ਸੇਫ ਜਲੰਧਰ ਮਿਸ਼ਨ ਸ਼ੁਰੂ, ਟ੍ਰੈਫਿਕ ਨਿਯਮ ਤੋੜਨ ਵਾਲਿਆਂ 'ਤੇ ਕੀਤੀ ਸਖ਼ਤ ਕਾਰਵਾਈ
- ਏਡੀਸੀਪੀ ਟ੍ਰੈਫਿਕ ਨੇ
Publish Date: Sun, 19 Apr 2026 08:42 PM (IST)
Updated Date: Mon, 20 Apr 2026 04:13 AM (IST)

- ਏਡੀਸੀਪੀ ਟ੍ਰੈਫਿਕ ਨੇ ਕਿਹਾ, ਸੀਸੀਟੀਵੀ ਨਾਲ ਕੀਤੀ ਜਾ ਰਹੀ ਨਿਗਰਾਨੀ, ਚਲਾਨ ਤੇ ਜਾਗਰੂਕਤਾ ਡ੍ਰਾਈਵ ਰਾਹੀਂ ਟ੍ਰੈਫਿਕ ਮੈਨੇਜਮੈਂਟ ’ਚ ਸੁਧਾਰ ਕਰਨ ਦੀ ਵੱਡੀ ਕੋਸ਼ਿਸ਼ ਜਲੰਧਰ, ਜੋ ਕਿ ਤੇਜ਼ੀ ਨਾਲ ਵਿਕਸਤ ਹੋ ਰਿਹਾ ਸ਼ਹਿਰ ਹੈ, ’ਚ ਟ੍ਰੈਫਿਕ ਮੈਨੇਜਮੈਂਟ ਇਕ ਵੱਡੀ ਚੁਣੌਤੀ ਬਣ ਚੁੱਕੀ ਹੈ। ਵਧਦੀ ਆਬਾਦੀ, ਨਿੱਜੀ ਵਾਹਨਾਂ, ਈ-ਰਿਕਸ਼ਾ ਤੇ ਆਟੋਜ਼ ਦੀ ਸੰਖਿਆ ’ਚ ਲਗਾਤਾਰ ਵਾਧਾ, ਨਾਲ ਹੀ ਬੇਵਜ੍ਹਾ ਪਾਰਕਿੰਗ ਤੇ ਸੜਕ ਕੰਢੇ ਨਾਜਾਇਜ਼ ਕਬਜ਼ੇ, ਇਹ ਸਾਰੇ ਕਾਰਨ ਸ਼ਹਿਰ ਦੀ ਟ੍ਰੈਫਿਕ ਮੈਨੇਜਮੈਂਟ ਤੇ ਪ੍ਰਭਾਵ ਪਾ ਰਹੇ ਹਨ। ਖਾਸ ਕਰ ਕੇ ਬਾਜ਼ਾਰੀ ਖੇਤਰਾਂ ਤੇ ਪ੍ਰਮੁੱਖ ਚੌਕਾਂ ਤੇ ਅਕਸਰ ਜਾਮ ਦੀ ਸਥਿਤੀ ਬਣ ਜਾਂਦੀ ਹੈ, ਜਿਸ ਨਾਲ ਆਮ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਜਲੰਧਰ ਟ੍ਰੈਫਿਕ ਪੁਲਿਸ ਲਗਾਤਾਰ ਨਵੀਆਂ ਯੋਜਨਾਵਾਂ ਬਣਾ ਰਹੀ ਹੈ ਤੇ ਆਧੁਨਿਕ ਤਕਨਾਲੋਜੀਆਂ ਦਾ ਸਹਾਰਾ ਲੈ ਰਹੀ ਹੈ। ਸੀਸੀਟੀਵੀ ਕੈਮਰਿਆਂ ਨਾਲ ਨਿਗਰਾਨੀ, ਟ੍ਰੈਫਿਕ ਲਾਈਟ ਸਿਸਟਮ ਦਾ ਵਿਸਥਾਰ, ਵਨ-ਵੇ ਪ੍ਰਬੰਧ ਤੇ ਸਖ਼ਤ ਚਲਾਨ ਵਰਗੀਆਂ ਕਈ ਕੋਸ਼ਿਸ਼ਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਮੁੱਦਿਆਂ ਤੇ ਏਡੀਸੀਪੀ ਟ੍ਰੈਫਿਕ ਗੁਰਬਾਜ਼ ਸਿੰਘ ਨੇ ‘ਜਾਗਰਣ ਗਰੁੱਪ’ ਦੇ ਸੰਵਾਦਦਾਤਾ ਸੁਕਰਾਂਤ ਨਾਲ ਵਿਸਥਾਰ ਸਹਿਤ ਗੱਲ ਕੀਤੀ। ਉਨ੍ਹਾਂ ਸ਼ਹਿਰ ’ਚ ਟ੍ਰੈਫਿਕ ਦੀ ਮੌਜੂਦਾ ਸਥਿਤੀ, ਸਮੱਸਿਆਵਾਂ, ਉਠਾਏ ਜਾ ਰਹੇ ਕਦਮਾਂ ਤੇ ਭਵਿੱਖ ਦੀਆਂ ਯੋਜਨਾਵਾਂ ’ਤੇ ਖੁੱਲ੍ਹ ਕੇ ਚਰਚਾ ਕੀਤੀ। ਪੇਸ਼ ਹੈ ਉਨ੍ਹਾਂ ਨਾਲ ਗੱਲਬਾਤ ਦੇ ਮੁੱਖ ਅੰਸ਼... ਪ੍ਰਸ਼ਨ : ਜਲੰਧਰ ’ਚ ਮੌਜੂਦਾ ਟ੍ਰੈਫਿਕ ਮੈਨੇਜਮੈਂਟ ਦੀ ਸਭ ਤੋਂ ਵੱਡੀ ਚੁਣੌਤੀ ਕੀ ਹੈ? ਉੱਤਰ : ਸ਼ਹਿਰ ’ਚ ਟ੍ਰੈਫਿਕ ਦੀ ਸਭ ਤੋਂ ਵੱਡੀ ਸਮੱਸਿਆ ਵਾਹਨਾਂ ਦੀ ਲਗਾਤਾਰ ਵਧਦੀ ਸੰਖਿਆ ਹੈ। ਖਾਸ ਕਰ ਕੇ ਈ-ਰਿਕਸ਼ਾ, ਆਟੋ ਤੇ ਨਿੱਜੀ ਕਾਰਾਂ ਦੀ ਸੰਖਿਆ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਦੁਕਾਨਦਾਰਾਂ ਦੁਆਰਾ ਦੁਕਾਨਾਂ ਦੇ ਬਾਹਰ ਸਾਮਾਨ ਰੱਖਣਾ, ਗਲਤ ਪਾਰਕਿੰਗ ਤੇ ਫੁੱਟਪਾਥਾਂ ਤੇ ਰੇਹੜੀ-ਫੜ੍ਹੀ ਲਗਾਉਣਾ ਵੀ ਟ੍ਰੈਫਿਕ ਨੂੰ ਰੋਕਦਾ ਹੈ। ਜੋਤੀ ਚੌਕ ਵਰਗੇ ਇਲਾਕਿਆਂ ’ਚ ਸੰਡੇ ਬਾਜ਼ਾਰ ਦੇ ਕਾਰਨ ਜਾਮ ਦੀ ਸਮੱਸਿਆ ਵਧ ਜਾਂਦੀ ਹੈ। ਪ੍ਰਸ਼ਨ : ਵਧਦੀ ਵਾਹਨਾਂ ਦੀ ਸੰਖਿਆ ਨੂੰ ਦੇਖਦੇ ਹੋਏ ਕੀ ਨਵੀਆਂ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ? ਉੱਤਰ: ਸ਼ਹਿਰ ਦੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦੂਰਅੰਦੇਸ਼ੀ ਸੋਚ ਰੱਖਦੇ ਹਨ। ਉਨ੍ਹਾਂ ਦੀਆਂ ਯੋਜਨਾਵਾਂ ਦੇ ਮੁੱਖ ਰੂਪ ’ਚ ਟ੍ਰੈਫਿਕ ਮੈਨੇਜਮੈਂਟ ਨੂੰ ਬਿਹਤਰ ਬਣਾਉਣ ਲਈ ਨਗਰ ਨਿਗਮ ਦੇ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ। ਸੜਕਾਂ ਨੂੰ ਖੁੱਲ੍ਹਾ ਕਰਨ, ਚੌਕਾਂ ਦਾ ਆਕਾਰ ਛੋਟਾ ਕਰਨ ਤੇ ਨਵੀਆਂ ਪਾਰਕਿੰਗ ਸੁਵਿਧਾਵਾਂ ਵਿਕਸਿਤ ਕਰਨ ਦੀ ਯੋਜਨਾ ਹੈ। ਜਿੱਥੇ ਟ੍ਰੈਫਿਕ ਲਾਈਟਾਂ ਨਹੀਂ ਹਨ, ਉੱਥੇ ਨਵੀਆਂ ਲਾਈਟਾਂ ਲਗਾਈਆਂ ਜਾਣਗੀਆਂ ਤਾਂ ਜੋ ਟ੍ਰੈਫਿਕ ਸੁਚਾਰੂ ਤਰੀਕੇ ਨਾਲ ਚੱਲ ਸਕੇ। ਪ੍ਰਸ਼ਨ : ਕੀ ਸ਼ਹਿਰ ’ਚ ਸਮਾਰਟ ਟ੍ਰੈਫਿਕ ਸਿਸਟਮ ਜਾਂ ਸੀਸੀਟੀਵੀ ਮਾਨੀਟਰਿੰਗ ਨੂੰ ਵਧਾਉਣ ਦੀ ਯੋਜਨਾ ਹੈ? ਉੱਤਰ: ਸ਼ਹਿਰ ਦੇ ਕਈ ਪ੍ਰਮੁੱਖ ਚੌਕਾਂ ਤੇ ਪਹਿਲਾਂ ਹੀ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ, ਜੋ ਲਗਾਤਾਰ ਨਿਗਰਾਨੀ ਕਰ ਰਹੇ ਹਨ। ਆਉਣ ਵਾਲੇ ਸਮੇਂ ’ਚ ਇਸਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ, ਤਾਂ ਜੋ ਟ੍ਰੈਫਿਕ ਉਲੰਘਣ ਤੇ ਤੁਰੰਤ ਕਾਰਵਾਈ ਕੀਤੀ ਜਾ ਸਕੇ ਤੇ ਮੈਨੇਜਮੈਂਟ ਹੋਰ ਜ਼ਿਆਦਾ ਪਾਰਦਰਸ਼ੀ ਬਣੇ। ਹੁਣ ਤੱਕ ਇਸ ਯੋਜਨਾ ਵਿਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਕੈਮਰਿਆਂ ਦੀ ਨਜ਼ਰ ਤੋਂ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਤੇ ਲਗਾਤਾਰ ਸਖ਼ਤੀ ਕੀਤੀ ਜਾ ਰਹੀ ਹੈ। ਇਸ ਕਾਰਨ ਸ਼ਹਿਰ ’ਚ ਟ੍ਰੈਫਿਕ ਨਿਯਮਾਂ ਦੀ ਪਾਲਣਾ ’ਚ ਸੁਧਾਰ ਹੋ ਰਿਹਾ ਹੈ। ਪ੍ਰਸ਼ਨ : ਜਾਮ ਦੀ ਸਮੱਸਿਆ ਨਾਲ ਨਿਪਟਣ ਲਈ ਕਿਹੜੇ ਸਥਾਨਾਂ ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ? ਉੱਤਰ : ਸ਼ਹਿਰ ਦੇ ਵਿਸ਼ੇਸ਼ ਚੌਕਾਂ ਤੇ ਵਨ-ਵੇ ਪੁਆਇੰਟਸ ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉੱਥੇ ਟ੍ਰੈਫਿਕ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਜਾਂਦੀ ਹੈ ਤਾਂ ਜੋ ਜਾਮ ਦੀ ਸਥਿਤੀ ਨੂੰ ਤੁਰੰਤ ਨਿਯੰਤ੍ਰਿਤ ਕੀਤਾ ਜਾ ਸਕੇ। ਲੋੜ ਮੁਤਾਬਕ ਟ੍ਰੈਫਿਕ ਡਾਈਵਰਸ਼ਨ ਵੀ ਲਾਗੂ ਕੀਤਾ ਜਾਂਦਾ ਹੈ। ਵਿਸ਼ੇਸ਼ ਤੌਰ ਤੇ ਭੀੜਭਾੜ ਵਾਲੇ ਸਥਾਨਾਂ, ਬਾਜ਼ਾਰਾਂ ਤੇ ਸ਼ਹਿਰ ਦੇ ਪ੍ਰਮੁੱਖ ਦਾਖਲਾ ਪੁਆਇੰਟਸ ਤੇ ਵਾਧੂ ਪੁਲਿਸ ਬਲ ਤਾਇਨਾਤ ਕਰ ਕੇ ਜਾਮ ਦੀ ਸਮੱਸਿਆ ਨਾਲ ਨਿਪਟਣ ਦੇ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਪ੍ਰਸ਼ਨ : ਸੜਕ ਹਾਦਸਿਆਂ ਨੂੰ ਘਟਾਉਣ ਲਈ ਕੀ ਕਦਮ ਉਠਾਏ ਜਾ ਰਹੇ ਹਨ? ਉੱਤਰ : (ਥੋੜ੍ਹਾ ਸੋਚਦੇ ਹੋਏ) ਸੜਕ ਸੁਰੱਖਿਆ ਲਈ ਸਪੀਡ ਲਿਮਿਟ ਬੋਰਡ ਲਗਾਏ ਗਏ ਹਨ ਤੇ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਨਾਲ ਹੀ, ਸ਼ਹਿਰ ’ਚ ਸੀਸੀਟੀਵੀ ਅਤੇ ਟ੍ਰੈਫਿਕ ਲਾਈਟ ਸਿਸਟਮ ਨੂੰ ਮਜ਼ਬੂਤ ਕੀਤਾ ਗਿਆ ਹੈ। ਹੈਵੀ ਵਾਹਨਾਂ ਦੀ ਦਾਖਲ਼ੀ ਸਵੇਰੇ 8 ਵਜੇ ਤੋਂ ਰਾਤ 9 ਵਜੇ ਤੱਕ ਰੋਕੀ ਗਈ ਹੈ, ਤਾਂ ਜੋ ਦੁਰਘਟਨਾਵਾਂ ਨੂੰ ਘਟਾਇਆ ਜਾ ਸਕੇ। ਇਸ ਦੇ ਨਾਲ, ਲੋਕਾਂ ’ਚ ਜਾਗਰੂਕਤਾ ਲਿਆਉਣ ਲਈ ਲਗਾਤਾਰ ਸੈਮੀਨਾਰ ਕਰਵਾਏ ਜਾ ਰਹੇ ਹਨ। ਪ੍ਰਸ਼ਨ : ਸਕੂਲ ਤੇ ਕਾਲਜ ਦੇ ਆਸ-ਪਾਸ ਟ੍ਰੈਫਿਕ ਸੁਧਾਰਨ ਲਈ ਕੀ ਕੀਤਾ ਜਾ ਰਿਹਾ ਹੈ? ਉੱਤਰ : ਸਕੂਲ ਅਤੇ ਕਾਲਜ ਦੇ ਆਸ-ਪਾਸ ਵਿਸ਼ੇਸ਼ ਸਮੇਂ ਤੇ ਟ੍ਰੈਫਿਕ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਜਾਗਰੂਕਤਾ ਮੁਹਿੰਮ ਚਲਾ ਕੇ ਵਿਦਿਆਰਥੀਆਂ ਅਤੇ ਅਭਿਵਾਵਕਾਂ ਨੂੰ ਟ੍ਰੈਫਿਕ ਨਿਯਮਾਂ ਦੇ ਕਾਪੀ ਸਚੇਤ ਕੀਤਾ ਜਾਂਦਾ ਹੈ। ਇਸ ਦੇ ਨਾਲ ਸਾਦੇ ਕੱਪੜੇ ਪਹਿਨੀ ਟ੍ਰੈਫਿਕ ਮੁਲਾਜ਼ਮ (ਮਹਿਲਾ-ਪੁਰਸ਼) ਉਸ ਸਮੇਂ ਤਾਇਨਾਤ ਕੀਤੇ ਜਾ ਰਹੇ ਹਨ, ਜਦੋਂ ਸਕੂਲ ਕਾਲਜ ਵਿਚ ਛੁੱਟੀ ਹੁੰਦੀ ਹੈ, ਤਾਂ ਜੋ ਨਿਯਮ ਤੋੜਨ ਵਾਲਿਆਂ ਜਾਂ ਹੁੜਦੰਗ ਕਰਨ ਵਾਲਿਆਂ ਤੇ ਸਖ਼ਤੀ ਕੀਤੀ ਜਾ ਸਕੇ। ਪ੍ਰਸ਼ਨ : ਪਾਰਕਿੰਗ ਦੀ ਸਮੱਸਿਆ ਦੇ ਸਮਾਧਾਨ ਲਈ ਕੀ ਯੋਜਨਾ ਹੈ? ਉੱਤਰ: ਟ੍ਰੈਫਿਕ ਪੁਲਿਸ ਸਮੇਂ-ਸਮੇਂ ਤੇ ਇਸ ਲਈ ਕੋਈ ਨਾ ਕੋਈ ਯੋਜਨਾ ਬਣਾਉਂਦੀ ਹੈ। ਫਿਲਹਾਲ ਨਗਰ ਨਿਗਮ ਦੇ ਨਾਲ ਮਿਲ ਕੇ ਨਵੀਂ ਪਾਰਕਿੰਗ ਵਿਕਸਿਤ ਕਰਨ ਦੀ ਯੋਜਨਾ ਤੇ ਕੰਮ ਚੱਲ ਰਿਹਾ ਹੈ, ਕਈ ਬਣਾਈਆਂ ਗਈਆਂ ਹਨ। ਨਾਲ ਹੀ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾ ਰਿਹਾ ਹੈ। ਗਲਤ ਪਾਰਕਿੰਗ ਕਰਨ ਵਾਲੇ ਵਾਹਨਾਂ ਨੂੰ ਕ੍ਰੇਨ ਰਾਹੀਂ ਉਠਾ ਕੇ ਚਾਲਾਨ ਕੀਤਾ ਜਾਂਦਾ ਹੈ। ਇਸ ਦਾ ਨਤੀਜਾ ਇਹ ਹੈ ਕਿ ਪਾਰਕਿੰਗ ਦੀ ਸਮੱਸਿਆ ਪਹਿਲਾਂ ਤੋਂ ਘੱਟ ਹੋਈ ਹੈ। ਪ੍ਰਸ਼ਨ : ਟ੍ਰੈਫਿਕ ਨਿਯਮ ਤੋੜਨ ਵਾਲਿਆਂ ਤੇ ਕੀ ਕਾਰਵਾਈ ਕੀਤੀ ਜਾਂਦੀ ਹੈ? ਉੱਤਰ : ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਰਦਿਆਂ ਮੋਟੇ ਚਲਾਨ ਕੀਤੇ ਜਾਂਦੇ ਹਨ। ਵੱਖ-ਵੱਖ ਚੌਕਾਂ ਤੇ ਤਾਇਨਾਤ ਮੁਲਾਜ਼ਮ ਲਗਾਤਾਰ ਨਿਗਰਾਨੀ ਕਰਦੇ ਹਨ ਤੇ ਮੌਕੇ ਤੇ ਹੀ ਕਾਰਵਾਈ ਕਰਦੇ ਹਨ। (ਮੁਸਕਰਾਉਂਦੇ ਹੋਏ) ਤੁਸੀਂ ਖ਼ੁਦ ਚੈੱਕ ਕਰੋ, ਚੌਰਾਹਿਆਂ ’ਤੇ ਹੀ ਨਹੀਂ, ਸ਼ਹਿਰ ’ਚ ਵੱਖ-ਵੱਖ ਸੜਕਾਂ ’ਤੇ ਵੀ ਨਾਕੇ ਲਗਾਏ ਜਾਂਦੇ ਹਨ, ਤਾਂ ਜੋ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਸਖ਼ਤੀ ਕੀਤੀ ਜਾ ਸਕੇ। ਪ੍ਰਸ਼ਨ : ਟ੍ਰੈਫਿਕ ਨੂੰ ਬਿਹਤਰ ਬਣਾਉਣ ਲਈ ਆਮ ਜਨਤਾ ਦੀ ਭਾਈਵਾਲੀ ਕਿੰਨੀ ਅਹਿਮ ਹੈ? ਉੱਤਰ : ਟ੍ਰੈਫਿਕ ਮੈਨੇਜਮੈਂਟ ਸੁਧਾਰਨ ’ਚ ਜਨਤਾ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਅਸੀਂ ਟ੍ਰੈਫਿਕ ਮਾਰਸ਼ਲ ਟੀਮ ਵੀ ਬਣਾਈ ਹੈ, ਜੋ ਜਾਮ ਦੇ ਸਮੇਂ ਪੁਲਿਸ ਦਾ ਸਹਿਯੋਗ ਕਰਦੀ ਹੈ। ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਜ਼ਿੰਮੇਵਾਰ ਨਾਗਰਿਕ ਬਣਨਾ ਚਾਹੀਦਾ ਹੈ। ਹਾਲਾਂਕਿ ਪਿਛਲੇ ਕੁਝ ਸਮੇਂ ਤੋਂ ਲੋਕ ਖ਼ੁਦ ਵੀ ਜਾਗਰੂਕ ਹੋਏ ਹਨ ਤੇ ਦੇਖਿਆ ਜਾ ਸਕਦਾ ਹੈ ਕਿ ਲੋਕ ਨਿਯਮਾਂ ਦੀ ਪਾਲਣਾ ਜ਼ਿਆਦਾ ਕਰਨ ਲੱਗੇ ਹਨ। (ਹੱਸਦੇ ਹੋਏ) ਹੁਣ ਇਸਨੂੰ ਡਰ ਕਹੋ ਜਾਂ ਜਾਗਰੂਕਤਾ ਪਰ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਦੇ ਦੇਖਣਾ ਚੰਗਾ ਲੱਗਦਾ ਹੈ। ਪ੍ਰਸ਼ਨ : ਭਵਿੱਖ ਲਈ ਤੁਹਾਡਾ ਵਿਜ਼ਨ ਕੀ ਹੈ? ਉੱਤਰ : ਸਾਡਾ ਟੀਚਾ ਹੈ ਕਿ ਜਲੰਧਰ ਦੀ ਟ੍ਰੈਫਿਕ ਮੈਨੇਜਮੈਂਟ ਨੂੰ ਪੂਰੀ ਤਰ੍ਹਾਂ ਵਿਵਸਥਿਤ ਤੇ ਆਧੁਨਿਕ ਬਣਾਇਆ ਜਾਵੇ। ਇਸ ਲਈ ਸਲਿੱਪ ਰੋਡ, ਨਵੀਆਂ ਟ੍ਰੈਫਿਕ ਲਾਈਟਾਂ, ਚੌਕਾਂ ਦਾ ਪੁਨਰਗਠਨ ਤੇ ਜ਼ੈਬਰਾ ਕ੍ਰਾਸਿੰਗ ਵਰਗੀਆਂ ਸੁਵਿਧਾਵਾਂ ਨੂੰ ਵਧਾਇਆ ਜਾਵੇਗਾ, ਤਾਂ ਜੋ ਸ਼ਹਿਰ ਵਿਚ ਟ੍ਰੈਫਿਕ ਸੁਚਾਰੂ ਤੇ ਸੁਰੱਖਿਅਤ ਬਣਾਈ ਜਾ ਸਕੇ।