ਪ੍ਰਕਾਸ਼ ਦਿਹਾੜੇ ਮੌਕੇ 2 ਦਿਨਾ ਸਮਾਗਮ ਸੰਪੰਨ
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ’ਤੇ ਦੋ ਦਿਨਾ ਸਮਾਗਮ ਸੰਪੰਨ
Publish Date: Sat, 03 Jan 2026 08:58 PM (IST)
Updated Date: Sun, 04 Jan 2026 04:14 AM (IST)

ਸੁਰਜੀਤ ਸਿੰਘ ਜੰਮੂ , ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਦੋ ਰੋਜ਼ਾ 39ਵਾਂ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ। ਇਸ ਮੌਕੇ ਸਜਾਏ ਗਏ ਦੀਵਾਨ ਵਿਚ ਢਾਡੀ ਜਥਿਆਂ, ਕੀਰਤਨੀ ਜਥਿਆਂ ਤੇ ਕਥਾਵਾਚਕ ਸੰਤਾਂ-ਮਹਾਪੁਰਸ਼ਾਂ ਵੱਲੋਂ ਗੁਰਬਾਣੀ ’ਤੇ ਆਧਾਰਿਤ ਕਥਾ ਵਿਚਾਰਾਂ ਕੀਤੀਆਂ ਗਈਆਂ ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਲਈ ਬੇਨਤੀਆਂ ਕੀਤੀਆਂ ਗਈਆਂ। ਇਸ ਮੌਕੇ ਭਾਈ ਭਾਰਤ ਸਿੰਘ ਜੀ (ਜਵੱਦੀ ਟਕਸਾਲ) ਨੇ ਤੰਤੀ ਸਾਜ਼ਾਂ ਨਾਲ ਕੀਰਤਨ ਕਰ ਕੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ, ਜਦਕਿ ਪ੍ਰੋ. ਜਗਰੂਪ ਸਿੰਘ ਜੀ ਰੂਪ ਖ਼ਾਲਸਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੇ ਭਾਈ ਸਿਮਰਨਜੀਤ ਸਿੰਘ ਹਜ਼ੂਰ ਸਾਹਿਬ ਵਾਲਿਆਂ ਦੇ ਜਥੇ ਨੇ ਕੀਰਤਨ ਕਰਦਿਆਂ ਕਥਾ ਵੀ ਕੀਤੀ ਤੇ ਹਮੇਸ਼ਾ ਗੁਰਬਾਣੀ ਦੀ ਓਟ ਲੈਣ ਦੀਆਂ ਬੇਨਤੀਆਂ ਵੀ ਕੀਤੀਆਂ। ਗਿਆਨੀ ਜੰਗ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ ਦੇ ਕੀਰਤਨੀ ਜਥੇ ਵੱਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਦੀ ਕਥਾ ਸਰਵਣ ਕਰਵਾਉਂਦਿਆਂ ਉਨ੍ਹਾਂ ਦੀ ਬਹਾਦਰੀ ਦੀਆਂ ਕਥਾਵਾਂ ਦਾ ਵਰਨਣ ਕੀਤਾ ਗਿਆ। ਇਸ ਮਹਾਨ ਕੀਰਤਨ ਦਰਬਾਰ ਦੇ ਦੂਸਰੇ ਦਿਨ ਪ੍ਰਬੰਧਕਾਂ ਵੱਲੋਂ ਉਨ੍ਹਾਂ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ, ਜਿਨ੍ਹਾਂ ਨੇ ਸਜਾਏ ਗਏ ਨਗਰ ਕੀਰਤਨ ਤੇ ਕੀਰਤਨ ਦਰਬਾਰ ’ਚ ਸ਼ਮੂਲੀਅਤ ਕਰਦੇ ਹੋਏ ਪੂਰਨ ਸਹਿਯੋਗ ਦਿੱਤਾ। ਇਸ ਮੌਕੇ ਮੌਜੂਦ ਸੰਗਤਾਂ ’ਚ ਜਥੇਦਾਰ ਗੁਰਨਾਮ ਸਿੰਘ ਖ਼ਾਲਸਾ, ਸਾਹਬੀ ਖ਼ਾਲਸਾ, ਦਵਿੰਦਰ ਸਿੰਘ ਬਿੱਲਾ, ਜਤਿੰਦਰ ਪਾਲ ਚੀਨੂੰ, ਭਾਈ ਅੰਮ੍ਰਿਤਪਾਲ ਸਿੰਘ ਹੈੱਡ ਗ੍ਰੰਥੀ, ਅਵਤਾਰ ਸਿੰਘ ਚੰਦੀ, ਜਤਿੰਦਰ ਸਿੰਘ ਖਾਲਸਾ, ਹਰਜਿੰਦਰ ਸਿੰਘ, ਅਮਰਜੀਤ ਸਿੰਘ ਆਹੂਜਾ, ਮਨਜੀਤ ਸਿੰਘ ਮਰੋਕ, ਸਲਿੰਦਰਪਾਲ ਸਿੰਘ, ਮਹਿੰਦਰ ਸਿੰਘ, ਤਰਸੇਮ ਸਿੰਘ ਚੰਦੀ, ਸਤਨਾਮ ਸਿੰਘ ਪੇਟੀਆਂ ਵਾਲਿਆਂ ਤੋਂ ਇਲਾਵਾ ਵੱਡੀ ਗਿਣਤੀ ’ਚ ਬੀਬੀਆਂ ਤੇ ਬੱਚੇ ਵੀ ਸੰਗਤਾਂ ‘ਚ ਹਾਜ਼ਰ ਸਨ। ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਿਆ•।