ਦੁਕਾਨਦਾਰ ’ਤੇ ਹਮਲਾ ਕਰਨ ਵਾਲਾ ਮੁਲਜ਼ਮ ਗ੍ਰਿਫਤਾਰ
ਦਵਾਈਆਂ ਦੀ ਦੁਕਾਨ ਤੇ ਦੁਕਾਨਦਾਰ ’ਤੇ ਹਮਲਾ ਕਰਨ ਵਾਲਾ ਮੁਲਜ਼ਮ ਗ੍ਰਿਫਤਾਰ
Publish Date: Mon, 20 Apr 2026 07:47 PM (IST)
Updated Date: Mon, 20 Apr 2026 07:51 PM (IST)
-ਤੇਜ਼ਧਾਰ ਹਥਿਆਰ ਤੇ ਮੋਬਾਈਲ ਬਰਾਮਦ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਚਾਰ ਦੀ ਪੁਲਿਸ ਨੇ ਪਿਛਲੇ ਦਿਨੀ ਦਿਲਕੁਸ਼ਾ ਮਾਰਕੀਟ ’ਚ ਸਥਿਤ ਇਕ ਦਵਾਈਆਂ ਦੀ ਦੁਕਾਨ ਦੇ ਮਾਲਕ ਉਪਰ ਜਾਨਲੇਵਾ ਹਮਲਾ ਕਰਨ ਦੇ ਦੋਸ਼ ’ਚ ਫਰਾਰ ਚੱਲ ਰਹੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਕੋਲੋਂ ਤੇਜਧਾਰ ਹਥਿਆਰ ਤੇ ਮੋਬਾਈਲ ਬਰਾਮਦ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਨੰਬਰ ਚਾਰ ਦੇ ਇੰਚਾਰਜ ਇੰਸਪੈਕਟਰ ਅਨੂ ਪਲਿਆਲ ਨੇ ਦੱਸਿਆ ਕਿ 14 ਅਪ੍ਰੈਲ ਨੂੰ ਉਨ੍ਹਾਂ ਨੂੰ ਦਿਲਕੁਸ਼ਾ ਮਾਰਕੀਟ ’ਚ ਦਵਾਈਆਂ ਦੀ ਦੁਕਾਨ ਕਰਨ ਵਾਲੇ ਸੰਦੀਪ ਅਹੂਜਾ ਨੇ ਸ਼ਿਕਾਇਤ ਕੀਤੀ ਸੀ ਕਿ ਉਹ ਆਪਣੀ ਪਤਨੀ ਨਾਲ ਸ਼ਾਮ ਵੇਲੇ ਦੁਕਾਨ ’ਤੇ ਬੈਠਾ ਸੀ। ਇਸ ਦੌਰਾਨ ਇਕ ਨੌਜਵਾਨ ਜਿਸਦੇ ਹੱਥ ’ਚ ਇਕ ਖੰਡਾ ਸੀ ਦੁਕਾਨ ਅੰਦਰ ਆਇਆ ਤੇ ਉਸ ’ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਉਸ ਦੇ ਪਤਨੀ ਨੇ ਰੋਲ਼ਾ ਪਾਇਆ ਤਾਂ ਉਕਤ ਨੌਜਵਾਨ ਖੰਡਾ ਮੌਕੇ ’ਤੇ ਹੀ ਸੁੱਟ ਕੇ ਗਲੀ ’ਚ ਭੱਜ ਗਿਆ। ਇਸ ਘਟਨਾ ਤੋਂ ਬਾਅਦ ਦਿਲਕੁਸ਼ਾ ਮਾਰਕੀਟ ’ਚ ਹਫੜਾ ਦਫੜੀ ਮਚ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਮੌਕੇ ’ਤੇ ਪੁੱਜੀ ਤੇ ਮਾਮਲੇ ਦੀ ਜਾਂਚ ’ਚ ਜੁੱਟ ਗਈ। ਇੰਸਪੈਕਟਰ ਅਨੂ ਪਲਿਆਲ ਨੇ ਦੱਸਿਆ ਕਿ ਪੁਲਿਸ ਨੇ ਸੰਦੀਪ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਇਸ ਦੀ ਜਾਂਚ ਟੈਕਨੀਕਲ ਢੰਗ ਨਾਲ ਸ਼ੁਰੂ ਕੀਤੀ। ਪੁਲਿਸ ਵੱਲੋਂ ਖੁਫੀਆ ਜਾਣਕਾਰੀ ਤੇ ਟੈਕਨੀਕਲ ਢੰਗ ਨਾਲ ਕੀਤੀ ਗਈ ਜਾਂਚ ਤੋਂ ਬਾਅਦ ਇਸ ਮਾਮਲੇ ਦੇ ਮੁਲਜ਼ਮ ਹਰਦੀਪ ਉਰਫ ਅਮੂ ਵਾਸੀ ਤਿਲਕ ਨਗਰ ਨੇੜੇ ਰਿਸ਼ੀ ਨਗਰ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ’ਚੋਂ ਇਕ ਤੇਜ਼ਧਾਰ ਹਥਿਆਰ ਤੇ ਮੋਬਾਈਲ ਵੀ ਬਰਾਮਦ ਕਰ ਲਿਆ ਹੈ। ਉਨਾਂ ਦੱਸਿਆ ਕਿ ਮੁਲਜ਼ਮ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।