ਧਾਰਮਿਕ ਸਮਾਗਮ ’ਚ ਰੁਕਾਵਟ ਪਾਉਣ ਦੇ ਦੋਸ਼
ਧਾਰਮਿਕ ਸਮਾਗਮ ’ਚ ਰੁਕਾਵਟ ਪਾਉਣ ਦੇ ਦੋਸ਼, ਕਾਰਵਾਈ ਦੀ ਮੰਗ
Publish Date: Fri, 10 Apr 2026 10:50 PM (IST)
Updated Date: Fri, 10 Apr 2026 10:53 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਬਸਤੀ ਗੁਜ਼ਾਂ ਸਥਿਤ ਢੰਡਾਰ ਮੰਦਰ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਕੁਝ ਲੋਕਾਂ ’ਤੇ ਧਾਰਮਿਕ ਸਮਾਗਮ ਦੌਰਾਨ ਰੁਕਾਵਟ ਪੈਦਾ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਕਮੇਟੀ ਨੇ ਇਹ ਵੀ ਕਿਹਾ ਕਿ ਸਮਾਗਮ ਦੌਰਾਨ ਮੰਦਰ ਦੀ ਪਵਿੱਤਰਤਾ ਭੰਗ ਕੀਤੀ ਗਈ ਤੇ ਅਪਸ਼ਬਦ ਕਹੇ ਗਏ। ਕਮੇਟੀ ਦੇ ਪ੍ਰਧਾਨ ਅਸ਼ੋਕ ਚੱਢਾ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਮੰਦਰ ’ਚ ਸੰਤ ਰਾਮਦਿਆਲ ਦਾਸ ਸਾਕੇਤ ਵਾਸੀ ਤੇ ਸਵ. ਅਵਧ ਬਿਹਾਰੀ ਦਾਸ ਜੀ ਦੀ ਪੁਣਯਤਿਥੀ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ਸੀ। ਇਸ ਦੌਰਾਨ ਇਕ ਪਾਸੇ ਸੰਤ ਸਮਾਜ ਵੱਲੋਂ ਸਤਿਸੰਗ ਚੱਲ ਰਿਹਾ ਸੀ, ਜਦਕਿ ਦੂਜੇ ਪਾਸੇ ਮਹਿਲਾ ਸੰਕੀਰਤਨ ਮੰਡਲੀ ਵੱਲੋਂ ਭਗਵਾਨ ਦੀ ਮਹਿਮਾ ਦਾ ਗਾਇਨ ਕੀਤਾ ਜਾ ਰਿਹਾ ਸੀ। ਇਸੇ ਦੌਰਾਨ ਇਲਾਕੇ ਦੇ ਕੁਝ ਲੋਕਾਂ ਵੱਲੋਂ ਸਮਾਗਮ ’ਚ ਰੁਕਾਵਟ ਪੈਦਾ ਕੀਤੀ ਗਈ ਤੇ ਮੰਦਰ ਦੇ ਇਕ ਕਮਰੇ ’ਚ ਰੱਖੇ ਸੰਤਾਂ ਦੇ ਸਾਮਾਨ ਨੂੰ ਬਾਹਰ ਕੱਢ ਕੇ ਤਾਲਾ ਲਾਉਣ ਦਾ ਵੀ ਦੋਸ਼ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਸਮਾਗਮ ਲਈ ਪਹਿਲਾਂ ਹੀ ਪੁਲਿਸ ਪ੍ਰਸ਼ਾਸਨ ਕੋਲ ਸੁਰੱਖਿਆ ਦੀ ਮੰਗ ਕੀਤੀ ਗਈ ਸੀ ਪਰ ਸਮਾਗਮ ਦੌਰਾਨ ਕੋਈ ਸੁਰੱਖਿਆ ਪ੍ਰਬੰਧ ਨਹੀਂ ਕੀਤੇ ਗਏ। ਕਮੇਟੀ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।