ਜਾਨਲੇਵਾ ਹਮਲੇ ’ਚ ਦੋਸ਼ੀ ਨੂੰ 7 ਸਾਲ ਦੀ ਸਜ਼ਾ, 2.20 ਲੱਖ ਦਾ ਜੁਰਮਾਨਾ
-2023 ਦੀ ਝੜਪ ’ਚ
Publish Date: Tue, 10 Feb 2026 10:50 PM (IST)
Updated Date: Tue, 10 Feb 2026 10:53 PM (IST)
-2023 ਦੀ ਝੜਪ ’ਚ ਕੱਟਿਆ ਗਿਆ ਸੀ ਨੌਜਵਾਨ ਦਾ ਹੱਥ
ਜਾਗਰਣ ਸੰਵਾਦਦਾਤਾ, ਜਲੰਧਰ : ਜਲੰਧਰ ਦੀ ਅਦਾਲਤ ਨੇ 2023 ’ਚ ਹੋਏ ਇਕ ਜਾਨਲੇਵਾ ਹਮਲੇ ਦੇ ਮਾਮਲੇ ’ਚ ਮੁਲਜ਼ਮ ਹਰਦੀਪ ਨਗਰ, ਰਾਮਾਮੰਡੀ ਦੇ ਰਹਿਣ ਵਾਲੇ ਆਸ਼ੀਸ਼ ਨੂੰ ਦੋਸ਼ੀ ਕਰਾਰ ਦਿੰਦਿਆਂ 7 ਸਾਲ ਦੀ ਕੈਦ ਤੇ ਵੱਖ-ਵੱਖ ਧਾਰਾਵਾਂ ਤਹਿਤ ਕੁੱਲ 2 ਲੱਖ 20 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਹ ਫੈਸਲਾ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਵਿਸ਼ੇਸ਼ ਕੰਬੋਜ ਦੀ ਅਦਾਲਤ ਨੇ ਸੁਣਾਇਆ। ਜੁਰਮਾਨਾ ਨਾ ਅਦਾ ਕਰਨ ਦੀ ਸਥਿਤੀ ’ਚ ਦੋਸ਼ੀ ਨੂੰ ਛੇ ਮਹੀਨੇ ਦੀ ਵਾਧੂ ਸਜ਼ਾ ਭੁਗਣਨੀ ਪਵੇਗੀ।
ਇਹ ਮਾਮਲਾ 24 ਮਈ 2023 ਨੂੰ ਥਾਣਾ ਰਾਮਾਮੰਡੀ ਵਿਚ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਰਾਹੁਲ ਉਰਫ ਬਿਆਲ (25), ਨਿਵਾਸੀ ਗਾਂਧੀ ਨਗਰ, ਜਲੰਧਰ ਨੇ ਦੱਸਿਆ ਕਿ 23 ਮਈ 2023 ਦੀ ਰਾਤ ਕਰੀਬ 9:30 ਵਜੇ ਟ੍ਰਿਨਿਟੀ ਕਾਲਜ ਵਾਟਰ ਸਕੂਐਰ ਨੇੜੇ ਟੀ-ਪੁਆਇੰਟ 'ਤੇ ਦੋ ਧਿਰਾਂ ਵਿਚਾਲੇ ਸੜਕ 'ਤੇ ਵਿਵਾਦ ਹੋ ਗਿਆ। ਦੋਸ਼ ਲਾਇਆ ਗਿਆ ਕਿ ਮੋਟਰਸਾਈਕਲ ਤੇ ਜੀਪ ਸਵਾਰ ਨੌਜਵਾਨਾਂ ਵਿਚਾਲੇ ਪਹਿਲਾਂ ਟੱਕਰ ਨੂੰ ਲੈ ਕੇ ਵਿਵਾਦ ਹੋਇਆ ਸੀ, ਜੋ ਦੇਖਦਿਆਂ ਹੀ ਦੇਖਦਿਆਂ ਹਿੰਸਕ ਝੜਪ ਵਿਚ ਬਦਲ ਗਿਆ।
ਰਾਹੁਲ ਨੇ ਦੱਸਿਆ ਕਿ ਝਗੜੇ ਦੌਰਾਨ ਮੁਲਜ਼ਮ ਨੇ ਹਥਿਆਰ ਨਾਲ ਹਮਲਾ ਕੀਤਾ। ਹਮਲੇ ਵਿਚ ਉਸ ਦੇ ਦੋਸਤ ਜਿਮ (ਭੋਗਲ) ਦਾ ਸੱਜਾ ਹੱਥ ਵੱਢਿਆ ਗਿਆ ਅਤੇ ਖੱਬੇ ਹੱਥ ਤੇ ਸਿਰ 'ਤੇ ਵੀ ਵਾਰ ਕੀਤੇ ਗਏ। ਜ਼ਖਮੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲਿਆ। ਪੁਲਿਸ ਨੇ ਮਾਮਲੇ ਦੀ ਜਾਂਚ ਕਰਕੇ ਮੁਲਜ਼ਮ ਖ਼ਿਲਾਫ਼ ਅਦਾਲਤ ਵਿਚ ਚਲਾਨ ਪੇਸ਼ ਕੀਤਾ ਸੀ। ਸੁਣਵਾਈ ਦੌਰਾਨ ਅਦਾਲਤ ਨੇ ਸਬੂਤਾਂ ਅਤੇ ਗਵਾਹਾਂ ਦੇ ਆਧਾਰ ’ਤੇ ਦੋਸ਼ੀ ਮੰਨਦਿਆਂ ਸਜ਼ਾ ਸੁਣਾਈ।