‘ਆਪ’ ਹਲਕਾ ਆਦਮਪੁਰ ਕੋਆਰਡੀਨੇਟਰ ਬਸਪਾ ’ਚ ਸ਼ਾਮਲ
ਆਪ ਦੇ ਹਲਕਾ ਆਦਮਪੁਰ ਕੋਆਰਡੀਨੇਟਰ ਬੂਟਾ ਸਿੰਘ ਪਤਾਰਾ ਸਾਥੀਆਂ ਸਮੇਤ ਬਸਪਾ ’ਚ ਸ਼ਾਮਲ
Publish Date: Mon, 06 Apr 2026 06:21 PM (IST)
Updated Date: Mon, 06 Apr 2026 06:22 PM (IST)

-ਪੰਜਾਬ ਦੇ ਲੋਕ ਬਸਪਾ ਨੂੰ ਚੰਗੇ ਬਦਲ ਦੇ ਰੂਪ ’ਚ ਦੇਖ ਰਹੇ ਹਨ : ਡਾ. ਅਵਤਾਰ ਸਿੰਘ ਕਰੀਮਪੁਰੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਅੱਜ ਇੱਥੇ ਪ੍ਰੈੱਸ ਕਲੱਬ ’ਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਸਪਾ ਵੱਲੋਂ ਸ਼ੁਰੂ ਕੀਤੀ ਗਈ ‘ਪੰਜਾਬ ਸੰਭਾਲੋ’ ਮੁਹਿੰਮ ਨੂੰ ਸੂਬੇ ਭਰ ਦੇ ਲੋਕਾਂ ਤੋਂ ਭਰਮਾ ਹੁੰਗਾਰਾ ਮਿਲ ਰਿਹਾ ਹੈ। ਬਸਪਾ ਨੂੰ ਸੱਤਾਧਾਰੀ ਧਿਰ ਆਪ ਦਾ ਇਕ ਚੰਗਾ ਤੇ ਮਜ਼ਬੂਤ ਬਦਲ ਦੇਖਦਿਆਂ ਅਲੱਗ-ਅਲੱਗ ਪਾਰਟੀਆਂ ਤੇ ਵਰਗਾਂ ਦੇ ਲੋਕ ਇਸ ਨਾਲ ਜੁੜ ਰਹੇ ਹਨ। ਇਸੇ ਲੜੀ ਤਹਿਤ ਹੀ ਆਪ ਦੇ ਵਿਧਾਨਸਭਾ ਹਲਕਾ ਆਦਮਪੁਰ ਤੋਂ ਹਲਕਾ ਕੋਆਰਡੀਨੇਟਰ ਰਹੇ ਤੇ ਬਲਾਕ ਪ੍ਰਧਾਨ ਬੂਟਾ ਸਿੰਘ ਪਤਾਰਾ ਨੇ ਸਾਥੀਆਂ ਸਮੇਤ ਆਪ ਨੂੰ ਛੱਡ ਕੇ ਬਸਪਾ ’ਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ। ਇਸ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਵੱਲੋਂ ਬੂਟਾ ਸਿੰਘ ਪਤਾਰਾ ਤੇ ਉਨ੍ਹਾਂ ਦੇ ਸਾਥੀਆਂ ਨੂੰ ਅੱਜ ਬਸਪਾ ’ਚ ਸ਼ਾਮਲ ਕੀਤਾ ਗਿਆ। ਇਸ ਮੌਕੇ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਬੂਟਾ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਬਸਪਾ ’ਚ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਕਿਸਾਨੀ ਖੇਤਰ ਨਾਲ ਸਬੰਧਤ ਬੂਟਾ ਸਿੰਘ ਪਤਾਰਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਸਾਥੀਆਂ ਸਮੇਤ ਆਪ ਨੂੰ ਸੱਤਾ ’ਚ ਲਿਆਉਣ ਲਈ ਬਹੁਤ ਸਖਤ ਮਿਹਨਤ ਕੀਤੀ ਹੈ, ਪਰ ਇਸਦੇ ਬਾਵਜੂਦ ਆਪ ਨੇ ਉਨ੍ਹਾਂ ਸਮੇਤ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਵਰਕਰਾਂ ਦੀ ਕੋਈ ਕਦਰ ਨਹੀਂ ਕੀਤੀ, ਜਦਕਿ ਬਸਪਾ ਸੂਬੇ ’ਚ ਆਪਣੇ ਮਜ਼ਬੂਤ ਕੇਡਰ ਰਾਹੀਂ ਪੰਜਾਬ ਦੇ ਸਰਬ ਸਮਾਜ ਦੀ ਬੇਹਤਰੀ ਲਈ ਕੰਮ ਕਰ ਰਹੀ ਹੈ। ਇਸ ਕਰਕੇ ਉਨ੍ਹਾਂ ਨੇ ਸਾਥੀਆਂ ਸਮੇਤ ਬਸਪਾ ਨਾਲ ਜੁੜਨ ਦਾ ਫੈਸਲਾ ਕੀਤਾ ਹੈ। ਇਸ ਮੌਕੇ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਬਸਪਾ ਵੱਲੋਂ ਦੁਆਬਾ ਖੇਤਰ ’ਚ ਪਾਰਟੀ ਦੇ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ ਦੇ ਜਨਮ ਦਿਨ ’ਤੇ 15 ਮਾਰਚ ਨੂੰ ਇਕ ਵਿਸ਼ਾਲ ਰੈਲੀ ਬਹਿਰਾਮ, ਹਲਕਾ ਬੰਗਾ ’ਚ ਕੀਤੀ ਗਈ ਸੀ ਤੇ ਹੁਣ ਮਾਲਵੇ ’ਚ ਰੈਲੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਬਸਪਾ ਵੱਲੋਂ ਮਾਲਵੇ ’ਚ 9 ਅਪ੍ਰੈਲ ਨੂੰ ਬੁਢਲਾਡਾ, 10 ਅਪ੍ਰੈਲ ਨੂੰ ਫਰੀਦਕੋਟ ਦੇ ਨਿਹਾਲ ਸਿੰਘ ਵਾਲਾ ’ਚ, 11 ਨੂੰ ਫਿਰੋਜ਼ਪੁਰ ਤੇ 14 ਅਪ੍ਰੈਲ ਨੂੰ ਮੁੱਖ ਮੰਤਰੀ ਪੰਜਾਬ ਦੇ ਹਲਕੇ ਧੂਰੀ ’ਚ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਇਸੇ ਦਿਨ ਹੀ ਤਲਵੰਡੀ ਸਾਬੋ ਵਿਖੇ ਵੀ ਰੈਲੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਸਪਾ ਨੂੰ ਪੰਜਾਬ ਦੇ ਲੋਕ ਬਦਲ ਦੇ ਰੂਪ ’ਚ ਦੇਖ ਰਹੇ ਹਨ ਤੇ ਬਸਪਾ 2027 ’ਚ ਲੋਕ ਵਿਰੋਧੀ ਆਪ ਨੂੰ ਬਦਲ ਕੇ ਪੰਜਾਬ ਦੇ ਲੋਕਾਂ ਨੂੰ ਲੋਕ ਪੱਖੀ ਇਕ ਚੰਗਾ ਪ੍ਰਬੰਧ ਦੇਵੇਗੀ। ਇਸ ਮੌਕੇ ’ਤੇ ਬਸਪਾ ਦੇ ਸੂਬਾ ਜਨਰਲ ਸਕੱਤਰ ਤੇ ਹਲਕਾ ਆਦਮਪੁਰ ਇੰਚਾਰਜ ਬਲਵਿੰਦਰ ਕੁਮਾਰ ਐਡਵੋਕੇਟ, ਸੂਬਾ ਦਫ਼ਤਰ ਸਕੱਤਰ ਜਸਵੰਤ ਰਾਏ, ਜ਼ਿਲ੍ਹਾ ਪ੍ਰਧਾਨ ਸਲਵਿੰਦਰ ਕੁਮਾਰ ਤੇ ਹੋਰ ਆਗੂ ਵੀ ਹਾਜ਼ਰ ਸਨ।