ਪੁਲਿਸ ਮੁਲਾਜ਼ਮ ’ਤੇ ਹਮਲਾ ਕਰਨ ਤੇ ਗੱਡੀ ਤੋੜਨ ਦੇ ਦੋਸ਼ ’ਚ ਕਾਬੂ
ਆਨ ਡਿਊਟੀ ਪੁਲਿਸ ਮੁਲਾਜ਼ਮ ’ਤੇ ਹਮਲਾ ਕਰਨ ਤੇ ਗੱਡੀ ਤੋੜਨ ਦੇ ਦੋਸ਼ ’ਚ ਮੁਲਜ਼ਮ ਕਾਬੂ
Publish Date: Wed, 14 Jan 2026 06:36 PM (IST)
Updated Date: Wed, 14 Jan 2026 06:39 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਭਾਰਗੋ ਦੀ ਪੁਲਿਸ ਨੇ ਆਨ ਡਿਊਟੀ ਪੁਲਿਸ ਮੁਲਾਜ਼ਮ ’ਤੇ ਹਮਲਾ ਕਰਨ, ਉਸ ਦੀ ਵਰਦੀ ਪਾੜਨ ਤੇ ਸਰਕਾਰੀ ਗੱਡੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਏਐੱਸਆਈ ਸੁਖਬੀਰ ਸਿੰਘ ਜੋ ਕਿ ਐਮਰਜੈਂਸੀ ਰਿਸਪੋਂਸ ਸਿਸਟਮ ’ਚ ਤਾਇਨਾਤ ਹੈ ਨੂੰ 112 ਤੋਂ ਕਾਲ ਰਿਸੀਵ ਹੋਈ ਜਿਸ ’ਚ ਗੌਰਵ ਉਰਫ ਗੋਰਾ ਵਾਸੀ ਦਸ਼ਮੇਸ਼ ਨਗਰ ਨੇ ਕਿਹਾ ਸੀ ਕਿ ਉਸ ਦੀ ਦੁਕਾਨ ਦੀ ਭੰਨਤੋੜ ਕੀਤੀ ਗਈ ਹੈ। ਜਿਸ ਤੋਂ ਬਾਅਦ ਏਐੱਸਆਈ ਸੁਖਬੀਰ ਸਿੰਘ ਸਰਕਾਰੀ ਗੱਡੀ ’ਤੇ ਮੌਕੇ ’ਤੇ ਪੁੱਜਾ। ਜਦ ਸੁਖਬੀਰ ਸਿੰਘ ਮੌਕੇ ’ਤੇ ਪਹੁੰਚਿਆ ਤਾਂ ਗੌਰਵ ਉਰਫ ਗੋਰਾ ਨੇ ਉਸ ਨਾਲ ਬਦਸਲੂਕੀ ਕੀਤੀ। ਜਦੋਂ ਏਐੱਸਆਈ ਨੇ ਉਸ ਦਾ ਵਿਰੋਧ ਕੀਤਾ ਤਾਂ ਉਹ ਉਸ ਨਾਲ ਧੱਕਾ ਮੁੱਕੀ ’ਤੇ ਉਤਰ ਆਇਆ। ਉਸਨੇ ਏਐੱਸਆਈ ਦੀ ਵਰਦੀ ਫਾੜ ਦਿੱਤੀ ਤੇ ਉਸ ਨਾਲ ਹੱਥੋਪਾਈ ਵੀ ਕੀਤੀ। ਜਦ ਉਸ ਦਾ ਵਿਰੋਧ ਕੀਤਾ ਗਿਆ ਤਾਂ ਉਸ ਨੇ ਜਿਸ ਸਰਕਾਰੀ ਗੱਡੀ ’ਤੇ ਏਐੱਸਆਈ ਮੌਕੇ ’ਤੇ ਪਹੁੰਚਿਆ ਸੀ ਉਸ ਦੇ ਸ਼ੀਸ਼ੇ ਵੀ ਭੰਨ ਦਿੱਤੇ। ਇਸ ਦੀ ਸੂਚਨਾ ਤੁਰੰਤ ਏਐੱਸਆਈ ਸੁਖਬੀਰ ਸਿੰਘ ਨੇ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਮੌਕੇ ’ਤੇ ਏਐੱਸਆਈ ਗੁਲਜਾਰ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ। ਉਨ੍ਹਾਂ ਨੇ ਏਐੱਸਆਈ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਮੌਕੇ ’ਤੇ ਹੀ ਗੌਰਵ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮ ਵੱਲੋਂ ਭੰਨੀ ਗਈ ਗੱਡੀ, ਫਾੜੀ ਗਈ ਪੁਲਿਸ ਦੀ ਵਰਦੀ ਵੀ ਬਰਾਮਦ ਕਰ ਲਈ ਹੈ। ਏਐੱਸਆਈ ਗੁਲਜਾਰ ਸਿੰਘ ਦੇ ਦੱਸਿਆ ਕਿ ਫੜੇ ਗਏ ਮੁਲਜ਼ਮ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ।