ਵਿੱਦਿਅਕ ਸੰਸਥਾਵਾਂ ’ਚ ਨਸ਼ਾਖੋਰੀ ਰੋਕਣ ਲਈ ਐਕਸ਼ਨ ਪਲਾਨ ਤਿਆਰ
ਅੰਕਿਤ ਸ਼ਰਮਾ, ਜਾਗਰਣ, ਜਲੰਧਰ
Publish Date: Sat, 04 Apr 2026 11:14 PM (IST)
Updated Date: Sat, 04 Apr 2026 11:16 PM (IST)
ਅੰਕਿਤ ਸ਼ਰਮਾ, ਜਾਗਰਣ, ਜਲੰਧਰ : ਹੁਣ ਨੌਜਵਾਨ ਵਰਗ ਤੇ ਖਾਸ ਕਰਕੇ ਵਿਦਿਆਰਥੀਆਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਇਕ ਮਹਾਂਮੁਹਿੰਮ ਚਲਾਈ ਜਾਵੇਗੀ। ਇਸ ਦੀ ਸ਼ੁਰੂਆਤ ਖਾਸ ਤੌਰ 'ਤੇ ਵਿੱਦਿਅਕ ਸੰਸਥਾਵਾਂ ਤੋਂ ਕੀਤੀ ਜਾ ਰਹੀ ਹੈ ਤਾਂ ਜੋ ਉਥੇ ਪੜ੍ਹਨ ਵਾਲੇ ਵਿਦਿਆਰਥੀਆਂ ਰਾਹੀਂ ਨਸ਼ੇ ਦੇ ਨਾਂਹ-ਪੱਖੀ ਪ੍ਰਭਾਵਾਂ ਦਾ ਸੁਨੇਹਾ ਹਰੇਕ ਤੱਕ ਪਹੁੰਚਾਇਆ ਜਾ ਸਕੇ ਤੇ ਨਸ਼ਾ-ਮੁਕਤ ਸਮਾਜ ਦੀ ਸਿਰਜਣਾ ਵੱਲ ਕਦਮ ਵਧਾਇਆ ਜਾ ਸਕੇ। ਇਸ ਤਹਿਤ ਵਿੱਦਿਅਕ ਸੰਸਥਾਵਾਂ ’ਚ ਨਸ਼ੇ ਦੀ ਆਦਤ ਰੋਕਣ ਲਈ ਤਿੰਨ ਸਾਲਾਂ ਦਾ ਐਕਸ਼ਨ ਪਲਾਨ ਤਿਆਰ ਕੀਤਾ ਗਿਆ ਹੈ, ਜਿਸ ਦਾ ਟੀਚਾ 2029 ਤੱਕ ਦੇਸ਼ ਨੂੰ ਨਸ਼ਾ-ਮੁਕਤ ਬਣਾਉਣਾ ਹੈ। ਇਸ ਲਈ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਤੇ ਸਕੂਲ ਸਿੱਖਿਆ ਦੇ ਸਾਖਰਤਾ ਵਿਭਾਗ ਨੇ ਰਲ ਕੇ ਇਹ ਐਕਸ਼ਨ ਪਲਾਨ ਤਿਆਰ ਕੀਤਾ ਹੈ। ਜਿਸ ’ਚ ਸਿਰਫ ਸਰਕਾਰੀ ਹੀ ਨਹੀਂ, ਸਗੋਂ ਨਿੱਜੀ ਸਕੂਲਾਂ ’ਚ ਵੀ ਨਸ਼ਾ-ਮੁਕਤ ਵਾਤਾਵਰਨ ਸਿਰਜਿਆ ਜਾਵੇਗਾ।
ਇਸ ਪ੍ਰਕਿਰਿਆ ਤਹਿਤ ਸਾਰੇ ਸਕੂਲਾਂ ਦੇ 500 ਮੀਟਰ ਦੇ ਘੇਰੇ ’ਚ ਆਉਣ ਵਾਲੇ ਇਲਾਕਿਆਂ ਨੂੰ ਡਰੱਗ ਫ੍ਰੀ ਜ਼ੋਨ ਐਲਾਨਿਆ ਕੀਤਾ ਜਾਵੇਗਾ। ਇਸ ਸਬੰਧੀ ਬੋਰਡ ਹਰ ਥਾਂ ਲਾਏ ਜਾਣਗੇ। ਜੇ ਸਕੂਲ ਦੇ ਆਸ-ਪਾਸ ਨਸ਼ਿਆਂ ਨਾਲ ਸਬੰਧਤ ਕਿਸੇ ਵੀ ਕਿਸਮ ਦੇ ਨਿਯਮ ਦੀ ਉਲੰਘਣਾ ਹੁੰਦੀ ਹੈ ਤਾਂ ਸਕੂਲ ਦੇ ਮੁਖੀ ਜਾਂ ਨੋਡਲ ਅਧਿਆਪਕ ਤੁਰੰਤ ਸਥਾਨਕ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕਰਨਗੇ। ਅਧਿਆਪਕਾਂ ਵੱਲੋਂ ਸਕੂਲਾਂ ਵਿਚ ਨਿਰੰਤਰ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ, ਜਿਸ ’ਚ ਵਿਦਿਆਰਥੀਆਂ ’ਚ ਨਸ਼ਿਆਂ ਦੇ ਨਾਂਹ-ਪੱਖੀ ਪ੍ਰਭਾਵਾਂ ਬਾਰੇ ਜਾਗਰੂਕਤਾ ਲਿਆਉਣ ਲਈ ਸਰਗਰਮੀਆਂ ਕਰਵਾਈਆਂ ਜਾਣਗੀਆਂ। ਇਸ ਦੇ ਨਾਲ-ਨਾਲ ਪੋਸਟਰ, ਸਾਈਨ ਬੋਰਡ ਵੀ ਲਗਾਏ ਜਾ ਸਕਦੇ ਹਨ। ਇਸ ਪ੍ਰੋਗਰਾਮ ’ਚ ਕਿਸੇ ਵੀ ਕਿਸਮ ਦੀ ਕੋਈ ਕਮੀ ਨਾ ਰਹੇ, ਇਸ ਲਈ ਨੋਡਲ ਅਫਸਰ ਦੀ ਨਿਯੁਕਤੀ ਕੀਤੀ ਜਾਵੇਗੀ, ਜੋ ਨਿਰੰਤਰ ਸਕੂਲ ਨੂੰ ਡਰੱਗ ਫ੍ਰੀ ਕਰਨ ਦੀ ਪਾਸੇ ਧਿਆਨ ਕੇਂਦਰਿਤ ਕਰੇਗਾ।
ਸਰਕਾਰੀ ਤੇ ਨਿੱਜੀ ਸਕੂਲਾਂ ’ਚ ਸਖਤੀ ਨਾਲ ਹੋਵੇਗਾ ਲਾਗੂ
ਐੱਸਸੀਈਆਰਟੀ ਪੰਜਾਬ ਦੇ ਡਾਇਰੈਕਟਰ ਪੀਸੀਐੱਸ ਕਿਰਨ ਸ਼ਰਮਾ ਵੱਲੋਂ ਇਸ ਸਬੰਧੀ ਸਾਰੇ ਸੂਬਿਆਂ ਦੇ ਡੀਈਓਜ਼ ਨੂੰ ਹੁਕਮ ਜਾਰੀ ਕਰ ਦਿੱਤਾ ਗਿਆ ਹੈ ਕਿ ਉਹ ਤੁਰੰਤ ਪ੍ਰਭਾਵ ਨਾਲ ਇਸ ਐਕਸ਼ਨ ਪਲਾਨ ਨੂੰ ਲਾਜ਼ਮੀ ਤੌਰ ’ਤੇ ਲਾਗੂ ਕਰਨ। ਉਨ੍ਹਾਂ ਨੇ ਸਾਫ਼ ਕਿਹਾ ਹੈ ਕਿ ਅਪ੍ਰੈਲ ਦੀ ਸ਼ੁਰੂਆਤ ’ਚ ਇਸ ਮੁਹਿੰਮ ਨੂੰ ਹਰ ਸਕੂਲ ’ਚ ਲਾਗੂ ਕੀਤਾ ਜਾਵੇ, ਜਦਕਿ ਡੀਈਓ ਆਪਣੇ ਅਧੀਨ ਆਉਣ ਵਾਲੇ ਸਕੂਲਾਂ ਦੀਆਂ ਸਰਗਰਮੀਆਂ ’ਤੇ ਨਜ਼ਰ ਰੱਖਣ। ਜ਼ਿਲ੍ਹਾ ਸਿੱਖਿਆ ਅਧਿਕਾਰੀ ਸਰਕਾਰੀ ਦੇ ਨਾਲ-ਨਾਲ ਨਿੱਜੀ ਸਕੂਲਾਂ 'ਤੇ ਵੀ ਐਕਸ਼ਨ ਪਲਾਨ ਨੂੰ ਸਖਤੀ ਨਾਲ ਲਾਗੂ ਕਰਵਾਉਣਗੇ ਤੇ ਇਸ ਸਬੰਧੀ ਸਮੇਂ-ਸਮੇਂ 'ਤੇ ਪ੍ਰਗਤੀ ਰਿਪੋਰਟ ਵੀ ਭੇਜਦੇ ਰਹਿਣਗੇ।