ਸੀਨੀਅਰ ਭਾਜਪਾ ਆਗੂ ਰਿੰਕੂ ਦੀ ਲੰਬੀ ਸੰਘਰਸ਼ ਭਰੀ ਮੰਗ ਹੋਈ ਪੂਰੀ
ਆਦਮਪੁਰ ਹਵਾਈ ਅੱਡੇ ਦਾ ਨਾਮ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਹਵਾਈ ਅੱਡਾ ਰੱਖਿਆ
Publish Date: Sun, 01 Feb 2026 08:54 PM (IST)
Updated Date: Mon, 02 Feb 2026 04:14 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਾਬਕਾ ਸੰਸਦ ਮੈਂਬਰ ਤੇ ਭਾਜਪਾ ਦੇ ਸੀਨੀਅਰ ਨੇਤਾ ਸੁਸ਼ੀਲ ਰਿੰਕੂ ਦੀ ਲੰਬੀ ਸੰਘਰਸ਼ ਭਰੀ ਮੰਗ ਅੱਜ ਪੂਰੀ ਹੋ ਗਈ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਦਮਪੁਰ ਹਵਾਈ ਅੱਡੇ ਦਾ ਨਾਮ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਹਵਾਈ ਅੱਡਾ ਰੱਖਣ ਦਾ ਐਲਾਨ ਕੀਤਾ। ਦੋਆਬਾ ਦੇ ਦਲਿਤ ਨੇਤਾ ਸੁਸ਼ੀਲ ਰਿੰਕੂ ਨੇ ਦੱਸਿਆ ਕਿ ਉਹ ਕਾਂਗਰਸ ਸਰਕਾਰ ਦੌਰਾਨ ਵਿਧਾਇਕ ਹੋਣ ਸਮੇਂ ਤੋਂ ਹੀ ਇਹ ਮੰਗ ਉਠਾਉਂਦੇ ਆ ਰਹੇ ਸਨ, ਜਿਸ ਨੂੰ ਉਸ ਵੇਲੇ ਵਿਧਾਨ ਸਭਾ ਵੱਲੋਂ ਸਰਬਸੰਮਤੀ ਨਾਲ ਮਨਜ਼ੂਰੀ ਵੀ ਮਿਲੀ ਸੀ। ਬਾਅਦ ’ਚ ਇਹ ਮੰਗ ਕੇਂਦਰ ਸਰਕਾਰ ਅੱਗੇ ਵੀ ਰੱਖੀ ਗਈ। ਸੁਸ਼ੀਲ ਰਿੰਕੂ ਨੇ ਕਿਹਾ ਕਿ ਭਾਜਪਾ ’ਚ ਸ਼ਾਮਲ ਹੋਣ ਮਗਰੋਂ ਉਨ੍ਹਾਂ ਨੇ ਕੇਂਦਰੀ ਹਵਾਬਾਜ਼ੀ ਮੰਤਰੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਇਹ ਮਸਲਾ ਮੁੜ ਉਠਾਇਆ, ਜਿਸਦੇ ਸਕਾਰਾਤਮਕ ਨਤੀਜੇ ਅੱਜ ਸਾਹਮਣੇ ਆਏ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਫੈਸਲਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਸੰਗਤ ਲਈ ਵੱਡੀ ਖੁਸ਼ੀ ਦਾ ਕਾਰਨ ਹੈ ਤੇ ਉਨ੍ਹਾਂ ਦੇ ਜੀਵਨ ਦੀ ਸਭ ਤੋਂ ਵੱਡੀ ਉਪਲਬਧੀ ਹੈ।