ਇਰਾਦਾ ਕਤਲ ’ਚ ਲੁੜੀਂਦਾ ਮੁਲਜ਼ਮ ਹੈਰੋਇਨ ਸਮੇਤ ਕਾਬੂ
ਇਰਾਦਾ ਕਤਲ ’ਚ ਲੋੜੀਂਦਾ ਮੁਲਜਮ ਹੈਰੋਇਨ ਸਮੇਤ ਕਾਬੂ
Publish Date: Mon, 16 Mar 2026 09:50 PM (IST)
Updated Date: Mon, 16 Mar 2026 09:52 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਸੀਆਈਏ ਸਟਾਫ ਜਲੰਧਰ ਦਿਹਾਤ ਦੀ ਪੁਲਿਸ ਨੇ ਮੁਖਬਰ ਖਾਸ ਦੀ ਇਤਲਾਹ ’ਤੇ ਕਾਰਵਾਈ ਕਰਦਿਆਂ ਇਰਾਦਾ ਕਤਲ ’ਚ ਲੁੜੀਂਦੇ ਮੁਲਜ਼ਮ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਐੱਸਐੱਸਪੀ ਦਿਹਾਤੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਪੁਸ਼ਪ ਬਾਲੀ ਨੂੰ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਇਰਾਦਾ ਕਤਲ ਦੇ ਮਾਮਲੇ ’ਚ ਇਕ ਲੁੜੀਂਦਾ ਮੁਲਜ਼ਮ ਇਸ ਵੇਲੇ ਪਤਾਰਾ ਇਲਾਕੇ ’ਚ ਹੈਰੋਇਨ ਦੀ ਸਪਲਾਈ ਦੇਣ ਲਈ ਆ ਰਿਹਾ ਹੈ। ਏਐੱਸਆਈ ਮਨਿੰਦਰ ਸਿੰਘ ਦੀ ਅਗਵਾਈ ਹੇਠ ਇਕ ਪੁਲਿਸ ਦੀ ਟੀਮ ਬਣਾ ਕੇ ਪਤਾਰਾ ਇਲਾਕੇ ’ਚ ਭੇਜੀ ਗਈ। ਏਐੱਸਆਈ ਪਿੰਡ ਜੌਹਲ ਬੋਲੀਨਾ ਪਤਾਰਾ ਵੱਲੋਂ ਪਰਸਰਾਮਪੁਰ ਤੱਲ੍ਹਣ ਸਾਹਿਬ ਤੋਂ ਹੁੰਦੇ ਹੋਏ ਵਾਪਸ ਜੰਡੂ ਸਿੰਘਾ ਵੱਲ ਜਾ ਰਹੇ ਸਨ। ਜਦੋਂ ਟੀਮ ਮੱਛੀ ਗੇਟ ਲਾਗੇ ਪੁੱਜੀ ਤਾਂ ਇਕ ਨੌਜਵਾਨ ਮੋਟਰਸਾਈਕਲ ਨੰਬਰ ਪੀਬੀ-09-ੲਐੱਲ-2175 ’ਤੇ ਬੈਠਾ ਦਿਖਾਈ ਦਿੱਤਾ। ਜਦ ਉਸ ਨੌਜਵਾਨ ਨੇ ਪੁਲਿਸ ਦੀ ਗੱਡੀ ਰੁਕਦੀ ਦੇਖੀ ਤਾਂ ਮੋਟਰਸਾਈਕਲ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੂੰ ਰੋਕ ਕੇ ਜਦੋਂ ਨਾਂ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਗੁਰਵਿੰਦਰ ਸਿੰਘ ਉਰਫ ਗਿੱਦੂ ਵਾਸੀ ਪਿੰਡ ਲਾਟੀਆਵਾਲ ਸੁਲਤਾਨਪੁਰ ਲੋਧੀ ਜ਼ਿਲਾ ਕਪੂਰਥਲਾ ਦੱਸਿਆ। ਜਦ ਮੋਟਰਸਾਈਕਲ ਦੀ ਤਲਾਸ਼ੀ ਲਈ ਤਾਂ ਸੀਟ ਹੇਠੋਂ 51 ਗ੍ਰਾਮ ਹੈਰੋਇਨ ਮਿਲੀ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮ ਖਿਲਾਫ ਥਾਣਾ ਪਤਾਰਾ ’ਚ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਥੋਂ ਅਦਾਲਤ ਵੱਲੋਂ ਉਸ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਪੁੱਛਗਿੱਛ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਖਿਲਾਫ ਥਾਣਾ ਸੁਲਤਾਨਪੁਰ ਲੋਧੀ ’ਚ ਇਕ ਇਰਾਦਾ ਕਤਲ ਦਾ ਮਾਮਲਾ ਦਰਜ ਹੈ, ਜਿਸ ’ਚ ਉਹ ਪੁਲਿਸ ਨੂੰ ਲੁੜੀਂਦਾ ਹੈ।