ਦੋ ਕਰੋੜ ਨਾਲ ਅਪਗ੍ਰੇਡ ਹੋਣ ਵਾਲੇ ਆਦਮਪੁਰ ਆਈਟੀਆਈ ਦਾ ਨਾਂ ਹੋਵੇਗਾ ਡਾ. ਭੀਮ ਰਾਓ ਅੰਬੇਡਕਰ
ਆਦਮਪੁਰ ਆਈਟੀਆਈ ਨੂੰ ਦੋ ਕਰੋੜ ਨਾਲ ਅੱਪਗ੍ਰੇਡ ਕੀਤਾ ਜਾਵੇਗਾ, ਨਾਮ ਡਾ. ਭੀਮਰਾਓ ਅੰਬੇਡਕਰ ਦੇ ਨਾਮ ’ਤੇ ਰੱਖਿਆ ਜਾਵੇਗਾ
Publish Date: Tue, 14 Apr 2026 10:52 PM (IST)
Updated Date: Tue, 14 Apr 2026 10:54 PM (IST)

-ਹਲਕਾ ਇੰਚਾਰਜ ਨੇ ਮੰਚ ਤੋਂ ਰੱਖੀ ਮੰਗ, ਮੁੱਖ ਮੰਤਰੀ ਨੇ ਇੱਕੋ ਥਾਂ ਦੋ ਕਰੋੜ ਮਨਜ਼ੂਰ ਕੀਤੇ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਆਦਮਪੁਰ ਤੋਂ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਸ਼ੁਰੂਆਤ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਆਦਮਪੁਰ ਆਈਟੀਆਈ ਨੂੰ ਦੋ ਕਰੋੜ ਰੁਪਏ ਨਾਲ ਅੱਪਗ੍ਰੇਡ ਕੀਤਾ ਜਾਵੇਗਾ। ਇਸ ਦਾ ਨਾਂ ਹੁਣ ਡਾ. ਭੀਮ ਰਾਓ ਅੰਬੇਡਕਰ ਦੇ ਨਾਂ ’ਤੇ ਰੱਖਿਆ ਜਾਵੇਗਾ। ਹਲਕਾ ਇੰਚਾਰਜ ਪਵਨ ਟੀਨੂ ਨੇ ਮੁੱਖ ਮੰਤਰੀ ਸਾਹਮਣੇ ਇਹ ਮੰਗ ਰੱਖੀ ਸੀ, ਜਿਸ ਨੂੰ ਮੁੱਖ ਮੰਤਰੀ ਨੇ ਮਨਜ਼ੂਰ ਕਰ ਲਿਆ। ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਪਵਨ ਟੀਨੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਮਨੀਸ਼ ਸਿਸੋਦੀਆ ਦੀ ਸੋਚ ਨੇ ਆਦਮਪੁਰ ਨੂੰ ਸਕੂਲ ਆਫ ਐਮੀਨੈਂਸ ਦਿੱਤਾ ਹੈ। ਇਹ ਸਕੂਲ ਦੁਨੀਆ ਦੇ ਨਕਸ਼ੇ ’ਤੇ ਆ ਗਿਆ ਹੈ। ਅਮਰੀਕਾ ਤੱਕ ਇਸ ਸਕੂਲ ਦੇ ਬੱਚਿਆਂ ਨੂੰ ਸੱਦਾ ਦਿੱਤਾ ਗਿਆ ਹੈ, ਜੋ ਆਦਮਪੁਰ ਲਈ ਮਾਣ ਦੀ ਗੱਲ ਹੈ। ਸਾਬਕਾ ਵਿਧਾਇਕ ਨੇ ਦੱਸਿਆ ਕਿ ਆਦਮਪੁਰ ’ਚ 2016 ’ਚ ਆਈਟੀਆਈ ਖੁੱਲ੍ਹੀ ਸੀ ਪਰ 2017 ’ਚ ਕਾਂਗਰਸ ਸਰਕਾਰ ਨੇ ਇਸ ਨੂੰ ਬੰਦ ਕਰ ਦਿੱਤਾ। ਆਪ ਸਰਕਾਰ ਨੇ ਮੁੜ ਸ਼ੁਰੂ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਆਈਟੀਆਈ ਨੂੰ ਅੱਪਗ੍ਰੇਡ ਕਰਨ ਦੀ ਲੋੜ ਹੈ, ਇਮਾਰਤ ਦਾ ਕੰਮ ਹੋਣਾ ਹੈ ਤੇ ਵੱਖ-ਵੱਖ ਟ੍ਰੇਡਾਂ ਲਈ ਮਸ਼ੀਨਾਂ ਦੀ ਵੀ ਲੋੜ ਹੈ। ਨਾਲ ਹੀ ਇਸ ਦਾ ਨਾਂ ਡਾ. ਅੰਬੇਡਕਰ ਦੇ ਨਾਂ ’ਤੇ ਰੱਖਿਆ ਜਾਣਾ ਚਾਹੀਦਾ ਹੈ। ਪਵਨ ਟੀਨੂ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਨੇ ਸੰਵਿਧਾਨ ’ਚ ਔਰਤਾਂ ਨੂੰ ਉਨ੍ਹਾਂ ਦੀ ਪੁਸ਼ਤੈਨੀ ਜਾਇਦਾਦ ’ਚ ਬਰਾਬਰੀ ਦਾ ਹੱਕ ਦਿੱਤਾ ਸੀ। ਉਸ ਵੇਲੇ ਕਾਂਗਰਸ ਦੇ ਨੇਤਾਵਾਂ ਨੇ ਇਸ ਦਾ ਵਿਰੋਧ ਕੀਤਾ ਸੀ। ਡਾ. ਅੰਬੇਡਕਰ ਕਹਿੰਦੇ ਸਨ ਕਿ ਜਦ ਤੱਕ ਆਰਥਿਕ ਆਜ਼ਾਦੀ ਨਹੀਂ ਮਿਲਦੀ, ਉਦੋਂ ਤੱਕ ਰਾਜਨੀਤਿਕ ਆਜ਼ਾਦੀ ਦਾ ਕੋਈ ਅਰਥ ਨਹੀਂ। ਆਮ ਆਦਮੀ ਪਾਰਟੀ ਅੱਜ ਸੰਵਿਧਾਨ ਦੇ ਨਾਲ ਖੜ੍ਹੀ ਹੈ ਤੇ ਔਰਤਾਂ ਨੂੰ ਸਨਮਾਨ ਰਾਸ਼ੀ ਦੇ ਕੇ ਆਰਥਿਕ ਆਜ਼ਾਦੀ ਵੱਲ ਲੈ ਕੇ ਜਾ ਰਹੀ ਹੈ। -------------------------- ਬਾਬਾ ਸਾਹਿਬ ਦਾਂ ਕਾਂਗਰਸੀਆਂ ਨੇ ਕੀਤਾ ਸੀ ਵਿਰੋਧ : ਚੀਮਾ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਜਦੋਂ ਬਾਬਾ ਸਾਹਿਬ ਪਹਿਲੀ ਵਾਰ ਜਲੰਧਰ ਆਏ ਸਨ ਤਾਂ ਕਾਂਗਰਸ ਆਗੂਆਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਸੀ। ਅੱਜ ਉਨ੍ਹਾਂ ਦਾ 135ਵਾਂ ਜਨਮ ਦਿਵਸ ਮਨਾਇਆ ਜਾ ਰਿਹਾ ਹੈ। ਹਾਈ ਕੋਰਟ ’ਚ ਪਹਿਲੀ ਵਾਰ ਆਮ ਆਦਮੀ ਪਾਰਟੀ ਨੇ ਰਿਜ਼ਰਵੇਸ਼ਨ ਦੀ ਵਿਵਸਥਾ ਕੀਤੀ ਹੈ। ਡਾ. ਅੰਬੇਡਕਰ ਸਿੱਖਿਆ ’ਤੇ ਜ਼ੋਰ ਦਿੰਦੇ ਸਨ ਤੇ ਅੱਜ ਸਰਕਾਰੀ ਸਕੂਲਾਂ ਦੇ ਬੱਚੇ ਵੱਡੇ ਟੈਸਟ ਪਾਸ ਕਰ ਰਹੇ ਹਨ। -------------------------- ਬਾਬਾ ਸਾਹਿਬ ਨੇ ਦਿੱਤਾ ਵੋਟ ਦਾ ਅਧਿਕਾਰ : ਸਿਸੋਦੀਆ ਮਨੀਸ਼ ਸਿਸੋਦੀਆ ਨੇ ਕਿਹਾ ਕਿ ਡਾ. ਅੰਬੇਡਕਰ ਦੀ ਹੀ ਦੇਣ ਹੈ ਕਿ ਅੱਜ ਪੰਜਾਬ ਦਾ ਵਿੱਤ ਮੰਤਰੀ ਇਕ ਗਰੀਬ ਪਰਿਵਾਰ ਤੋਂ ਉੱਠ ਕੇ ਇਸ ਮਕਾਮ ਤੱਕ ਪੁੱਜਾ ਹੈ। ਬਾਬਾ ਸਾਹਿਬ ਕਹਿੰਦੇ ਸਨ ਕਿ ਜੇ ਬੱਚਿਆਂ ਨੂੰ ਸ਼ੇਰ ਵਾਂਗ ਦਹਾੜਣਾ ਸਿਖਾਉਣਾ ਹੈ ਤਾਂ ਉਨ੍ਹਾਂ ਨੂੰ ਚੰਗੀ ਸਿੱਖਿਆ ਦਿਓ। ਪੰਜਾਬ ਸਰਕਾਰ ਇਹੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਤੇ ਪੰਜਾਬ ’ਚ ਸਰਕਾਰ ਬਣਨ ਤੋਂ ਬਾਅਦ ਸਰਕਾਰੀ ਦਫਤਰਾਂ ’ਚ ਡਾ. ਅੰਬੇਡਕਰ ਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਲਗਾਈਆਂ ਗਈਆਂ। ਦਿੱਲੀ ’ਚ ਸਰਕਾਰ ਬਦਲਣ ਤੋਂ ਬਾਅਦ ਭਾਜਪਾ ਨੇ ਇਹ ਤਸਵੀਰਾਂ ਹਟਾ ਦਿੱਤੀਆਂ। ਉਨ੍ਹਾਂ ਕਿਹਾ ਕਿ ਜੇ ਕੋਈ ਵੋਟ ਮੰਗਣ ਆਵੇ ਤਾਂ ਪੁੱਛੋ ਕਿ ਉਨ੍ਹਾਂ ਨੂੰ ਬਾਬਾ ਸਾਹਿਬ ਤੇ ਭਗਤ ਸਿੰਘ ਤੋਂ ਕੀ ਸਮੱਸਿਆ ਹੈ। ਕੇਂਦਰ ਸਰਕਾਰ ਲੋਕਾਂ ਦੇ ਵੋਟ ਕੱਟ ਰਹੀ ਹੈ, ਆਪਣੇ ਅਧਿਕਾਰਾਂ ਨੂੰ ਕੱਟਣ ਨਾ ਦਿਓ। --------------------------- ਮਹਿਲਾ ਕਮਲਜੀਤ ਕੌਰ ਨੇ ਮੁੱਖ ਮੰਤਰੀ ਲਈ ਸੁਣਾਈ ਕਿਕਲੀ ਗਿੱਲ ਹਲਕੇ ਤੋਂ ਰੈਲੀ ’ਚ ਆਈ ਆਪ ਵਰਕਰ ਕਮਲਜੀਤ ਕੌਰ ਨੇ ਮੁੱਖ ਮੰਤਰੀ ਲਈ ਕਿਕਲੀ ਗਾਈ, ਜਿਸਨੂੰ ਸੁਣ ਕੇ ਮੁੱਖ ਮੰਤਰੀ ਦੀਆਂ ਅੱਖਾਂ ਭਰ ਆਈਆਂ। ਅੱਜ ਸੁਭਾਗਾ ਸਮਾਂ ਭੈਣਾਂ ਦਾ ਆਇਆ ਕਿੱਕਲੀ ਕਲੀਰ ਦੀ, ਲੰਬੀ ਉਮਰ ਹੋਵੇ ਸਾਡੇ ਵੀਰ ਦੀ, ਜਿਨ੍ਹਾਂ ਪੰਜਾਬ ਦੀ ਗੱਡੀ ਲੀਹ ’ਤੇ ਚੜ੍ਹਾਈ ਏ। ਸੁੱਖੇ ਤੇ ਵੜਿੰਗ ਵਰਗਿਆਂ ਦੀ ਰਾਤ ਦੀ ਨੀਂਦ ਉਡਾਈ ਏ। ਜਵਾਨੀਆਂ ਮਾਣੇ ਸਾਡਾ ਵੀਰ ਵੇ, ਜਿਨ੍ਹਾਂ ਆਪਣੇ ਬਾਪੂ ਦੀ ਪੱਤ ਇਨ੍ਹਾਂ ਅਮਲੀਆਂ ਤੋਂ ਬਚਾਈ ਏ। ਭਾਬੀ ਸਿਹਤ ਦਾ ਖਿਆਲ ਰੱਖੀਂ ਸਾਡੇ ਵੀਰ ਦੀ, ਏ ਸੇਵਾ ਸਿਰਫ ਤੇਰੀ ਹੀ ਕਿਸਮਤ ’ਚ ਆਈ ਏ। ----------------------- ਆਦਮਪੁਰ ਤੋਂ ‘ਆਪ’ ਨੇ ਦੋਆਬਾ ਨੂੰ ਸਾਧਣ ਦੀ ਕੋਸ਼ਿਸ਼ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਨੇ ਡਾ. ਭੀਮ ਰਾਓ ਅੰਬੇਡਕਰ ਦੇ 135ਵੇਂ ਜਨਮ ਦਿਵਸ ਮੌਕੇ ਆਦਮਪੁਰ ਤੋਂ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਰਾਹੀਂ ‘ਆਪ’ ਨੇ ਦੋਆਬਾ ਖੇਤਰ ’ਚ ਆਪਣੀ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੋਆਬਾ ਦੇ ਜਲੰਧਰ, ਨਵਾਂਸ਼ਹਿਰ, ਹੁਸ਼ਿਆਰਪੁਰ ਤੇ ਕਪੂਰਥਲਾ ਜ਼ਿਲ੍ਹਿਆਂ ’ਚ ਲਗਪਗ 44.65 ਫੀਸਦੀ ਅਨੁਸੂਚਿਤ ਜਾਤੀ ਵੋਟ ਬੈਂਕ ਹੈ। ਜਲੰਧਰ ’ਚ ਇਹ ਅੰਕੜਾ ਕਰੀਬ 40 ਫੀਸਦੀ ਹੈ। ਆਦਮਪੁਰ ਨੇੜੇ ਹੁਸ਼ਿਆਰਪੁਰ ਬਸਪਾ ਸੰਸਥਾਪਕ ਕਾਂਸ਼ੀ ਰਾਮ ਦਾ ਗੜ੍ਹ ਰਿਹਾ ਹੈ। 1996 ’ਚ ਉਹ ਇਥੋਂ ਸੰਸਦੀ ਚੋਣ ਜਿੱਤੇ ਸਨ। 2012 ਤੋਂ 2022 ਤੱਕ ਅਕਾਲੀ ਦਲ-ਬਸਪਾ ਗਠਜੋੜ ’ਚ ਪਵਨ ਟੀਨੂ ਦੋ ਵਾਰ ਇਥੋਂ ਵਿਧਾਇਕ ਰਹੇ ਪਰ 2022 ਵਿੱਚ ਉਹ ਹਾਰ ਗਏ। ਇਸ ਵਾਰ ਕਾਂਗਰਸ ਦੇ ਸੁਖਵਿੰਦਰ ਸਿੰਘ ਕੋਟਲੀ ਨੇ ਜਿੱਤ ਹਾਸਲ ਕੀਤੀ। --------------------------------- ਟੀਨੂ ਰਹਿ ਚੁੱਕੇ ਹਨ ਦੋ ਵਾਰ ਵਿਧਾਇਕ ਪਵਨ ਟੀਨੂ ਦੋ ਵਾਰ ਆਦਮਪੁਰ ਤੋਂ ਵਿਧਾਇਕ ਰਹਿ ਚੁੱਕੇ ਹਨ। 2024 ਦੀ ਚੋਣ ਹਾਰਨ ਤੋਂ ਬਾਅਦ ਉਹ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ। ਜਿਸ ਪਿੰਡ ਉਦੈਸੀਆਂ ’ਚ ਸਮਾਗਮ ਹੋਇਆ, ਉੱਥੇ ਅਨੁਸੂਚਿਤ ਜਾਤੀ ਦੀ 65 ਫੀਸਦੀ ਅਬਾਦੀ ਹੈ ਤੇ ਸਿੱਖਿਆ ਦਰ ਲਗਭਗ 90 ਫੀਸਦੀ ਹੈ। ਲਿੰਗ ਅਨੁਪਾਤ ਵੀ ਵਧੀਆ ਹੈ 1000 ਮੁੰਡਿਆਂ ਦੇ ਮੁਕਾਬਲੇ 984 ਕੁੜੀਆਂ, ਜਦਕਿ ਪੰਜਾਬ ’ਚ ਇਹ ਅੰਕੜਾ 894 ਹੈ।