ਉਚੇਰੀ ਸਿੱਖਿਆ ਲਈ ਰੂਸ ਗਿਆ ਨੌਜਵਾਨ ਠੱਗੀ ਦਾ ਸ਼ਿਕਾਰ ਹੋ ਕੇ ਆਰਮੀ ਵਿੱਚ ਹੋਇਆ ਭਰਤੀ

-ਯੂਕਰੇਨ ਸਰਹੱਦ ’ਚ ਫਸੇ ਨੌਜਵਾਨ ਦੇ ਪਰਿਵਾਰ ਵੱਲੋਂ ਸੰਤ ਸੀਚੇਵਾਲ ਨਾਲ ਮੁਲਾਕਾਤ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਰੂਸ-ਯੂਕਰੇਨ ਵਿਚਾਲੇ ਚੱਲ ਰਹੇ ਭਿਆਨਕ ਯੁੱਧ ਨੇ ਇੱਕ ਹੋਰ ਪਰਿਵਾਰ ਨੂੰ ਗੰਭੀਰ ਸੰਕਟ ਵਿੱਚ ਧੱਕ ਦਿੱਤਾ ਹੈ। ਪਟਿਆਲਾ ਦਾ ਹੋਣਹਾਰ 35 ਸਾਲਾ ਦੋ ਭੈਣਾਂ ਦਾ ਸਹਾਰਾ ਨੌਜਵਾਨ ਗਗਨਦੀਪ ਸਿੰਘ, ਜੋ ਉੱਚੀ ਸਿੱਖਿਆ ਦੇ ਸੁਪਨੇ ਲੈ ਕੇ ਰਸ਼ੀਆ ਗਿਆ ਸੀ, ਅੱਜ ਜੰਗ ਦੇ ਮੈਦਾਨ ਵਿੱਚ ਮੌਤ ਦੇ ਸਾਏ ਹੇਠ ਫਰੰਟਲਾਇਨ ਤੇ ਜੰਗ ਲੜਨ ਲਈ ਮਜਬੂਰ ਹੈ। ਇਸ ਦੁਖਦਾਈ ਹਾਲਾਤ ਨੇ ਉਸਦੇ ਪਰਿਵਾਰ ਨੂੰ ਗਹਿਰੇ ਦੁੱਖ ਅਤੇ ਚਿੰਤਾ ਵਿੱਚ ਧੱਕ ਦਿੱਤਾ ਹੈ। ਇਸ ਬਾਰੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖ ਕੇ ਗਗਨਦੀਪ ਦੀ ਸੁਰੱਖਿਅਤ ਭਾਰਤ ਵਾਪਸੀ ਲਈ ਅਪੀਲ ਕੀਤੀ ਗਈ ਹੈ। ਪੀੜਤ ਪਰਿਵਾਰ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਨਿਰਮਲ ਕੁਟੀਆ ’ਚ ਮੁਲਾਕਾਤ ਦੌਰਾਨ ਦੱਸਿਆ ਕਿ ਗਗਨਦੀਪ ਨੂੰ ਨੌਕਰੀ ਦਾ ਝਾਂਸਾ ਦੇ ਕੇ ਧੋਖੇ ਨਾਲ ਰਸ਼ੀਅਨ ਆਰਮੀ ਵਿੱਚ ਭਰਤੀ ਕਰਵਾ ਦਿੱਤਾ ਗਿਆ ਸੀ।
ਗਗਨਦੀਪ ਦੀ ਭੈਣ ਲਖਵਿੰਦਰ ਕੌਰ ਨੇ ਦੱਸਿਆ ਕਿ ਗਗਨਦੀਪ ਐਮ.ਏ ਕਰਨ ਤੋਂ ਬਾਅਦ ਜੂਨ 2025 ਵਿੱਚ ਉਚੇਰੀ ਸਿੱਖਿਆ ਲਈ ਸਟੱਡੀ ਵੀਜ਼ੇ ‘ਤੇ ਰਸ਼ੀਆ ਗਿਆ ਸੀ। ਸ਼ੁਰੂਆਤੀ ਕੁਝ ਮਹੀਨਿਆਂ ਤੱਕ ਉਹ ਪਰਿਵਾਰ ਨਾਲ ਲਗਾਤਾਰ ਸੰਪਰਕ ਵਿੱਚ ਰਿਹਾ ਪਰ ਸਤੰਬਰ 2025 ਤੋਂ ਬਾਅਦ ਉਸ ਦਾ ਸੰਪਰਕ ਘੱਟ ਹੋ ਗਿਆ। ਬਾਅਦ ਵਿੱਚ ਮਿਲੇ ਸੰਦੇਸ਼ਾਂ ਰਾਹੀਂ ਪਤਾ ਲੱਗਾ ਕਿ ਉਸ ਨੂੰ ਉਸ ਦੇ ਹੀ ਸਾਥੀ ਨੇ ਗਾਰਡ ਦੀ ਨੌਕਰੀ ਦਾ ਝਾਂਸਾ ਦੇ ਕੇ ਰਸ਼ੀਅਨ ਆਰਮੀ ’ਚ ਭਰਤੀ ਕਰਵਾ ਦਿੱਤਾ ਗਿਆ ਹੈ। ਲਖਵਿੰਦਰ ਕੌਰ ਨੇ ਦੱਸਿਆ ਗਗਨਦੀਪ ਪਿਛਲੇ ਲਗਭਗ 7 ਮਹੀਨਿਆਂ ਤੋਂ ਯੂਕਰੇਨ ਯੁੱਧ ਵਿੱਚ ਫਰੰਟਲਾਈਨ ‘ਤੇ ਜੰਗ ਲੜਨ ਲਈ ਮਜ਼ਬੂਰ ਹੈ, ਜਦਕਿ ਉਸ ਨੂੰ ਜੰਗ ਦੀ ਕੋਈ ਸਿਖਲਾਈ ਨਹੀਂ ਸੀ। ਉਸਦੇ ਸਾਥੀਆਂ ਦੀ ਮੌਤ ਹੋ ਚੁੱਕੀ ਹੈ। ਪਰਿਵਾਰ ਮੁਤਾਬਕ, ਇੱਕ ਹੋਣਹਾਰ ਵਿਦਿਆਰਥੀ ਦੇ ਹੱਥਾਂ ਵਿੱਚ ਕਲਮ ਦੀ ਥਾਂ ਬੰਦੂਕ ਦੇ ਦਿੱਤੀ ਗਈ ਹੈ।
ਪਰਿਵਾਰ ਨੇ ਇਹ ਵੀ ਦੱਸਿਆ ਕਿ ਗਗਨਦੀਪ ਹੀ ਘਰ ਦਾ ਇਕੱਲਾ ਸਹਾਰਾ ਹੈ, ਕਿਉਂਕਿ ਉਸਦੇ ਮਾਤਾ-ਪਿਤਾ ਅਤੇ ਇੱਕ ਭਰਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਸ ‘ਤੇ ਦੋ ਭੈਣਾਂ ਅਤੇ ਦਾਦੀ ਦੀ ਜ਼ਿੰਮੇਵਾਰੀ ਹੈ। ਨਾਲ ਆਏ ਇੱਕ ਹੋਰ ਪਰਿਵਾਰਕ ਮੈਂਬਰ ਜਗਤਾਰ ਸਿੰਘ ਨੇ ਦੱਸਿਆ ਕਿ ਆਖ਼ਰੀ ਵਾਰ ਗੱਲਬਾਤ ਦੌਰਾਨ ਗਗਨਦੀਪ ਨੇ ਉੱਥੇ ਦੇ ਬਹੁਤ ਹੀ ਖ਼ਤਰਨਾਕ ਹਾਲਾਤ ਬਾਰੇ ਦੱਸਿਆ ਸੀ, ਜਿੱਥੇ ਹਰ ਵੇਲੇ ਗੋਲੀਬਾਰੀ ਅਤੇ ਬੰਬ ਧਮਾਕੇ ਹੋ ਰਹੇ ਹਨ। ਭਾਸ਼ਾ ਦੀ ਸਮੱਸਿਆ ਕਾਰਨ ਉਸ ਤੋਂ ਜਬਰਦਸਤੀ ਦਸਤਖਤ ਵੀ ਕਰਵਾਏ ਗਏ। ਉਸ ਨੂੰ ਢੰਗ ਦਾ ਖਾਣਾ ਵੀ ਨਹੀਂ ਮਿਲ ਰਿਹਾ ਤੇ ਉਹ ਹਰ ਪਾਸੇ ਤਬਾਹੀ ਵੇਖ ਰਿਹਾ ਹੈ, ਜਿਨ੍ਹਾਂ ਦੀਆਂ ਵੀਡੀਓਜ਼ ਉਸਨੇ ਪਰਿਵਾਰ ਨਾਲ ਸਾਂਝੀਆਂ ਕੀਤੀਆਂ। ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਇਹ ਮਾਮਲਾ ਉਹ ਜਨਵਰੀ ਮਹੀਨੇ ਤੋਂ ਲਗਾਤਾਰ ਵਿਦੇਸ਼ ਮੰਤਰਾਲੇ ਕੋਲ ਉਠਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਭਾਰਤੀ ਦੂਤਾਵਾਸ ਵੱਲੋਂ ਵੀ ਗਗਨਦੀਪ ਦੀ ਰਿਹਾਈ ਲਈ ਯਤਨ ਜਾਰੀ ਹਨ। ਉਨ੍ਹਾਂ ਮੁੜ ਤੋਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਗੰਭੀਰ ਸਥਿਤੀ ਵਿੱਚ ਤੁਰੰਤ ਦਖਲ ਦਿੱਤਾ ਜਾਵੇ ਤੇ ਰੂਸ ਸਰਕਾਰ ਨਾਲ ਸੰਪਰਕ ਕਰਕੇ ਗਗਨਦੀਪ ਸਿੰਘ ਨੂੰ ਸੁਰੱਖਿਅਤ ਤਰੀਕੇ ਨਾਲ ਵਾਪਸ ਭਾਰਤ ਲਿਆਂਦਾ ਜਾਵੇ।