ਸਿਟੀ ਰੇਲਵੇ ਸਟੇਸ਼ਨ ’ਤੇ ਤਿਆਰ ਹੋ ਰਿਹੈ ਏਸੀ ਵੇਟਿੰਗ ਹਾਲ, ਖਾਣ-ਪੀਣ ਦੀ ਹੋਵੇਗੀ ਸਹੂਲਤ
ਰੇਲਵੇ ਸਟੇਸ਼ਨ ਤੇ ਤਿਆਰ ਹੋ ਰਿਹਾ ਹੈ ਏਸੀ ਵੇਟਿੰਗ ਹਾਲ ਤੇ ਖਾਣ ਪੀਣ ਦੀ ਵੀ ਹੋਵੇਗੀ ਸਹੂਲਤ਼
Publish Date: Fri, 30 Jan 2026 07:54 PM (IST)
Updated Date: Fri, 30 Jan 2026 07:58 PM (IST)
-ਵੇਟਿੰਗ ਹਾਲ ਦੀ ਸਹੂਲਤ ਲੈਣ ਵਾਲੇ ਯਾਤਰੀਆਂ ਨੂੰ ਦੇਣੀ ਪਵੇਗੀ 10 ਰੁਪਏ ਪ੍ਰਤੀ ਘੰਟਾ ਫੀਸ
-50 ਯਾਤਰੀਆਂ ਦੇ ਬੈਠਣ ਦੀ ਸਮਰਥਾ ਹੋਵੇਗੀ, ਫਰਵਰੀ ਦੀ ਸ਼ੁਰੂਆਤ ’ਚ ਹੋ ਜਾਵੇਗਾ ਤਿਆਰ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਗਰਮੀਆਂ ਤੋਂ ਰਾਹਤ ਦੇਣ ਲਈ ਯਾਤਰੀਆਂ ਲਈ ਏਅਰ ਕੰਡੀਸ਼ਨ (ਏਸੀ) ਹਾਲ ਤਿਆਰ ਕੀਤਾ ਜਾ ਰਿਹਾ ਹੈ, ਜੋ ਫਰਵਰੀ ਦੇ ਪਹਿਲੇ ਹਫਤੇ ਤਿਆਰ ਹੋ ਜਾਵੇਗਾ। ਉਕਤ ਵੇਟਿੰਗ ਹਾਲ ਦੀ ਦਿੱਖ ਲਈ ਵਰਣਮਾਲਾ ਦੀਆਂ ਲਾਈਟਾਂ ਦੀ ਵਰਤੋਂ ਕੀਤੀ ਗਈ ਹੈ ਤਾਂ ਜੋ ਉਹ ਯਾਤਰੀਆਂ ਲਈ ਖਿੱਚ ਦਾ ਕੇਂਦਰ ਬਣ ਸਕੇ। ਉਕਤ ਵੇਟਿੰਗ ਹਾਲ ’ਚ ਆਰਾਮ ਕਰਨ ਵਾਲੇ ਯਾਤਰੀਆਂ ਲਈ ਖਾਣ-ਪੀਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤੇ ਉਥੇ ਇਕ ਸਟਾਲ ਵੀ ਲਾਇਆ ਗਿਆ ਹੈ, ਜਿਥੋਂ ਯਾਤਰੀ ਬੈਠੇ-ਬੈਠੇ ਖਾਣ ਪੀਣ ਦੀਆਂ ਚੀਜ਼ਾ ਵੀ ਲੈ ਸਕਣ। ਉਕਤ ਏਸੀ ਹਾਲ ’ਚ 50 ਯਾਤਰੀਆਂ ਦੇ ਬੈਠਣ ਦੀ ਸਮੱਰਥਾ ਹੋਵੇਗੀ। ਘੰਟੇ ਲਈ 10 ਰੁਪਏ ਦੇਣੇ ਪੈਣਗੇ। ਇਸ ਤੋਂ ਇਲਾਵਾ ਇਸ਼ਨਾਨ ਕਰਨ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਯਾਤਰੀਆਂ ਨੂੰ ਆਪਣਾ ਸਾਮਾਨ ਰੱਖਣ ਲਈ ਵੱਡੇ ਦਰਾਜ ਵੀ ਮੁਹੱਈਆ ਕਰਵਾਏ ਜਾਣਗੇ। ਵੇਟਿੰਗ ਹਾਲ ’ਚ ਵੱਖ-ਵੱਖ ਤਰ੍ਹਾਂ ਦੇ ਖਾਣੇ ਦੇ ਆਧੁਨਿਕ ਸਟਾਲ ਲਗਾਏ ਜਾ ਰਹੇ ਹਨ ਅਤੇ ਭੋਜਨ ਆਦਿ ਵੀ ਵੀ ਵਿਵਸਥਾ ਹੋਵੇਗੀ। ਭੋਜਨ ਤੇ ਪੀਣ ਵਾਲੇ ਪਦਾਰਥ ਫੀਸ ਲਈ ਖਰੀਦੇ ਜਾ ਸਕਦੇ ਹਨ। ਸਾਈਡ ’ਤੇ ਇਕ ਰਸੋਈ ਉਪਲੱਬਧ ਹੋਵੇਗੀ। ਜੇਕਰ ਵਿਸ਼ੇਸ਼ ਖਾਣ-ਪੀਣ ਦੀਆਂ ਚੀਜ਼ਾਂ ਦਾ ਆਰਡਰ ਦਿੱਤਾ ਜਾਂਦਾ ਹੈ ਤਾਂ ਵੱਖਰੀ ਫੀਸ ਦੇਣੀ ਪਵੇਗੀ।
---
50 ਯਾਤਰੀਆਂ ਦੇ ਬੈਠਣ ਲਈ ਦੀ ਸਹੂਲਤ ਹੋਵੇਗੀ
ਸਿਟੀ ਰੇਲਵੇ ਸਟੇਸ਼ਨ 'ਤੇ ਟਿਕਟ ਕਾਊਂਟਰਾਂ ਦੇ ਬਿਲਕੁਲ ਸਾਹਮਣੇ ਇਕ ਜਨਰਲ ਵੇਟਿੰਗ ਹਾਲ ਹੈ। ਇਸ ਤੋਂ ਇਲਾਵਾ ਸਟੇਸ਼ਨ ਸੁਪਰਡੈਂਟ ਤੇ ਕਮਰਸ਼ੀਅਲ ਮੈਨੇਜਰ ਇੰਸਪੈਕਟਰ ਵਿਚਾਲੇ ਦੋ ਰਿਜ਼ਰਵੇਸ਼ਨ ਟਿਕਟ ਵੇਟਿੰਗ ਹਾਲ ਹਨ, ਜੋ ਕਿ ਵੱਖਰੇ ਹਨ। ਇਹ ਸਾਰੇ ਗੈਰ-ਏਸੀ ਵੇਟਿੰਗ ਹਾਲ ਹਨ। ਹਾਲਾਂਕਿ ਪਲੇਟਫਾਰਮ ਨੰਬਰ ਇਕ ’ਤੇ ਪੁਰਾਣੇ ਤਨਖਾਹ ਦਫ਼ਤਰ ਦੀ ਜਗ੍ਹਾ 'ਤੇ ਬਣਾਇਆ ਜਾ ਰਿਹਾ ਨਵਾਂ ਵੇਟਿੰਗ ਹਾਲ ਪੂਰੀ ਤਰ੍ਹਾਂ ਏਅਰ-ਕੰਡੀਸ਼ਨਡ ਹੋਵੇਗਾ। ਇਥੇ 50 ਯਾਤਰੀਆਂ ਨੂੰ ਬਿਠਾਉਣ ਦੀ ਸਹਲੂਤ ਹੋਵੇਗੀ। ਮੋਬਾਈਲ ਅਤੇ ਲੈਪਟਾਪ ਚਾਰਜਰਾਂ ਦੀ ਸੁਵਿਧਾ ਵੀ ਮੁਹੱਈਆ ਹੋਵੇਗੀ।