ਗਰਭਵਤੀ ਪਤਨੀ ਨੂੰ ਹਸਪਤਾਲ ਲੈ ਕੇ ਜਾ ਗਏ ਨੌਜਵਾਨ ਨੂੰ ਨਾਕੇ ’ਤੇ ਰੋਕਿਆ, ਹੰਗਾਮਾ
ਗਰਭਵਤੀ ਪਤਨੀ ਨੂੰ ਹਸਪਤਾਲ ਲੈ ਕੇ ਜਾ ਗਏ ਨੌਜਵਾਨ ਨੂੰ ਨਾਕੇ ’ਤੇ ਰੋਕਿਆ, ਹੰਗਾਮਾ
Publish Date: Thu, 09 Apr 2026 10:45 PM (IST)
Updated Date: Thu, 09 Apr 2026 10:47 PM (IST)
---ਨੌਜਵਾਨ ਨੇ ਪੁਲਿਸ ਮੁਲਾਜ਼ਮ ’ਤੇ ਲਗਾਏ ਸ਼ਰਾਬ ਪੀਣ ਦੇ ਦੋਸ਼
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਏਪੀਜੇ ਕਾਲਜ ਦੇ ਬਾਹਰ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਆਪਣੀ ਗਰਭਵਤੀ ਪਤਨੀ ਨੂੰ ਹਸਪਤਾਲ ਲੈ ਕੇ ਜਾ ਰਹੇ ਇਕ ਕਾਰ ਸਵਾਰ ਨੌਜਵਾਨ ਨੂੰ ਟ੍ਰੈਫਿਕ ਪੁਲਿਸ ਨੇ ਟ੍ਰੈਫਿਕ ਸਿਗਨਲ ਤੇ ਰੋਕਿਆ ਤੇ ਗੱਡੀ ਦੇ ਕਾਗਜਾਤ ਚੈੱਕ ਕਰਵਾਉਣ ਨੂੰ ਕਿਹਾ। ਜਦੋਂ ਨੌਜਵਾਨ ਨੇ ਪੁਲਿਸ ਮੁਲਾਜ਼ਮਾਂ ਨੂੰ ਪੁੱਛਿਆ ਕਿ ਉਨ੍ਹਾਂ ਨੇ ਉਸ ਦੀ ਕਾਰ ਕਿਉਂ ਰੋਕੀ ਹੈ ਤਾਂ ਉਨ੍ਹਾਂ ਨੇ ਉਸਨੂੰ ਦੱਸਿਆ ਕਿ ਉਸਨੇ ਸੀਟ ਬੈਲਟ ਨਹੀਂ ਲਗਾਈ ਹੋਈ ਸੀ। ਇਹ ਮੁੱਦਾ ਜਲਦੀ ਹੀ ਇਕ ਗਹਿਮਾ-ਗਹਿਮੀ ਬਹਿਸ ’ਚ ਬਦਲ ਗਿਆ। ਨੌਜਵਾਨ ਨੇ ਵਾਰ-ਵਾਰ ਪੁਲਿਸ ਨੂੰ ਬੇਨਤੀ ਕੀਤੀ ਕਿ ਉਹ ਸਿਰਫ਼ ਜੁਰਮਾਨਾ ਲਾਵੇ ਤੇ ਉਸਨੂੰ ਅੱਗੇ ਵਧਣ ਦੇਵੇ, ਇਹ ਦੱਸਦੇ ਹੋਏ ਕਿ ਉਸਦੀ ਪਤਨੀ ਨੂੰ ਬਹੁਤ ਦਰਦ ਹੋ ਰਿਹਾ ਹੈ। ਉਸ ਦੀ ਬੇਨਤੀ ਦੇ ਬਾਵਜੂਦ ਪੁਲਿਸ ਅਧਿਕਾਰੀਆਂ ਨੇ ਗੱਡੀ ਨੂੰ ਚੱਲਣ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਮੌਕੇ 'ਤੇ ਹੀ ਰੋਕ ਲਿਆ। ਨੌਜਵਾਨ ਨੇ ਕਿਹਾ ਕਿ ਉਸ ਨੇ ਪੁਲਿਸ ਨੂੰ ਸਥਿਤੀ ਦੀ ਗੰਭੀਰਤਾ ਨੂੰ ਸਮਝਣ ਦੀ ਕੋਸ਼ਿਸ਼ ’ਚ ਆਪਣੀ ਪਤਨੀ ਦੀਆਂ ਮੈਡੀਕਲ ਰਿਪੋਰਟਾਂ ਵੀ ਦਿਖਾਈਆਂ, ਹਾਲਾਂਕਿ ਅਧਿਕਾਰੀ ਉਸਦੇ ਦਸਤਾਵੇਜ਼ਾਂ ਦੀ ਜਾਂਚ ਕਰਨ 'ਤੇ ਅੜੇ ਰਹੇ ਤੇ ਉਸ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ। ਜਦੋਂ ਉਸ ਨੇ ਪੁਲਿਸ ਅਧਿਕਾਰੀਆਂ ਦੇ ਸਲੂਕ ਦੀ ਵੀਡੀਓ ਰਿਕਾਰਡਿੰਗ ਸ਼ੁਰੂ ਕੀਤੀ ਤਾਂ ਮੌਕੇ 'ਤੇ ਮੌਜੂਦ ਟ੍ਰੈਫਿਕ ਅਧਿਕਾਰੀ ਨੇ ਆਪਣੇ ਇਕ ਕਰਮਚਾਰੀ ਨੂੰ ਮੌਕੇ ਤੋਂ ਭੇਜ ਦਿੱਤਾ। ਇਸ ਤੋਂ ਬਾਅਦ ਇੰਚਾਰਜ ਅਧਿਕਾਰੀ ਨੇ ਟ੍ਰੈਫਿਕ ਬੂਥ ਨੂੰ ਬੰਦ ਕਰ ਦਿੱਤਾ ਤੇ ਘਟਨਾ ਸਥਾਨ ਤੋਂ ਵੀ ਚਲਾ ਗਿਆ। ਨੌਜਵਾਨ ਨੇ ਖੁਲਾਸਾ ਕੀਤਾ ਕਿ ਉਹ ਆਪਣੀ ਪਤਨੀ ਨੂੰ ਇਕ ਨਿੱਜੀ ਹਸਪਤਾਲ ਲੈ ਕੇ ਜਾ ਰਿਹਾ ਸੀ। ਉਸ ਨੇ ਪੁਲਿਸ ਤੋਂ ਮਦਦ ਲਈ ਬਹੁਤ ਮਿੰਨਤਾਂ ਕੀਤੀਆਂ ਪਰ ਕੋਈ ਵੀ ਉਸਦੀ ਮਦਦ ਲਈ ਨਹੀਂ ਆਇਆ। ਆਪਣਾ ਤਜਰਬਾ ਨੂੰ ਬਿਆਨ ਕਰਦੇ ਹੋਏ ਉਸ ਨੇ ਕਿਹਾ ਕਿ ਜੇ ਉਸਦੀ ਪਤਨੀ ਨੂੰ ਕੁਝ ਹੋਇਆ ਤਾਂ ਉਹ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਨੂੰ ਜਵਾਬਦੇਹ ਠਹਿਰਾਏਗਾ।