ਦੋ ਮੁਲਜ਼ਮ ਕਾਬੂ; 2 ਪਿਸਟਲ, 5 ਕਾਰਤੂਸ ਤੇ 2 ਮੈਗਜ਼ੀਨ ਬਰਾਮਦ
ਆਦਮਪੁਰ ਪੁਲਿਸ ਵੱਲੋਂ ਦੋ ਮੁਲਜ਼ਮ ਕਾਬੂ, 2 ਪਿਸਟਲ, 5 ਜਿੰਦਾ ਕਾਰਤੂਸ ਤੇ 2 ਮੈਗਜ਼ੀਨ ਬਰਾਮਦ
Publish Date: Sun, 04 Jan 2026 07:16 PM (IST)
Updated Date: Mon, 05 Jan 2026 04:11 AM (IST)

ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਆਦਮਪੁਰ ਪੁਲਿਸ ਨੇ ਫਾਇਰਿੰਗ ਦੇ ਮਾਮਲੇ ’ਚ ਵੱਡੀ ਸਫਲਤਾ ਹਾਸਲ ਕਰਦਿਆਂ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 2 ਪਿਸਟਲ, 5 ਜ਼ਿੰਦਾ ਕਾਰਤੂਸ ਤੇ 2 ਮੈਗਜ਼ੀਨ ਬਰਾਮਦ ਕੀਤੇ ਹਨ। ਇਸ ਸਬੰਧੀ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਉਪ ਪੁਲਿਸ ਕਪਤਾਨ ਸਬ-ਡਵੀਜ਼ਨ ਰਾਜੀਵ ਕੁਮਾਰ ਨੇ ਦੱਸਿਆ ਕਿ 19 ਦਸੰਬਰ ਨੂੰ ਅੱਡਾ ਕਿਸ਼ਨਗੜ੍ਹ ਨੇੜੇ ਸਥਿਤ ਇਕ ਪੈਟਰੋਲ ਪੰਪ ’ਤੇ ਅਣਪਛਾਤੇ ਵਾਹਨ ਸਵਾਰ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਪਰਮਜੀਤ ਸਿੰਘ ਇੰਚਾਰਜ ਚੌਕੀ ਅਲਾਵਲਪੁਰ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਨਾਕਾਬੰਦੀ ਤੇ ਰੇਡਿੰਗ ਦੌਰਾਨ ਮੁੱਖ ਮੁਲਜ਼ਮ ਰਕਸ਼ਿਤ ਕੁਮਾਰ ਵਾਸੀ ਮੋਹੱਲਾ ਬੋਹਲੀ ਕਰਤਾਰਪੁਰ ਤੇ ਜਤਿੰਦਰ ਸਿੰਘ ਉਰਫ ਕਰਨ ਵਾਸੀ ਚੰਦਨ ਨਗਰ ਕਰਤਾਰਪੁਰ, ਜ਼ਿਲ੍ਹਾ ਜਲੰਧਰ ਨੂੰ ਡੀਏਵੀ ਯੂਨੀਵਰਸਿਟੀ ਨੇੜੇ ਤੋਂ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਮੁਲਜ਼ਮਾਂ ਦੇ ਕਬਜ਼ੇ ’ਚੋਂ ਪੁਲਿਸ ਵੱਲੋਂ 2 ਪਿਸਟਲ (.30 ਬੋਰ ਤੇ .32 ਬੋਰ), 5 ਕਾਰਤੂਸ ਤੇ 2 ਮੈਗਜ਼ੀਨ ਬਰਾਮਦ ਕੀਤੀਆਂ ਗਈਆਂ ਹਨ। ਦੌਰਾਨੇ ਪੁੱਛਗਿੱਛ ਦੋਸ਼ੀ ਰਕਸ਼ਿਤ ਕੁਮਾਰ ਉਰਫ ਰਕਸ਼ਿਤ ਨੇ ਖੁਲਾਸਾ ਕੀਤਾ ਕਿ 14 ਅਕਤੂਬਰ 2025 ਨੂੰ ਫਗਵਾੜਾ ਦੇ ਈਸਟਵੁੱਡ ਇਲਾਕੇ ’ਚ ਬਾਉਂਸਰ ਨਾਲ ਹੋਏ ਝਗੜੇ ਦੌਰਾਨ ਉਸ ਵੱਲੋਂ ਆਪਣੇ ਸਾਥੀਆਂ ਸਮੇਤ ਫਾਇਰਿੰਗ ਕੀਤੀ ਗਈ ਸੀ, ਜਿਸ ਸਬੰਧੀ ਉਸ ਖ਼ਿਲਾਫ਼ ਮਾਮਲਾ ਦਰਜ ਹੈ ਤੇ ਉਹ ਉਸ ਕੇਸ ’ਚ ਲੋੜੀਂਦਾ ਚੱਲ ਰਿਹਾ ਸੀ। ਪੁਲਿਸ ਵੱਲੋਂ ਦੋਹਾਂ ਵਾਰਦਾਤਾਂ ਨਾਲ ਸਬੰਧਤ ਮੁਲਜ਼ਮਾਂ ਨੂੰ ਕਾਬੂ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।