ਔਰਤਾਂ ’ਚ ਪਾੜਾ ਪਾਵੇਗਾ ਸਰਕਾਰ ਦਾ ਫ਼ੈਸਲਾ : ਬੋਲੀਨਾ
ਨੌਕਰੀਆ ਦੇਣ ਦੀ ਬਜਾਏ 1000-1500 ਰੁਪਏ ਦੇ ਕੇ ਸਮਾਜ 'ਚ ਪਾੜਾ ਪਾਵੇਗੀ ਆਪ ਸਰਕਾਰ - ਰਾਮ ਸਿੰਘ ਬੋਲੀਨਾ
Publish Date: Mon, 09 Mar 2026 09:02 PM (IST)
Updated Date: Mon, 09 Mar 2026 09:06 PM (IST)

ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਚ ਸੱਤਾ ਦਾ ਸੁੱਖ ਭੋਗ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚਾਰ ਸਾਲ ਬੀਤ ਜਾਣ ਦੇ ਬਾਅਦ ਹੁਣ ਪੰਜਾਬ ਦੀਆਂ ਔਰਤਾਂ ਲਈ ਇੱਕ ਹਜ਼ਾਰ ਰੁਪਏ ਤੇ ਐੱਸਸੀ ਔਰਤਾਂ ਲਈ 1500 ਰੁਪਏ ਦੇਣ ਦਾ ਨਵਾਂ ਲਾਅਰਾ ਲਗਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦਾ ਇਹ ਫੈਸਲਾ ਐੱਸਸੀ ਸਮਾਜ ਤੇ ਜਨਰਲ ਸਮਾਜ ਦੀਆਂ ਔਰਤਾਂ ਵਿਚਕਾਰ ਵਿਤਕਰਾ ਹੈ, ਜਿਸ ਨਾਲ ਸਰਕਾਰ ਸਮਾਜ ਚ ਪਾੜ ਪਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦਾ ਸੀਨੀਅਰ ਲੀਡਰ ਤੇ ਪੰਚਾਇਤ ਯੂਨੀਅਨ ਜਲੰਧਰ ਦੇ ਪ੍ਰਧਾਨ ਰਾਮ ਸਿੰਘ ਬੋਲੀਨਾ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਕੀਤਾ। ਰਾਮ ਸਿੰਘ ਬੋਲੀਨਾ ਨੇ ਕਿਹਾ ਕਿ ਸਰਕਾਰ 2027 ਦੀਆਂ ਵਿਧਾਨ ਸਭਾ ਚੋਣਾ ਨੇੜੇ ਆਉਂਦੀਆਂ ਵੇਖ ਆਪਣੀ ਡੱਬਦੀ ਬੇੜੀ ਨੂੰ ਆਖਰੀ ਸਹਾਰਾ ਦੇਣ ਲਈ ਹੁਣ ਸੂਬੇ ਦੀਆਂ ਸਾਡੀਆਂ ਭੈਣਾਂ ਨੂੰ ਭਰਮਾਉਣ ਚ ਲੱਗ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਪੰਜਾਬ ਦੀਆਂ ਔਰਤਾਂ ਲਈ ਫਿਕਰਮੰਦ ਹੈ ਤਾਂ ਆਪਣੇ ਵਾਅਦੇ ਮੁਤਾਬਿਕ 48000 ਰੁਪਏ ਭੈਣਾਂ ਦੇ ਖਾਤੇ ਚ ਪਾਵੇ। ਉਨ੍ਹਾਂ ਕਿਹਾ ਕਿ ਸਰਕਾਰ ਸੂਬੇ ਦੀਆਂ ਭੈਣਾਂ ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਪੈਸਿਆਂ ਦਾ ਲਾਲਚ ਦੇਣ ਚ ਵਿਅਸਤ ਹੋ ਗਈ ਹੈ। ਪੰਜਾਬ ਦੀਆਂ ਧੀਆਂ-ਭੈਣਾਂ ਮਾਈ ਭਾਗੋ ਦੀਆਂ ਵਾਰਸ ਹਨ ਸਰਕਾਰ ਇਨ੍ਹਾਂ ਨੂੰ ਦੋ-ਚਾਰ ਛਿੱਲੜਾਂ ਨਾਲ ਖਰੀਦਣ ਦੀ ਕੋਸ਼ਿਸ਼ ਨਾ ਕਰੇ।