ਜਾਸ, ਜਲੰਧਰ : ਮੇਅਰ

ਜਾਸ, ਜਲੰਧਰ : ਮੇਅਰ ਵਨੀਤ ਧੀਰ ਨੇ ਵਾਟਰ ਸਪਲਾਈ ਵਿਭਾਗ ਨੂੰ ਰਿਕਵਰੀ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਵਿਭਾਗ ਦੇ ਅਧਿਕਾਰੀਆਂ ਨਾਲ ਹੋਈ ਮੀਟਿੰਗ ’ਚ ਮੇਅਰ ਤੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ 31 ਮਾਰਚ ਤੱਕ ਸ਼ਹਿਰ ’ਚ ਰੋਜ਼ਾਨਾ ਕਾਰਵਾਈ ਹੋਣੀ ਚਾਹੀਦੀ ਹੈ ਤੇ ਜੋ ਡਿਫਾਲਟਰ ਨਗਰ ਨਿਗਮ ਦੀ ਬਕਾਇਆ ਰਕਮ ਨਹੀਂ ਦੇ ਰਹੇ, ਉਨ੍ਹਾਂ ਦੇ ਪਾਣੀ ਤੇ ਸੀਵਰੇਜ ਕਨੈਕਸ਼ਨ ਕੱਟ ਦਿੱਤੇ ਜਾਣਗੇ। ਹਾਲਾਂਕਿ ਨਗਰ ਨਿਗਮ ਦੀ ਟੀਮ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਕਾਰਵਾਈ ਕਰ ਰਹੀ ਹੈ ਪਰ ਹੁਣ ਇਸ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਨਾਲ ਹੀ, ਮੇਅਰ ਤੇ ਕਮਿਸ਼ਨਰ ਨੇ ਵਾਟਰ ਸਪਲਾਈ ਬਿੱਲਾਂ ਦੇ ਵੱਡੇ ਡਿਫਾਲਟਰਾਂ ਖ਼ਿਲਾਫ਼ ਵੀ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। ਖਾਸ ਤੌਰ ’ਤੇ ਸਰਕਾਰੀ ਵਿਭਾਗਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਆਪਣਾ ਪੁਰਾਣਾ ਬਕਾਇਆ ਜਮ੍ਹਾਂ ਕਰਵਾਉਣ। ਰੇਲਵੇ ਵੱਲ ਲਗਪਗ 3 ਕਰੋੜ ਰੁਪਏ ਬਕਾਇਆ ਹਨ, ਜਦਕਿ ਹੋਰ ਸਰਕਾਰੀ ਵਿਭਾਗਾਂ ’ਤੇ ਵੀ ਲੱਖਾਂ ਰੁਪਏ ਪੈਂਡਿੰਗ ਹਨ। ਵਾਟਰ ਸਪਲਾਈ ਵਿਭਾਗ ਦੀ ਇਸ ਸਾਲ ਦੀ ਰਿਕਵਰੀ ਹੁਣ 12 ਕਰੋੜ ਰੁਪਏ ਤੱਕ ਪੁੱਜ ਗਈ ਹੈ, ਜਦਕਿ 31 ਮਾਰਚ ਤੱਕ ਦਾ ਟੀਚਾ 22 ਕਰੋੜ ਰੁਪਏ ਹੈ। ਇਸ ਕਾਰਨ ਨਗਰ ਨਿਗਮ ਹੁਣ ਵੱਡੇ ਡਿਫਾਲਟਰਾਂ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ ਤੇ ਰੋਜ਼ਾਨਾ ਇਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਰਿਕਵਰੀ ਸਟਾਫ ਨਾਲ ਮੀਟਿੰਗ ਵਿਚ ਮੇਅਰ-ਕਮਿਸ਼ਨਰ ਨੇ ਪਿਛਲੇ ਸਮੇਂ ’ਚ ਹੋਈ ਰਿਕਵਰੀ ਦੀ ਸਮੀਖਿਆ ਕੀਤੀ ਤੇ ਸਾਰੇ ਜ਼ੋਨ ਦਫਤਰਾਂ ਵਿਚ ਵੱਡੇ ਡਿਫਾਲਟਰਾਂ ਦੀ ਜਾਣਕਾਰੀ ਲਈ। ਜੁਆਇੰਟ ਕਮਿਸ਼ਨਰ ਡਾ. ਸੁਮਨਦੀਪ ਕੌਰ, ਸੁਪਰਡੈਂਟ ਹਰਪ੍ਰੀਤ ਸਿੰਘ ਵਾਲੀਆ, ਚੀਫ ਰੈਵੀਨਿਊ ਕੁਲੈਕਟਰ ਅਫਸਰ ਅਸ਼ਵਨੀ ਗਿੱਲ ਤੇ ਮੇਅਰ ਦੇ ਪੀਏ ਦਰਸ਼ਨ ਭਗਤ ਸ਼ਾਮਲ ਹੋਏ। ਰਿਕਵਰੀ ਸਟਾਫ ਨੂੰ ਸਖਤ ਨਿਰਦੇਸ਼ ਦਿੱਤੇ ਗਏ ਕਿ ਚਾਲੂ ਵਿੱਤੀ ਸਾਲ ਵਿਚ ਬਜਟ ਟੀਚੇ ਨੂੰ ਪੂਰਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ। ਬਿਲਿੰਗ ਬ੍ਰਾਂਚ ਦੀ ਰਿਪੋਰਟ ਅਨੁਸਾਰ, ਵੱਡੀ ਗਿਣਤੀ ’ਚ ਅਜਿਹੇ ਉਪਭੋਗਤਾ ਹਨ, ਜਿਨ੍ਹਾਂ ਦੇ ਕੁਨੈਕਸ਼ਨ ’ਚ ਮੀਟਰ ਐਂਟਰੀ ਤਾਂ ਹੈ ਪਰ ਉਨ੍ਹਾਂ ਦੇ ਬਿੱਲ ਜਾਰੀ ਨਹੀਂ ਹੋਏ। ਇਸ ਨਾਲ ਨਗਰ ਨਿਗਮ ਦੀ ਰਿਕਵਰੀ 'ਤੇ ਅਸਰ ਪੈ ਰਿਹਾ ਹੈ। ਰਿਕਵਰੀ ਸਟਾਫ ਨੂੰ ਸਖਤ ਚਿਤਾਵਨੀ ਦਿੱਤੀ ਗਈ ਹੈ ਕਿ ਜਿਨ੍ਹਾਂ ਦੀ ਰਿਕਵਰੀ ਘੱਟ ਪਾਈ ਜਾਵੇਗੀ, ਉਨ੍ਹਾਂ ਖ਼ਿਲਾਫ਼ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾਵੇਗੀ। ਕੰਮ ’ਚ ਲਾਪਰਵਾਹੀ ਕਰਨ ਵਾਲਿਆਂ ਨੂੰ ਦੂਜੀ ਬ੍ਰਾਂਚ ’ਚ ਟ੍ਰਾਂਸਫਰ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।
---
ਕੌਂਸਲਰ ਸੇਠੀ ਨੇ ਪੀਣ ਵਾਲੇ ਦੂਸ਼ਿਤ ਪਾਣੀ ਦੀ ਸਪਲਾਈ ਦਾ ਉਠਾਇਆ ਮੁੱਦਾ
ਜਾਸ, ਜਲੰਧਰ : ਜਦੋਂ ਪਾਣੀ-ਸੀਵਰੇਜ ਦੇ ਡਿਫਾਲਟਰਾਂ ਤੋਂ ਰਿਕਵਰੀ ਤੇਜ਼ ਕਰਨ ਤੇ ਕੁਨੈਕਸ਼ਨ ਕੱਟਣ ਦੀ ਰਣਨੀਤੀ 'ਤੇ ਮੀਟਿੰਗ ਚੱਲ ਰਹੀ ਸੀ, ਉਦੋਂ ਵਾਰਡ ਨੰਬਰ 30 ਦੀ ਕੌਂਸਲਰ ਡਾ. ਜਸਲੀਨ ਸੇਠੀ ਦੂਸ਼ਿਤ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਮੁੱਦਾ ਲੈ ਕੇ ਮੀਟਿੰਗ ’ਚ ਪੁੱਜ ਗਏ। ਉਨ੍ਹਾਂ ਨਾਲ ਮੁਹੱਲੇ ਮਖਦੂਮਪੁਰਾ ਦੀਆਂ ਔਰਤਾਂ ਵੀ ਸਨ। ਇਹ ਕਈ ਦਿਨਾਂ ਤੋਂ ਇਲਾਕੇ ’ਚ ਦੂਸ਼ਿਤ ਪਾਣੀ ਦੀ ਸਪਲਾਈ ਦੀ ਸ਼ਿਕਾਇਤ ਲੈ ਕੇ ਪੁੱਜੀਆਂ ਸਨ। ਇਹ ਆਪਣੇ ਨਾਲ ਗੰਦੇ ਪਾਣੀ ਨਾਲ ਭਰੀਆਂ ਬੋਤਲਾਂ ਲੈ ਕੇ ਆਈਆਂ ਸਨ। ਕੌਂਸਲਰ ਜਸਲੀਨ ਸੇਠੀ ਨੇ ਮੇਅਰ ਵਨੀਤ ਧੀਰ ਤੇ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਦੱਸਿਆ ਕਿ ਨਗਰ ਨਿਗਮ ਦੇ ਅਧਿਕਾਰੀਆਂ, ਐਕਸੀਅਨ, ਐੱਸਡੀਓ ਤੇ ਜੇਈ ਨੂੰ ਇਸ ਬਾਰੇ ਜਾਣੂ ਕਰਵਾਇਆ ਜਾ ਚੁੱਕਾ ਹੈ ਪਰ ਕੋਈ ਵੀ ਉਨ੍ਹਾਂ ਦੀ ਗੱਲ ਨਹੀਂ ਸੁਣ ਰਿਹਾ। ਇਸੇ ਕਾਰਨ, ਔਰਤਾਂ ਨੂੰ ਇਕੱਠੀਆਂ ਕਰ ਕੇ ਇਥੇ ਪੁੱਜੇ ਹਨ। ਉਨ੍ਹਾਂ ਦੱਸਿਆ ਕਿ ਗੰਦਲਾ ਪਾਣੀ ਘਰਾਂ ’ਚ ਸਪਲਾਈ ਕੀਤਾ ਜਾ ਰਿਹਾ ਹੈ। ਸਪਲਾਈ ਹੋਣਵਾਲੇ ਪਾਣੀ ’ਚ ਸੀਵਰੇਜ ਦਾ ਪਾਣੀ ਮਿਲਿਆ ਹੋਇਆ ਲੱਗਦਾ ਹੈ। ਡਾ. ਸੇਠੀ ਨੇ ਕਿਹਾ ਕਿ ਜੇ ਦੋ ਦਿਨਾਂ ਦੇ ਅੰਦਰ ਸਮੱਸਿਆ ਦਾ ਹੱਲ ਨਹੀਂ ਹੁੰਦਾ ਤਾਂ ਉਹ ਵੀਰਵਾਰ ਨੂੰ ਮਖਦੂਮਪੁਰਾ ਦੇ ਨਿਵਾਸੀਆਂ ਨਾਲ ਨਗਰ ਨਿਗਮ ਮੁੱਖ ਦਫਤਰ ਵਿਚ ਧਰਨਾ ਦੇਣਗੇ।