ਵਧੀਕ ਮੁੱਖ ਸਕੱਤਰ ਵੱਲੋਂ ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਦਾ ਦੌਰਾ
ਵਧੀਕ ਮੁੱਖ ਸਕੱਤਰ ਸਰਵਜੀਤ ਸਿੰਘ ਵੱਲੋਂ ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਦਾ ਦੌਰਾ
Publish Date: Thu, 08 Jan 2026 07:27 PM (IST)
Updated Date: Thu, 08 Jan 2026 07:30 PM (IST)

ਮਨਜੀਤ ਮੱਕੜ, ਪੰਜਾਬੀ ਜਾਗਰਣ, ਗੁਰਾਇਆ : ਵਧੀਕ ਮੁੱਖ ਸਕੱਤਰ ਸਰਵਜੀਤ ਸਿੰਘ ਨੇ ਯੂਥ ਫੁੱਟਬਾਲ ਕਲੱਬ (ਵਾਈਐੱਫਸੀ) ਰੁੜਕਾ ਕਲਾਂ ਦਾ ਦੌਰਾ ਕਰਕੇ ਉੱਥੇ ਜ਼ਮੀਨੀ ਪੱਧਰ ’ਤੇ ਕੀਤੇ ਜਾ ਰਹੇ ਖੇਡ ਬੁਨਿਆਦੀ ਢਾਂਚੇ ਤੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਹਰਪ੍ਰੀਤ ਸਿੰਘ ਡਾਇਰੈਕਟਰ ਸਪੋਰਟਸ ਪੰਜਾਬ, ਗੁਰਪ੍ਰੀਤ ਸਿੰਘ ਜ਼ਿਲ੍ਹਾ ਖੇਡ ਅਧਿਕਾਰੀ, ਉਮੇਸ਼ ਕੁਮਾਰ (ਤੈਰਾਕੀ ਕੋਚ) ਤੇ ਵਿਕਰਮਜੀਤ ਸਿੰਘ (ਅਥਲੈਟਿਕਸ ਕੋਚ) ਵੀ ਮੌਜੂਦ ਸਨ। ਕਲੱਬ ਦੇ ਪ੍ਰਬੰਧਨ, ਕੋਚਾਂ ਤੇ ਸਟਾਫ ਵੱਲੋਂ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਨੂੰ ਵਾਈਐੱਫਸੀ ਦੇ ਵਿਜ਼ਨ, ਉਦੇਸ਼ਾਂ ਤੇ ਚੱਲ ਰਹੀਆਂ ਖੇਡ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ ਗਈ। ਦੌਰੇ ਦੌਰਾਨ ਸਰਵਜੀਤ ਸਿੰਘ ਨੇ ਫੁੱਟਬਾਲ ਗਰਾਊਂਡ, ਰਿਹਾਇਸ਼ੀ ਖਿਡਾਰੀਆਂ ਲਈ ਹੋਸਟਲ ਸਹੂਲਤਾਂ, ਫਿਜ਼ੀਓਥੈਰੇਪੀ ਤੇ ਕੰਪਿਊਟਰ ਸੈਂਟਰ, ਕੰਪਿਊਟਰ ਸਿੱਖਿਆ ਕੇਂਦਰ ਤੇ ਨਵੇਂ ਤੌਰ ’ਤੇ ਵਿਕਸਤ ਮਲਟੀ-ਸਪੋਰਟਸ ਕੰਪਲੈਕਸ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਯੂਥ ਫੁੱਟਬਾਲ ਕਲੱਬ ਵੱਲੋਂ ਖੇਡਾਂ ਨੂੰ ਉਤਸ਼ਾਹਤ ਕਰਨ ਤੇ ਢਾਂਚਾਗਤ ਸਿਖਲਾਈ ਤੇ ਸਿੱਖਿਆ ਰਾਹੀਂ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਲਈ ਕੀਤੇ ਜਾ ਰਹੇ ਸਮਰਪਿਤ ਯਤਨਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਉਨ੍ਹਾਂ ਭਰੋਸਾ ਦਿੱਤਾ ਕਿ ਭਵਿੱਖ ’ਚ ਕਲੱਬ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਅੰਤ ’ਚ ਕਲੱਬ ਦੇ ਪ੍ਰਧਾਨ ਗੁਰਮੰਗਲ ਦਾਸ ਸੋਨੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।