ਟਰੱਕ ਤੇ ਕਾਰ ਭਿੜੇ, ਦੋਵਾਂ ਧਿਰਾਂ ’ਚ ਰਾਜ਼ੀਨਾਮਾ
ਟਰੱਕ ਤੇ ਕਾਰ ਦੀ ਜ਼ਬਰਦਸਤ ਟੱਕਰ, ਜਾਨੀ ਨੁਕਸਾਨ ਤੋਂ ਬਚਾਅ
Publish Date: Tue, 10 Mar 2026 06:49 PM (IST)
Updated Date: Tue, 10 Mar 2026 06:51 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, : ਜਲੰਧਰ–ਪਠਾਨਕੋਟ ਨੈਸ਼ਨਲ ਹਾਈਵੇ ’ਤੇ ਅੱਡਾ ਕਿਸ਼ਨਗੜ੍ਹ ਨੇੜੇ ਟਰੱਕ ਤੇ ਕਾਰ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਕਾਰ ਕਾਫ਼ੀ ਨੁਕਸਾਨੀ ਗਈ। ਮਿਲੀ ਜਾਣਕਾਰੀ ਅਨੁਸਾਰ ਰਾਹਗੀਰਾਂ ਵੱਲੋਂ ਦਿੱਤੀ ਸੂਚਨਾ ’ਤੇ ਐੱਸਐੱਸਐੱਫ ਦੀ ਟੀਮ ਮੌਕੇ ’ਤੇ ਪਹੁੰਚੀ। ਟੀਮ ਨੇ ਦੱਸਿਆ ਕਿ ਟਰੱਕ ਨੰਬਰ ਪੀਬੀ-05-ਏਪੀ-8989 ਜਲੰਧਰ ਵੱਲੋਂ ਆ ਰਿਹਾ ਸੀ, ਜਿਸ ਨੂੰ ਰਘੂਰਾਜ ਪੁੱਤਰ ਪ੍ਰੇਮ ਕੁਮਾਰ ਸ਼ਰਮਾ ਵਾਸੀ ਕਿੰਮਾਂਵਾਲਾ, ਫਤਿਹਸਿੰਘ ਕਾਲੋਨੀ (ਅੰਮ੍ਰਿਤਸਰ) ਚਲਾ ਰਿਹਾ ਸੀ। ਇਸ ਦੌਰਾਨ ਕਾਰ ਨੰਬਰ ਪੀਬੀ-08-ਐੱਫਜੀ-9070 ਕਿਸ਼ਨਗੜ੍ਹ ਚੌਕ ਤੋਂ ਭੋਗਪੁਰ ਵੱਲ ਜਾਣ ਲਈ ਹਾਈਵੇ ’ਤੇ ਚੜ੍ਹੀ, ਜਿਸ ਨਾਲ ਟਰੱਕ ਤੇ ਕਾਰ ਦੀ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ਦੌਰਾਨ ਕਿਸੇ ਨੂੰ ਵੀ ਸੱਟ ਨਹੀਂ ਲੱਗੀ ਪਰ ਕਾਰ ਨੂੰ ਭਾਰੀ ਨੁਕਸਾਨ ਪੁੱਜਾ। ਐੱਸਐੱਸਐੱਫ ਦੀ ਟੀਮ ਨੇ ਨੈਸ਼ਨਲ ਹਾਈਵੇ ਅਥਾਰਟੀ ਦੀ ਮਦਦ ਨਾਲ ਕਰੇਨ ਮੰਗਵਾ ਕੇ ਨੁਕਸਾਨੀ ਕਾਰ ਨੂੰ ਟੋ ਕਰਵਾ ਕੇ ਸੜਕ ਤੋਂ ਹਟਾਇਆ ਤੇ ਆਵਾਜਾਈ ਨੂੰ ਸੁਚਾਰੂ ਕੀਤਾ। ਐੱਸਐੱਸਐੱਫ ਟੀਮ ਦੇ ਮੁਲਾਜ਼ਮਾਂ ਮੁਤਾਬਕ ਹਾਦਸੇ ਸਬੰਧੀ ਦੋਵਾਂ ਧਿਰਾਂ ਵੱਲੋਂ ਆਪਸੀ ਸਹਿਮਤੀ ਨਾਲ ਰਾਜ਼ੀਨਾਮਾ ਕਰ ਲਿਆ ਗਿਆ ਹੈ।