ਬੱਸ ਦਾ ਟਾਇਰ ਫਟਣ ਕਾਰਨ ਹਾਦਸਾ, 2 ਦੀ ਹਾਲਤ ਗੰਭੀਰ
ਪ੍ਰਾਈਵੇਟ ਬੱਸ ਦਾ ਟਾਇਰ ਫਟਣ ਕਾਰਨ ਵਾਪਰਿਆ ਹਾਦਸਾ, 9 ਸਵਾਰੀਆਂ ਜਖਮੀ
Publish Date: Thu, 09 Apr 2026 09:42 PM (IST)
Updated Date: Thu, 09 Apr 2026 09:44 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਮੁਕੰਦਪੁਰ ਤੋਂ ਫਗਵਾੜਾ ਜਾਣ ਵਾਲੀ ਸੜਕ ’ਤੇ ਇਕ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਦੌਰਾਨ ਸਵਾਰੀਆਂ ਨਾਲ ਭਰੀ ਇਕ ਪ੍ਰਾਈਵੇਟ ਬੱਸ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਮੌਕੇ ’ਤੇ ਚੀਕ-ਚਿਹਾੜਾ ਪੈ ਗਿਆ। ਰਾਹਗੀਰਾਂ ਮੁਤਾਬਕ ਹਾਦਸੇ ’ਚ ਕਰੀਬ 9 ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ। ਜਾਣਕਾਰੀ ਅਨੁਸਾਰ ਇਹ ਬੱਸ ਸ਼ਾਮ ਕਰੀਬ 3:15 ਵਜੇ ਮੁਕੰਦਪੁਰ ਤੋਂ ਫਗਵਾੜਾ ਵੱਲ ਜਾ ਰਹੀ ਸੀ। ਜਦੋਂ ਬੱਸ ਪਿੰਡ ਦੁਸਾਂਝ ਕਲਾਂ ਤੇ ਵਿਰਕਾਂ ਨੇੜੇ ਪੁੱਜੀ ਤਾਂ ਅਚਾਨਕ ਟਾਇਰ ਫਟਣ ਕਾਰਨ ਬੱਸ ਬੇਕਾਬੂ ਹੋ ਗਈ ਤੇ ਸੜਕ ਕੰਢੇ ਸਫੈਦੇ ਦੇ ਦਰੱਖਤ ਨਾਲ ਜਾ ਟਕਰਾਈ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਚੌਕੀ ਦੁਸਾਂਝ ਕਲਾਂ ਦੇ ਮੁਲਾਜ਼ਮ ਤੁਰੰਤ ਮੌਕੇ ’ਤੇ ਪੁੱਜੇ ਤੇ ਰਾਹਗੀਰਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਫਗਵਾੜਾ ’ਚ ਦਾਖਲ ਕਰਵਾਇਆ ਗਿਆ। ਡਾਕਟਰਾਂ ਮੁਤਾਬਕ ਜ਼ਖ਼ਮੀਆਂ ’ਚੋਂ ਦੋ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਜਲੰਧਰ ਦੇ ਹਸਪਤਾਲ ’ਚ ਰੈਫਰ ਕਰ ਦਿੱਤਾ ਗਿਆ ਹੈ। ਜਿਨ੍ਹਾਂ ਪਛਾਣ ਨਿਸ਼ਾ ਪੁੱਤਰੀ ਜਸਵਿੰਦਰ ਪਾਲ (ਪਿੰਡ ਮਨਸੂਰਪੁਰ, ਥਾਣਾ ਗੁਰਾਇਆ), ਮਮਤਾ ਪਤਨੀ ਜਸਵਿੰਦਰ (ਪਿੰਡ ਮਸਾਣੀ), ਪਰਮਜੀਤ ਕੌਰ ਪਤਨੀ ਪਾਲ ਸਿੰਘ (ਬੱਲੋਵਾਲ, ਥਾਣਾ ਮੁਕੰਦਪੁਰ), ਜਸਵਿੰਦਰ ਕੌਰ ਪਤਨੀ ਲਾਲ ਚੰਦ (ਨੰਗਲ ਖੇੜਾ) ਵਜੋਂ ਹੋਈ ਹੈ, ਜਦਕਿ ਹੋਰ ਜ਼ਖ਼ਮੀਆਂ ਦੀ ਪਛਾਣ ਕੀਤੀ ਜਾ ਰਹੀ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।