ਗੋਲਾਬਾਰੀ ਕਰਨ ਦੇ ਮਾਮਲੇ ’ਚ ਫ਼ਰਾਰ ਮੁਲਜ਼ਮ ਗ੍ਰਿਫ਼ਤਾਰ
ਸੁਧੀਰ ਸਵੀਟ ਸ਼ਾਪ ਦੀ ਦੁਕਾਨ ’ਤੇ ਗੋਲਾਬਾਰੀ ਕਰਨ ਦੇ ਮਾਮਲੇ ’ਚ ਫਰਾਰ ਮੁਲਜ਼ਮ ਗ੍ਰਿਫਤਾਰ
Publish Date: Wed, 01 Apr 2026 07:16 PM (IST)
Updated Date: Wed, 01 Apr 2026 07:19 PM (IST)
-ਜੋਗਾ ਫੋਲੜੀਵਾਲ ਤੇ ਸੋਨੂ ਖੱਤਰੀ ਦੇ ਕਹਿਣ ’ਤੇ ਚਲਾਈਆਂ ਸਨ ਗੋਲ਼ੀਆਂ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸੀਆਈਏ ਸਟਾਫ ਦੀ ਪੁਲਿਸ ਨੂੰ ਉਸ ਵੇਲੇ ਇਕ ਵੱਡੀ ਸਫਲਤਾ ਹੱਥ ਲੱਗੀ, ਜਦੋਂ ਜੋਗਾ ਫੋਲੜੀਵਾਲ ਤੇ ਸੋਨੂ ਖੱਤਰੀ ਗਿਰੋਹ ਦੇ ਸ਼ੂਟਰ ਜਿਸ ਨੇ ਉਨ੍ਹਾਂ ਦੇ ਕਹਿਣ ’ਤੇ ਸੁਧੀਰ ਸਵੀਟ ਸ਼ਾਪ ਫਗਵਾੜਾ ਦੇ ਬਾਹਰ ਗੋਲੀਆਂ ਚਲਾਈਆਂ ਸਨ, ਨੂੰ ਖੁਫੀਆ ਸੂਚਨਾ ਦੇ ਆਧਾਰ ’ਤੇ ਗ੍ਰਿਫਤਾਰ ਕਰ ਲਿਆ। ਫੜੇ ਗਏ ਸ਼ੂਟਰ ਸਬੰਧੀ ਪਿਛਲੇ ਦਿਨੀਂ ਪੁਲਿਸ ਤੇ ਫਾਇਰਿੰਗ ਕਰਨ ਵਾਲੇ ਕੁਲਵੰਤ ਸਿੰਘ ਗੋਪਾ ਦੇ ਨਾਲ ਵੀ ਸਨ, ਜਿਸ ਕੋਲੋਂ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਪੁਲਿਸ ਵੱਲੋਂ ਉਸ ਨੂੰ ਕਾਬੂ ਕੀਤਾ ਗਿਆ ਹੈ। ਏਸੀਪੀ ਅਮਰਬੀਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਪੁਲਿਸ ਵੱਲੋਂ ਕੁਲਵੰਤ ਸਿੰਘ ਉਰਫ ਗੋਪਾ ਵਾਸੀ ਨਵਾਂਸ਼ਹਿਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਪੁਲਿਸ ਉਸ ਕੋਲੋਂ ਹਥਿਆਰ ਬਰਾਮਦ ਕਰਨ ਲਈ ਉਸ ਨੂੰ ਨਾਲ ਲੈ ਕੇ ਗਈ ਸੀ ਤਾਂ ਉਸ ਨੇ ਪੁਲਿਸ ਪਾਰਟੀ ’ਤੇ ਫਾਇਰਿੰਗ ਕਰ ਦਿੱਤੀ ਸੀ, ਜਿਸ ਤੋਂ ਬਾਅਦ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਸੁਰਿੰਦਰ ਕੁਮਾਰ ਕੰਬੋਜ ਦੀ ਅਗਵਾਈ ਹੇਠ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਕੁਲਵੰਤ ਸਿੰਘ ’ਤੇ ਗੋਲੀ ਚਲਾਈ ਸੀ। ਜੋ ਉਸ ਦੀ ਲੱਤ ’ਤੇ ਲੱਗੀ ਸੀ, ਇਸ ਮਗਰੋਂ ਉਸ ਨੂੰ ਕਾਬੂ ਕਰ ਲਿਆ ਗਿਆ ਸੀ। ਪੁਲਿਸ ਰਿਮਾਂਡ ਦੌਰਾਨ ਉਸ ਕੋਲੋਂ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਪੁਲਿਸ ਨੂੰ ਪਤਾ ਲੱਗਾ ਸੀ ਕਿ ਇਸ ਦਾ ਇਕ ਹੋਰ ਸਾਥੀ ਜਤਿੰਦਰ ਸਿੰਘ ਨੰਦੂ ਉਰਫ ਅਮਨ ਵਾਸੀ ਲਾਲਪੁਰ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਵੀ ਹੈ, ਜਿਸ ਨਾਲ ਮਿਲ ਕੇ ਉਸ ਨੇ ਫਗਵਾੜਾ ’ਚ ਪੈਂਦੀ ਸੁਧੀਰ ਸਵੀਟ ਸ਼ਾਪ ’ਤੇ ਗੋਲੀਆਂ ਚਲਾਈਆਂ ਸਨ। ਸੀਆਈਏ ਸਟਾਫ ਦੀ ਪੁਲਿਸ ਉਸ ਵੇਲੇ ਤੋਂ ਹੀ ਜਤਿੰਦਰ ਸਿੰਘ ਦੀ ਤਲਾਸ਼ ’ਚ ਲੱਗੀ ਹੋਈ ਸੀ। ਬੀਤੇ ਦਿਨੀਂ ਇੰਸਪੈਕਟਰ ਕੰਬੋਜ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਖੁਫੀਆ ਸੂਚਨਾ ਤੇ ਟੈਕਨੀਕਲ ਢੰਗ ਨਾਲ ਕੀਤੀ ਗਈ ਕਾਰਵਾਈ ਤੋਂ ਬਾਅਦ ਜਤਿੰਦਰ ਸਿੰਘ ਨੂੰ ਕਾਬੂ ਕਰ ਲਿਆ। ਉਨਾਂ ਦੱਸਿਆ ਕਿ ਪੁੱਛਗਿੱਛ ’ਚ ਜਤਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਜੋਗਾ ਫੋਲੜੀਵਾਲ ਤੇ ਸੋਨੂ ਖਤਰੀ ਜੋ ਵਿਦੇਸ਼ ’ਚ ਬੈਠੇ ਹੋਏ ਹਨ, ਦੇ ਕਹਿਣ ’ਤੇ ਗੋਲੀਆਂ ਚਲਾਈਆਂ ਸਨ। ਏਸੀਪੀ ਅਮਰਬੀਰ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਨੂੰ ਅਦਾਲਤ ’ਚੋਂ ਪੁਲਿਸ ਰਿਮਾਂਡ ’ਤੇ ਲੈ ਕੇ ਉਸ ਕੋਲੋਂ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਉਮੀਦ ਹੈ ਕਿ ਕਈ ਹੋਰ ਵਾਰਦਾਤਾਂ ਵੀ ਹੱਲ ਹੋਣਗੀਆਂ।