ਜੰਡਿਆਲਾ ’ਚ ਸਰ੍ਹੋਂ ਦੀ ਕਾਸ਼ਤ ਸਬੰਧੀ ਦੋ ਦਿਨਾਂ ਟ੍ਰੇਨਿੰਗ ਕੈਂਪ ਲਾਇਆ
ਜੰਡਿਆਲਾ ਵਿਖੇ ਸਰੋਂ ਦੀ ਕਾਸ਼ਤ ਸਬੰਧੀ ਦੋ ਦਿਨਾਂ ਟ੍ਰੇਨਿੰਗ ਕੈਂਪ ਲਗਾਇਆ
Publish Date: Sat, 10 Jan 2026 06:33 PM (IST)
Updated Date: Sun, 11 Jan 2026 04:09 AM (IST)

ਸੰਗੀਤਾ ਸ਼ਰਮਾ, ਪੰਜਾਬੀ ਜਾਗਰਣ, ਜੰਡਿਆਲਾ ਮੰਜਕੀ : ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵੱਲੋਂ ਡਾ. ਜਸਵਿੰਦਰ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਦੀ ਪ੍ਰਧਾਨਗੀ ਹੇਠ ਨੈਸ਼ਨਲ ਮਿਸ਼ਨ ਆਨ ਐਡੀਬਲ ਆਇਲ ਸਕੀਮ ਤਹਿਤ ਬਲਾਕ ਰੁੜਕਾ ਕਲਾਂ ਦੇ ਪਿੰਡ ਜੰਡਿਆਲਾ ਵਿਖੇ ਸਰੋਂ ਦੀ ਕਾਸ਼ਤ ਸਬੰਧੀ ਦੋ ਦਿਨਾਂ ਟ੍ਰੇਨਿੰਗ ਕੈਂਪ ਲਗਾਇਆ ਗਿਆ। ਇਸ ਮੌਕੇ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਸਰੋਂ ਪੰਜਾਬ ਦੀ ਇਕ ਮੁੱਖ ਤੇਲ ਬੀਜ ਫ਼ਸਲ ਹੈ ਤੇ ਮੌਜੂਦਾ ਸਮੇਂ ’ਚ ਬਾਜ਼ਾਰ ’ਚ ਮਿਲ ਰਹੇ ਤੇਲ ’ਚ ਮਿਲਾਵਟ ਵਧ ਰਹੀ ਹੈ। ਇਸ ਲਈ ਕਿਸਾਨਾਂ ਨੂੰ ਸਰੋਂ ਹੇਠ ਰਕਬਾ ਵਧਾ ਕੇ ਤੇਲ ਬੀਜਾਂ ਦੀ ਖੁਦ ਪ੍ਰੋਸੈਸਿੰਗ ਵੱਲ ਧਿਆਨ ਦੇਣਾ ਚਾਹੀਦਾ ਹੈ, ਜਿਸ ਨਾਲ ਨਾ ਸਿਰਫ਼ ਵੱਧ ਮੁਨਾਫ਼ਾ ਮਿਲੇਗਾ ਸਗੋਂ ਸਿਹਤ ਪੱਖੋਂ ਵੀ ਲਾਭ ਹੋਵੇਗਾ। ਜ਼ਿਲ੍ਹਾ ਜਲੰਧਰ ਤੋਂ ਖੇਤੀਬਾੜੀ ਅਫ਼ਸਰ ਡਾ. ਜਸਬੀਰ ਸਿੰਘ ਨੇ ਕਿਸਾਨਾਂ ਨੂੰ ਸਮੇਂ ਦੇ ਨਾਲ ਖੁਦ ’ਚ ਬਦਲਾਅ ਲਿਆਉਂਦਿਆਂ ਆਧੁਨਿਕ ਪ੍ਰੋਸੈਸਿੰਗ ਤੇ ਮਾਰਕੀਟਿੰਗ ਨਾਲ ਜੁੜਨ ਲਈ ਉਤਸ਼ਾਹਤ ਕੀਤਾ। ਉਨ੍ਹਾਂ ਨੇ ਕਣਕ-ਝੋਨੇ ਦੇ ਫ਼ਸਲੀ ਚੱਕਰ ਤੋਂ ਬਾਹਰ ਨਿਕਲ ਕੇ ਹੋਰ ਫ਼ਸਲਾਂ ਉਗਾਉਣ ਤੇ ਬੇਲੋੜੀ ਖਾਦਾਂ ਤੇ ਦਵਾਈਆਂ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ। ਕ੍ਰਿਸ਼ੀ ਵਿਗਿਆਨ ਕੇਂਦਰ ਨੂਰਮਹਿਲ ਤੋਂ ਡਿਪਟੀ ਡਾਇਰੈਕਟਰ ਤੇ ਕੀਟ ਵਿਗਿਆਨੀ ਡਾ. ਸੰਜੀਵ ਕੁਮਾਰ ਕਟਾਰੀਆ ਨੇ ਤੇਲ ਬੀਜ ਫ਼ਸਲਾਂ ਦੀਆਂ ਬਿਮਾਰੀਆਂ ਤੇ ਕੀੜੇ-ਮਕੌੜਿਆਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ, ਜਦਕਿ ਫ਼ਸਲ ਵਿਗਿਆਨੀ ਡਾ. ਪ੍ਰਭਜੀਤ ਕੌਰ ਨੇ ਸਰੋਂ ਦੀ ਕਾਸ਼ਤ ਤੇ ਨਦੀਨਾਂ ਦੀ ਰੋਕਥਾਮ ਸਬੰਧੀ ਵਿਸਥਾਰ ਨਾਲ ਦੱਸਿਆ। ਐੱਫਪੀਓ ਰੁੜਕਾ ਕਲਾਂ ਦੇ ਮੈਂਬਰ ਨਵਜੋਤ ਕੌਰ ਤੇ ਵਿਕਰਾਂਤ ਸਿੰਘ ਨੇ ਸਰੋਂ ਦੀ ਮਾਰਕੀਟਿੰਗ ਬਾਰੇ ਜਾਣਕਾਰੀ ਦਿੱਤੀ ਤੇ ਸਰੋਂ ਦੇ ਤੇਲ ਦੀ ਪੈਕਿੰਗ ਸਬੰਧੀ ਪ੍ਰਦਰਸ਼ਨੀ ਵੀ ਲਗਾਈ। ਇਸ ਦੌਰਾਨ ਡਾ. ਗੁਰਦੀਪ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ ਨੇ ਮਿੱਟੀ ਦੀ ਪਰਖ ਤੇ ਡਾ. ਅਨੀਸ਼ ਚੰਦਰ ਨੇ ਖਾਦਾਂ ਦੀ ਸੁਚੱਜੀ ਵਰਤੋਂ ਬਾਰੇ ਜਾਣਕਾਰੀ ਸਾਂਝੀ ਕੀਤੀ। ਟ੍ਰੇਨਿੰਗ ਦੌਰਾਨ ਕਿਸਾਨਾਂ ਨਾਲ ਖੇਤਾਂ ’ਚ ਜਾ ਕੇ ਸਰੋਂ ਦੀ ਫ਼ਸਲ ਦੀ ਜਾਂਚ ਕੀਤੀ ਗਈ ਤੇ ਖੇਤੀ ਸੰਬੰਧੀ ਸਲਾਹ-ਮਸ਼ਵਰਾ ਕੀਤਾ ਗਿਆ। ਅੰਤ ’ਚ ਡਾ. ਰਮਨਦੀਪ, ਖੇਤੀਬਾੜੀ ਵਿਕਾਸ ਅਫ਼ਸਰ ਰੁੜਕਾ ਕਲਾਂ ਨੇ ਸਾਰੇ ਆਏ ਅਧਿਕਾਰੀਆਂ ਤੇ ਕਿਸਾਨਾਂ ਦਾ ਧੰਨਵਾਦ ਕਰਦਿਆਂ ਟ੍ਰੇਨਿੰਗ ਕੈਂਪ ਦੀ ਸਮਾਪਤੀ ਕੀਤੀ।