...ਤੇ ਜਦੋਂ ਡੀਐੱਸਪੀ ਨੇ ਖੁਦ ਚੋਰੀ ਦਾ ਸਾਮਾਨ ਲੱਭਿਆ
ਹਥਿਆਰ ਉਹ ਜੋ ਵੇਲੇ ਸਿਰ ਕੰਮ ਆਵੇ
Publish Date: Wed, 01 Apr 2026 11:42 PM (IST)
Updated Date: Wed, 01 Apr 2026 11:46 PM (IST)

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਇਸ ਨਗਰ ਦੇ ਵਾਰਡ ਨੰਬਰ ਚਾਰ ’ਚ ਪੈਂਦੀ ਦਲਿਤ ਬਸਤੀ ਜੋ ਡੁਮਾਣਾ ਵਜੋਂ ਵੀ ਜਾਣੀ ਜਾਂਦੀ ਹੈ, ਵਿਖੇ ਕੁੱਝ ਦਿਨ ਪਹਿਲਾਂ ਇਕ ਘਰ ’ਚ ਚੋਰੀ ਹੋ ਗਈ ਸੀ ਜਿਸ ਵਿਚ ਚੋਰਾਂ ਵੱਲੋਂ ਕਰੀਬਨ 10 ਤੋਲੇ ਸੋਨਾ ਅਤੇ ਇਨੀਂ ਹੀ ਚਾਂਦੀ ਦੇ ਗਹਿਣੇ ਚੋਰੀ ਕਰ ਲਏ ਗਏ ਸਨ । ਸਥਾਨਕ ਥਾਣੇ ਵਿਚ ਰਿਪੋਰਟ ਦਿੱਤੇ ਜਾਣ ਤੇ ਪੁਲਿਸ ਵੱਲੋਂ ਚੋਰਾਂ ਨੂੰ ਜਲਦੀ ਹੀ ਫੜ ਲੈਣ ਦਾ ਭਰੋਸਾ ਦਿੱਤਾ ਜਾ ਰਿਹਾ ਸੀ ਪਰ ਕੁਝ ਜੱਥੇਬੰਦੀਆਂ ਵੱਲੋਂ ਸਥਾਨਕ ਥਾਣੇ ਮੂਹਰੇ ਧਰਨਾ ਦਿੱਤਾ ਗਿਆ ਜਿਸ ਕਰਕੇ ਸੁਖਪਾਲ ਸਿੰਘ ਡੀਐੱਸਪੀ ਸ਼ਾਹਕੋਟ ਵੀ ਪਹੁੰਚੇ ਅਤੇ ਉਨ੍ਹਾਂ ਵੱਲੋਂ ਵੀ ਵਿਸ਼ਵਾਸ਼ ਦਿਵਾਇਆ ਗਿਆ ਕਿ ਚੋਰਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ ਅਤੇ ਉਹ ਆਪਣੀ ਸਰਕਾਰੀ ਗੱਡੀ ਵਿਚ ਸਵਾਰ ਹੋ ਕੇ ਚਲੇ ਗਏ। ਧਰਨਾਕਾਰੀ ਅਤੇ ਪੱਤਰਕਾਰ ਵੀ ਘਰੋਂ-ਘਰੀਂ ਚਲੇ ਗਏ ਅਤੇ ਪੰਜਾਬੀ ਜਾਗਰਣ ਦਾ ਪੱਤਰਕਾਰ ਹਾਲੇ ਰਸਤੇ ਵਿਚ ਹੀ ਸੀ ਕਿ ਪਿਛਲੇ ਪਾਸੇ ਤੋਂ ਬਹੁਤ ਕਾਹਲੀ ਵਿਚ ਆਏ ਦੋ ਜਣਿਆਂ ਨੇ ਕਿਹਾ ਕਿ ਸਕੂਟਰੀ ਦਿਉ ਅਤੇ ਸਕੂਟਰੀ ਸਵਾਰ ਨੇ ਪਿੱਛੇ ਮੁੜ ਕੇ ਵੇਖਿਆ ਕਿ ਉਹ ਤਾਂ ਡੀਐੱਸਪੀ ਹਨ ਅਤੇ ਪੱਤਰਕਾਰ ਨੇ ਓਨੀ ਹੀ ਜਲਦੀ ਨਾਲ ਸਕੂਟਰੀ ਦੇ ਦਿੱਤੀ। ਕੁੱਝ ਦੇਰ ਬਾਅਦ ਪੱਤਰਕਾਰ ਨੂੰ ਥਾਣੇ ਤੋਂ ਸਕੂਟਰੀ ਮਿਲੀ ਅਤੇ ਥਾਣੇ ਵਿਖੇ ਪਹੁੰਚਣ ਤੇ ਪਤਾ ਲੱਗਾ ਕਿ ਚੋਰੀ ਹੋਇਆ ਕੁਝ ਸਾਮਾਨ ਡੀ ਐੱਸ ਪੀ ਅਤੇ ਪੁਲਿਸ ਕਰਮੀਆਂ ਵੱਲੋਂ ਬਰਾਮਦ ਕੀਤਾ ਗਿਆ ਹੈ। ਨਗਰ ਦੀਆਂ ਤੰਗ ਗਲੀਆਂ ’ਚ ਕਾਰ ਜਾ ਨਹੀਂ ਸੀ ਸਕਦੀ, ਜਿਸ ਕਰ ਕੇ ਉਨ੍ਹਾਂ ਨੂੰ ਸਕੂਟਰੀ ’ਤੇ ਹੀ ਜਾਣਾ ਪਿਆ।