਨ ਕਰਨ ਦੇ ਨਾਲ-ਨਾਲ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਵੱਖ-ਵੱਖ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਦਰਮਿਆਨ ਕਰਵਾਏ ਗਏ ਵਿੱਦਿਅਕ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਜਿਥੇ ਨੁੱਕੜ ਨਾਟਕ ‘ਮਾਈ ਇੰਡੀਆ, ਮਾਈ ਵੋਟ’ ਪੇਸ਼ ਕਰਕੇ ਨੈਤਿਕ ਵੋਟਿੰਗ ਦਾ ਸੁਨੇਹਾ ਦਿੱਤਾ ਗਿਆ ਉਥੇ ਚਾਨਣ ਐੱਨਜੀਓ ਦੇ ਵਿਸ਼ੇਸ਼ ਬੱਚਿਆਂ ਵੱਲੋਂ ਡਾਂਸ ਰਾਹੀਂ ਤੇ ਹੱਥਾਂ ’ਚ ਤਖਤੀਆਂ ਫੜ ਕੇ ਵੋਟ ਦੀ ਮਹੱਤਤਾ ’ਤੇ ਚਾਨਣਾ ਪਾਇਆ ਗਿਆ। ਵਿਦਿਆਰਥਣ ਸਿਮਰਨਜੀਤ ਕੌਰ ਤੇ ਜਾਨਵੀ ਨੇ ਆਪਣੇ ਭਾਸ਼ਣਾਂ ਰਾਹੀਂ ਵੋਟ ਦੀ ਮਹੱਤਤਾ ਨੂੰ ਉਜਾਗਰ ਕੀਤਾ। ਇਸ ਦੌਰਾਨ ਵੋਟ ਦਾ ਇਸਤੇਮਾਲ ਬਿਨਾਂ ਕਿਸੇ ਭੇਦਭਾਵ ਦੇ ਨਿਡਰ ਹੋ ਕੇ ਕਰਨ ਦੀ ਸਹੁੰ ਵੀ ਚੁਕਾਈ ਗਈ। ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਡਾ. ਸੁਰਜੀਤ ਲਾਲ, ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਅਸ਼ੋਕ ਸਹੋਤਾ ਤੇ ਸਵੀਪ ਆਈਕਨ ਵਿਵੇਕ ਜੋਸ਼ੀ ਵੱਲੋਂ ਵੀ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਤੋਂ ਪਹਿਲਾਂ ਕਾਲਜ ਦੀ ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਵਧੀਕ ਡਿਪਟੀ ਕਮਿਸ਼ਨਰ ਤੇ ਹੋਰਨਾਂ ਪਤਵੰਤਿਆਂ ਦਾ ਕਾਲਜ ’ਚ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ। ਚੋਣ ਤਹਿਸੀਲਦਾਰ ਸੁਖਦੇਵ ਸਿੰਘ ਨੇ ਵਧੀਕ ਡਿਪਟੀ ਕਮਿਸ਼ਨਰ ਤੇ ਹੋਰਨਾਂ ਸ਼ਖਸੀਅਤਾਂ ਦਾ ਨੌਜਵਾਨਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਜਲੰਧਰ ਗੁਰਵਿੰਦਰਜੀਤ ਸਿੰਘ, ਡਿਪਟੀ ਡੀਈਓ ਰਾਜੀਵ ਜੋਸ਼ੀ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਰਵੀ ਦਾਰਾ ਤੇ ਵੱਡੀ ਗਿਣਤੀ ’ਚ ਵਿਦਿਆਰਥੀ ਮੌਜੂਦ ਸਨ।