ਸੂਬਾ ਸਰਕਾਰ ਦਲਿਤ ਵਿਰੋਧੀ : ਬਾਦਸ਼ਾਹਪੁਰ
ਆਪ ਸਰਕਾਰ ਦਲਿਤਾਂ ਨੂੰ ਦਬਾਉਣ ਦੀ ਮਾਨਸਿਕਤਾ ਨਾਲ ਕਰ ਰਹੀ ਕੰਮ
Publish Date: Thu, 26 Feb 2026 08:49 PM (IST)
Updated Date: Thu, 26 Feb 2026 08:52 PM (IST)
ਕਿਹਾ-ਜਲੰਧਰ ’ਚ ਧੱਕੇਸ਼ਾਹੀਆਂ ਦੀਆਂ ਕਈ ਘਟਨਾਵਾਂ ਵਾਪਰੀਆਂ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਬਹੁਜਨ ਸਮਾਜ ਪਾਰਟੀ (ਬਸਪਾ) ਦੇ ਜ਼ਿਲ੍ਹਾ ਇੰਚਾਰਜ ਕਮਲਦੀਪ ਬਾਦਸ਼ਾਹਪੁਰ ਨੇ ਕਿਹਾ ਕਿ ‘ਆਪ’ ਸਰਕਾਰ ’ਚ ਜਿੱਥੇ ਹੋਰਾਂ ਵਰਗਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਉੱਥੇ ਦਲਿਤਾਂ ਦਾ ਦਮਨ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਕੱਲੇ ਜਲੰਧਰ ’ਚ ਹੀ ‘ਆਪ’ ਸਰਕਾਰ ਦੇ ਚਾਰ ਸਾਲ ਦੇ ਕਾਰਜਕਾਲ ’ਚ ਦਲਿਤਾਂ ਖਿਲਾਫ ਸਰਕਾਰੀ ਧੱਕੇਸ਼ਾਹੀ ਦੀਆਂ ਕਈ ਘਟਨਾਵਾਂ ਹੋ ਚੁੱਕੀਆਂ ਹਨ। ਬਸਪਾ ਆਗੂ ਨੇ ਕਿਹਾ ਕਿ ‘ਆਪ’ ਵੱਲੋਂ ਸੱਤਾ ’ਚ ਆਉਂਦਿਆਂ ਹੀ ਸਭ ਤੋਂ ਪਹਿਲਾਂ ਜਲੰਧਰ ’ਚ ਦਲਿਤ ਵਿਦਿਆਰਥੀਆਂ 'ਤੇ ਲਾਠੀਚਾਰਜ ਕੀਤਾ ਗਿਆ। ਉਸ ਤੋਂ ਬਾਅਦ ਸਈਪੁਰ ’ਚ ਨਾਜਾਇਜ਼ ਰੂਪ ’ਚ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ। ਫਿਲੌਰ ਦੇ ਧੁਲੇਤਾ ਪਿੰਡ ’ਚ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਦੀਆਂ ਕੰਧਾਂ ਤੋੜੀਆਂ ਗਈਆਂ ਤੇ ਇਸ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਨਾਜਾਇਜ਼ ਤੌਰ ’ਚ ਗ੍ਰਿਫਤਾਰ ਕੀਤਾ ਗਿਆ। ਹੁਣ ਨਵਾਂ ਮਾਮਲਾ ਫਿਲੌਰ ਦੇ ਸੂਰਜਾ ਪਿੰਡ ’ਚ ਹੋਇਆ, ਜਿੱਥੇ ਪੁਲਿਸ ਵੱਲੋਂ ਦਲਿਤਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਜਲੰਧਰ ਦਿਹਾਤੀ ਪੁਲਿਸ ਨੇ ਖੁਦ ਹੀ ਹਾਈਵੇ 'ਤੇ ਟ੍ਰੈਫਿਕ ਰੋਕ ਕੇ ਦਲਿਤਾਂ 'ਤੇ ਝੂਠੇ ਹਾਈਵੇ ਰੋਕਣ ਦੇ ਪਰਚੇ ਕੀਤੇ ਤੇ ਡੀਜੀਪੀ ਪੱਧਰ 'ਤੇ ਜਾਂਚ ’ਚ ਪਰਚੇ ਰੱਦ ਹੋਣ ਤੋਂ ਬਾਅਦ ਵੀ 42 ਬੇਗੁਨਾਹਾਂ ਖ਼ਿਲਾਫ ਕੋਰਟ ’ਚ ਚਲਾਨ ਪੇਸ਼ ਕਰ ਦਿੱਤਾ ਗਿਆ। ਇਸੇ ਤਰ੍ਹਾਂ ਲੜਕੀਆਂ 'ਤੇ ਵੀ ਜਲੰਧਰ ਦਿਹਾਤੀ ਪੁਲਿਸ ਵੱਲੋਂ ਝੂਠੇ ਪਰਚੇ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਨਸ਼ੇ ਦੀ ਗ੍ਰਿਫ਼ਤ ’ਚ ਆਏ ਨੌਜਵਾਨਾਂ 'ਤੇ ਵੀ ਪਰਚੇ ਦਰਜ ਕੀਤੇ ਜਾ ਰਹੇ ਹਨ। ਸੂਬਾ ਸਰਕਾਰ ’ਚ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਰਾਹੀਂ ਦਲਿਤਾਂ ਨੂੰ ਲਗਾਤਾਰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਖਿਲਾਫ 27 ਫਰਵਰੀ ਨੂੰ ਡੀਸੀ ਦਫਤਰ ਜਲੰਧਰ ਅੱਗੇ ਪ੍ਰਦਰਸ਼ਨ ਕੀਤਾ ਜਾਵੇਗਾ।